ਅਲੀ ਰਾਜਪੁਰਾ
“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਵਲੋਂ ਖੋਜ ਕਰ ਕੇ ਤਿਆਰ ਕੀਤੀ ਗਈ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਲੇਖਕ ਹੁਣ ਤੱਕ 19 ਪੁਸਤਕਾਂ ਲਿਖ ਚੁੱਕਾ ਹੈ। ਅਸੀਂ ਸੁਹਿਰਦ ਪਾਠਕਾਂ ਲਈ “ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੂੰ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਾਪਣ ਦੀ ਖੁਸ਼ੀ ਲੈ ਰਹੇ ਹਾਂ। ਇਸ ਅੰਕ ਵਿੱਚ ਸਾਈਂ ਮੀਆਂ ਮੀਰ ਜੀ ਦਾ ਵੇਰਵਾ ਹੈ, ਜਿਸ ਦਾ ਪਹਿਲਾ ਹਿੱਸਾ ਪਿਛਲੇ ਅੰਕ ਵਿੱਚ ਛਾਪ ਚੁਕੇ ਹਾਂ। ਪੇਸ਼ ਹੈ, ਇਸ ਲੇਖ ਦਾ ਦੂਜਾ ਹਿੱਸਾ…
-ਭਾਗ ਦੂਜਾ-
ਤਵਾਰੀਖ ਗੁਰੂ ਖ਼ਾਲਸਾ ਦੇ ਲੇਖਕ ਗਿਆਨੀ ਗਿਆਨ ਸਿੰਘ ਆਪਣੇ ਦੂਜੇ ਗ੍ਰੰਥ ‘ਪੰਥ ਪ੍ਰਕਾਸ਼’ ਵਿੱਚ ਵਿਸਤ੍ਰਿਤ ਵੇਰਵਾ ਦਿੰਦਿਆਂ ਲਿਖਦੇ ਹਨ ਕਿ ਹਰਿਮੰਦਰ ਸਹਿਬ ਦੀ ਨੀਂਹ ਸਾਈਂ ਮੀਰ ਜੀ ਦੇ ਮੁਬਾਰਕ ਹੱਥਾਂ ਤੋਂ ਰਖਵਾਈ ਗਈ ਹੈ। ਇਸ ਸਬੰਧ ਵਿੱਚ ਕੁਝ ਇਸ ਤਰ੍ਹਾਂ ਦੱਸਦੇ ਹਨ, “ਜਦੋਂ ਮੀਰ ਜੀ ਨੇ ਨੀਂਹ ਪੱਥਰ ਰੱਖਿਆ ਤਾਂ ਉਹ ਕੁਝ ਟੇਢਾ ਹੋ ਗਿਆ ਸੀ ਤੇ ਮਿਸਤਰੀ ਨੇ ਉਸ ਨੂੰ ਚੁੱਕ ਕੇ ਸਿੱਧਾ ਕਰ ਦਿੱਤਾ ਸੀ।” ਉਹ ਵੇਖਦਿਆਂ ਗੁਰੂ ਜੀ ਨੇ ਕਿਹਾ, “ਤੁਸੀਂ ਇਹ ਠੀਕ ਨਹੀਂ ਕੀਤਾ, ਇਸ ਪੱਥਰ ਨੂੰ ਚੁੱਕਣਾ ਨਹੀਂ ਸੀ ਚਾਹੀਦਾ। ਜਿਸ ਵੇਲ਼ੇ ਮੀਆਂ ਜੀ ਨੇ ਇਸ ਨੂੰ ਜਿਸ ਵੀ ਥਾਂ ’ਤੇ ਰੱਖਿਆ ਸੀ, ਉਹ ਘੜੀ ਅਤੇ ਉਹ ਥਾਂ ਦੋਵੇਂ ਮੁਬਾਰਕ (ਸ਼ੁਭ) ਸਨ। ਤੁਸੀਂ ਉਸ ਵਿੱਚ ਵਿਘਨ ਪਾ ਦਿੱਤਾ ਹੈ। ਹੁਣ ਭਵਿੱਖ ਵਿੱਚ ਕਿਸੇ ਵੇਲ਼ੇ ਇਹ ਜ਼ਰੂਰ ਗਿਰਾ ਦਿੱਤਾ ਜਾਵੇਗਾ ਅਤੇ ਸਿੱਖ ਮੁੜ ਇਸ ਦੀ ਉਸਾਰੀ ਕਰਨਗੇ।” ਗਿਆਨੀ ਜੀ ਦੇ ਮੂਲ ਸ਼ਬਦ ਕੁਝ ਇਸ ਤਰ੍ਹਾਂ ਸਨ,
ਸੰਮਤ ਸੋਲਾਂ ਸੈ ਇਕਤਾਲੀ। ਮੈਂ, ਮੰਦਰ ਰਚਾ ਬਿਸਾਲੀ।
ਮੀਆਂ ਮੀਰ ਤੇ ਨੀਊ ਰਖਾਈ। ਕਾਰੀਗਰ ਪਲਟਿ ਕਰਿ ਲਾਈ।
ਯਹਿ ਪਿਖਿ ਪੁਨ ਗੁਰੂ ਯੋ ਬਚਨ ਕਹੇ। ਧਰੀ ਤੁਰਕ ਕੀ ਨੀਉ ਨ ਰਹੇ।
ਏਕ ਬਾਰ ਜਰ ਤੈ ਉਡ ਜੈ ਹੈ। ਪੁਨ ਸਿੱਖਨ ਕਰ ਤੈ ਦਿਢ ਹਵੈ ਹੈ।
‘ਪੰਥ ਪ੍ਰਕਾਸ਼’ ਦੇ ਸੰਪਾਦਕ ਗਿਆਨੀ ਕ੍ਰਿਪਾਲ ਜੀ ਇਸ ਦੇ ਸੰਦਰਭ ਵਿੱਚ ਟਿੱਪਣੀ ਕਰਦਿਆਂ ਕਹਿੰਦੇ ਹਨ ਕਿ ਸ਼ਾਇਦ ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਸਾਈਂ ਮੀਆਂ ਮੀਰ ਜੀ ਨੇ ਨਹੀਂ ਰੱਖਿਆ, ਸਗੋਂ ਗੁਰੂ ਅਰਜਨ ਦੇਵ ਜੀ ਨੇ ਆਪ ਰੱਖਿਆ ਸੀ। ਜਿਵੇਂ, ਗੁਰੂ ਪ੍ਰਤਾਪ ਸੂਰਜ ਗ੍ਰੰਥ (ਰਾਸ 2 ਅੰ: 53, ਅੰ: 13 ਤੋਂ 19) ਦੇ ਵਿਵਰਣ ਤੋਂ ਪਤਾ ਲੱਗਦਾ ਹੈ ਕਿ ਨੀਂਹ ਦੀ ਇੱਟ ਗੁਰੂ ਸਾਹਿਬ ਨੇ ਆਪ ਰੱਖੀ ਸੀ, ਜਿਸ ਨੂੰ ਕਾਰੀਗਰ ਨੇ ਚੁੱਕ ਸਿੱਧਾ ਕਰਕੇ ਰੱਖਿਆ ਸੀ। ਜਿਸ ’ਤੇ ਗੁਰੂ ਜੀ ਨੇ ਕਿਹਾ ਕਿ ਇਹ ਮੰਦਰ ਇੱਕ ਵਾਰ ਗਿਰ ਕੇ ਫੇਰ ਬਣੇਗਾ ਤੇ ਦੂਜੀ ਵਾਰ ਇਸ ਦੀ ਉਸਾਰੀ ਮੇਰੇ ਸਿੱਖ ਕਰਨਗੇ। ਡਾ. ਮਦਨਜੀਤ ਕੌਰ ਵੀ ਇਸ ਗੱਲ ਉੱਤੇ ਜ਼ੋਰ ਦਿੰਦੇ ਹਨ ਕਿ ਭਾਈ ਕਾਨ੍ਹ ਸਿੰਘ ਨਾਭਾ, ਐਮ.ਏ. ਮੈਕਾਲਿਫ, ਗੰਡਾ ਸਿੰਘ ਅਤੇ ਤੇਜਾ ਸਿੰਘ ਆਦਿ ਇਤਿਹਾਸਕਾਰ ਇਸ ਵਿਚਾਰ ਨਾਲ ਸਹਿਮਤ ਹਨ। ਉਨ੍ਹਾਂ ਅਨੁਸਾਰ ਸਾਈਂ ਮੀਆਂ ਮੀਰ ਜੀ ਦੇ ਹੱਥੀਂ ਨੀਂਹ ਪੱਥਰ ਰਖਵਾਉਣ ਦਾ ਸਭ ਤੋਂ ਪਹਿਲਾ ਲਿਖਤੀ ਹਵਾਲਾ, “ਠਹੲ ਫੁਨਜਅਬ ਂੋਟੲਸ ਅਨਦ ਥੁੲਰਇਸ” ਵਿੱਚ ਮਿਲਦਾ ਹੈ, ਜਿਸ ਵਿੱਚ ਇਹ ਐਂਟਰੀ ਓ। ਂਚਿਹੋਲਲ, (Sੲਚਰੲਟਅਰੇ ੁੰਨਚਿਪਿਅਲ ਛੋਮਮਟਿਟੲੲ, ੳਮਰਟਿਸਅਰ) ਨੇ ਬਿਨਾ ਕਿਸੇ ਸਬੂਤ ਦੇ ਪਾ ਦਿੱਤੀ ਸੀ। ਇਸ ਨੂੰ ਬਾਅਦ ਵਾਲ਼ੀਆਂ ਸਿੱਖ ਰਵਾਇਤਾਂ ਨੇ ਜਿਉਂ ਦਾ ਤਿਉਂ ਹੀ ਕਬੂਲ ਕਰ ਲਿਆ ਸੀ, ਜਦਕਿ ਮੁੱਢਲੇ ਜ਼ਮਾਨੇ ਦੀਆਂ ਸਿੱਖ ਰਵਾਇਤਾਂ ਵਿੱਚ ਇਸ ਦਾ ਕੋਈ ਹਵਾਲਾ ਨਹੀਂ ਮਿਲਦਾ।
ਖ਼ਾਲਸਾ ਰਾਜ, ਮਹਾਰਾਜਾ ਰਣਜੀਤ ਸਿੰਘ ਅਤੇ ਪੰਜਾਬ ਦਾ ਇਤਿਹਾਸ ਬਾਰੇ 1885 ਈ. ਵਿੱਚ ਛਪੀ ਮਸ਼ਹੂਰ ਕਿਤਾਬ ‘ਉਮਦਾਤੁੱਤਵਾਰੀਖ’ ਵਿੱਚ ਹਰਿਮੰਦਰ ਸਾਹਿਬ ਦੇ ਨੀਂਹ ਰੱਖਣ ਬਾਰੇ ਵਿਸਤਾਰਪੂਰਵਕ ਚਾਨਣਾ ਪਾਇਆ ਗਿਆ ਹੈ। ਲੇਖਕ ਅਨੁਸਾਰ ਗੁਰੂ ਸਾਹਿਬ ਖ਼ੁਦ ਮੀਆਂ ਜੀ ਨੂੰ ਲੈਣ ਲਾਹੌਰ ਗਏ ਅਤੇ ਉਨ੍ਹਾਂ ਦੇ ਮੁਬਾਰਕ ਹੱਥਾਂ ਨਾਲ ਹਰਿਮੰਦਰ ਸਾਹਿਬ ਦੀ ਨੀਂਹ ਰਖਵਾਈ ਗਈ ਸੀ। ਇਸ ਤੋਂ ਇਲਾਵਾ ਅੰਮ੍ਰਿਤਸਰ ਦਾ ਡਿਸਟ੍ਰਿਕਟ ਗਜ਼ਟੀਅਰ ਵੀ ਇਸ ਦੀ ਤਸਦੀਕ ਕਰਦਾ ਹੈ ਕਿ ਨੀਂਹ ਸਾਈਂ ਜੀ ਨੇ ਹੀ ਰੱਖੀ।
ਭਾਈ ਸਾਲੋ ਦੇ ਆਵੇ ਦੀਆਂ ਇੱਟਾਂ ਨਾਲ ਨੀਂਹ ਰੱਖੀ ਸੀ। ਗੁਰੂ ਅਰਜਨ ਦੇਵ ਜੀ ਨੇ ਆਪਣੇ ਪਿਆਰੇ ਮਿੱਤਰ ਸਾਂਈ ਮੀਆਂ ਜੀ ਪਾਸੋਂ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰਖਵਾ ਕੇ ਸਾਰੇ ਧਰਮਾਂ ਦੇ ਇੱਕ ਹੋਣ ਦਾ ਪ੍ਰਮਾਣ ਦਿੱਤਾ।
ਜਿਸ ਕਿਸਮ ਦੇ ਸਬੰਧ ਸਾਈਂ ਮੀਆਂ ਮੀਰ ਅਤੇ ਗੁਰੂ ਅਰਜਨ ਦੇਵ ਜੀ ਵਿੱਚ ਸਨ, ਉਨ੍ਹਾਂ ਤੋਂ ਇਹੀ ਜਾਪਦਾ ਹੈ ਕਿ ਉਹ ਇਸ ਪ੍ਰਕਾਰ ਦੇ ਇਤਿਹਾਸਕ ਭਵਨ ਦਾ ਨਿਰਮਾਣ ਕਰਨ ਜਾ ਰਹੇ ਸਨ ਤਾਂ ਉਨ੍ਹਾਂ ਨੇ ਆਪਣੇ ਦੋਸਤਾਂ-ਮਿੱਤਰਾਂ ਨੂੰ ਜ਼ਰੂਰ ਬੁਲਾਇਆ ਹੋਵੇਗਾ। ਉਹ ਸਾਈਂ ਜੀ ਨੂੰ ਕਿਵੇਂ ਛੱਡ ਸਕਦੇ ਹਨ! ਅਸੀਂ ਆਧੁਨਿਕ ਅਤੇ ਵਿਗਿਆਨਕਤਾ ਦੇ ਦਾਅਵੇਦਾਰ ਹੋਣ ਦੇ ਬਾਵਜੂਦ ਧਰਮ ਅਤੇ ਸੰਪ੍ਰਦਾਇ ਦੇ ਮਾਮਲੇ ਵਿੱਚ ਇੰਨੇ ਖੁੱਲ੍ਹਦਿਲੇ ਨਹੀਂ, ਜਿੰਨੇ ਮੱਧ ਕਾਲ ਦੇ ਸੂਫ਼ੀ ਅਤੇ ਸੰਤ ਸਨ।
ਸਿੱਖ ਰਵਾਇਤਾਂ ਵਿੱਚ ਸਾਈਂ ਜੀ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਨਾਲ ਇੱਕ ਸੱਚੇ ਦੋਸਤ ਵਜੋਂ ਉਦੋਂ ਵੀ ਆਉਂਦਾ ਹੈ, ਜਦੋਂ ਸਮਕਾਲੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਤਕਲੀਫਾਂ ਦਿੱਤੀਆਂ ਗਈਆਂ ਅਤੇ ਸ਼ਹੀਦ ਕੀਤਾ ਗਿਆ। ਇਨ੍ਹਾਂ ਘਟਨਾਵਾਂ ਦਾ ਸਿੱਖੀ ਇਤਿਹਾਸ ਉੱਤੇ ਡੂੰਘਾ ਪ੍ਰਭਾਵ ਪਿਆ ਹੈ। ਰਵਾਇਤੀ ਤੌਰ ’ਤੇ ਇਹ ਘਟਨਾਕ੍ਰਮ ਗੁਰੂ ਗੱਦੀ ਦੇ ਸਬੰਧ ਵਿੱਚ ਉਭਰੇ ਆਪਸੀ ਮਤਭੇਦਾਂ ਤੋਂ ਸ਼ੁਰੂ ਹੁੰਦਾ ਹੈ। ਮਗਰੋਂ ਇਸ ਦੇ ਨਾਲ ਦੀਵਾਨ ਚੰਦੂ ਸ਼ਾਹ ਦੀ ਬੇਟੀ ਦੇ ਰਿਸ਼ਤੇ ਦਾ ਪ੍ਰਕਰਣ ਵੀ ਜੁੜ ਜਾਂਦਾ ਹੈ, ਜਿਸ ਨੂੰ ਗੁਰੂ ਸਾਹਿਬ ਨੇ ਆਪਣੇ ਬੇਟੇ ਲਈ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਇਨ੍ਹਾਂ ਤੋਂ ਇਲਾਵਾ ਕੁਝ ਹੋਰ ਗੱਲਾਂ ਵੀ ਬਿਆਨ ਕੀਤੀਆਂ ਜਾਂਦੀਆਂ ਹਨ, ਜਿਵੇਂ ਲਾਹੌਰ ਦੇ ਉਨ੍ਹਾਂ ਭਗਤਾਂ ਦੀ ਨਾਰਾਜ਼ਗੀ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਨਹੀਂ ਕੀਤੀ ਗਈ। ਉਕਤ ਵੇਰਵੇ ਗੁਰੂ ਪ੍ਰਤਾਪ ‘ਸੂਰਜ ਗ੍ਰੰਥ’, ਤਵਾਰੀਖ਼ ਗੁਰੂ ਖ਼ਾਲਸਾ, ਮਹਿਮਾ ਪ੍ਰਕਾਸ਼ ਅਤੇ ‘ਗੁਰੂ ਬਿਲਾਸ’ ਪਾਤਸ਼ਾਹੀ ਛੇਵੀਂ ਵਿੱਚ ਨਜ਼ਰ ਆਉਂਦੇ ਹਨ, ਜਿਨ੍ਹਾਂ ਦੀ ਤਸਦੀਕ ਭਾਈ ਕਾਨ੍ਹ ਸਿੰਘ ਨਾਭਾ ਵੀ ਕਰਦੇ ਹਨ। ਆਮ ਤੌਰ ’ਤੇ ਇਸ ਸਾਕੇ ਦੇ ਸਬੰਧ ਵਿੱਚ ਜਹਾਂਗੀਰ ਦੀ ਲਿਖਤ ਨੂੰ ਸਭ ਤੋਂ ਵੱਡੇ ਸਬੂਤ ਵਜੋਂ ਪੇਸ਼ ਕੀਤਾ ਜਾਂਦਾ ਹੈ, ਜੋ ਕੁਝ ਇਸ ਤਰ੍ਹਾਂ ਹੈ, “ਬਿਆਸ ਦਰਿਆ ਦੇ ਕੰਢੇ ਗੋਇੰਦਵਾਲ ਵਿੱਚ ਇੱਕ ਹਿੰਦੂ ਅਰਜਨ ਪੀਰ ਦੇ ਲਿਬਾਸ ਵਿੱਚ ਰਹਿੰਦਾ ਹੈ, ਜਿਸ ਨੇ ਬਹੁਤ ਸਾਰੇ ਸਾਧਾਰਣ ਹਿੰਦੂਆਂ ਅਤੇ ਨਾਸਮਝ ਮੁਸਲਮਾਨਾਂ ਨੂੰ ਮੁਰੀਦ ਬਣਾ ਰੱਖਿਆ ਹੈ। ਇਹ ਦੁਕਾਨ ਤਿੰਨ-ਚਾਰ ਪੁਸ਼ਤਾਂ ਤੋਂ ਚਲੀ ਆ ਰਹੀ ਹੈ। ਮੈਂ ਕਾਫ਼ੀ ਸਮੇਂ ਤੋਂ ਸੋਚ ਰਿਹਾ ਸੀ ਕਿ ਇਸ ਝੂਠ ਦੀ ਦੁਕਾਨ ਨੂੰ ਬੰਦ ਕੀਤਾ ਜਾਵੇ ਜਾਂ ਉਸ ਨੂੰ ਇਸਲਾਮ ਦੇ ਦਾਇਰੇ ਵਿੱਚ ਲਿਆਇਆ ਜਾਵੇ। ਇਨ੍ਹੀਂ ਦਿਨੀਂ ਉਸ ਨੇ ਖੁਸਰੋ ਦੀ ਮਦਦ ਕੀਤੀ ਅਤੇ ਉਸ ਨੂੰ ਤਿਲਕ ਲਾ ਕੇ ਅਸੀਸਾਂ ਦਿੱਤੀਆਂ। ਜਦ ਇਹ ਮੁਕੱਦਮਾ ਮੇਰੇ ਸਾਹਮਣੇ ਪੇਸ਼ ਹੋਇਆ ਤਾਂ ਉਸ ਦੀ ਅਸਲੀਅਤ ਸੰਪੂਰਨ ਤੌਰ ’ਤੇ ਮੇਰੇ ਸਾਹਮਣੇ ਖੁੱਲ੍ਹ ਗਈ ਤਾਂ ਮੈਂ ਉਸ ਨੂੰ ਸਿਆਸਤ ਅਤੇ ਯਾਸਾ ਤਹਿਤ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ।”
ਜ਼ਾਹਿਰ ਹੈ ਕਿ ਸਮਕਾਲੀ ਸ਼ਾਸਕਾਂ ਦੀਆਂ ਨਜ਼ਰਾਂ ਵਿੱਚ ਉਹ ਪਹਿਲਾਂ ਹੀ ਸ਼ੱਕ ਦੇ ਘੇਰੇ ਵਿੱਚ ਸਨ। ਇਸ ਖ਼ਿਆਲ ਦੇ ਸਬੰਧ ਵਿੱਚ ਇੰਦੂ ਭੂਸ਼ਨ ਬੈਨਰਜੀ, ਮੈਕਾਲਿਫ, ਕੰਨਿਘਮ, ਈਸ਼ਵਰੀ ਪ੍ਰਸਾਦ, ਤੇਜਾ ਸਿੰਘ ਅਤੇ ਗੰਡਾ ਸਿੰਘ ਜਿਹੇ ਵਿਦਵਾਨ ਇਤਿਹਾਸਕਾਰ ਇੱਕ ਮੱਤ ਨਜ਼ਰ ਆਉਂਦੇ ਹਨ। ਉਪਰੋਕਤ ਵਰਣਨ ਤੋਂ ਇੰਝ ਪ੍ਰਤੀਤ ਹੁੰਦਾ ਹੈ ਕਿ ਗੁਰੂ ਜੀ ਦੀ ਸ਼ਹਾਦਤ ਦਾ ਕੋਈ ਇੱਕ ਕਾਰਨ ਨਹੀਂ, ਸਗੋਂ ਬਹੁਤ ਸਾਰੇ ਸਿਆਸੀ, ਸਮਾਜੀ ਅਤੇ ਧਾਰਮਿਕ ਕਾਰਨ ਉਨ੍ਹਾਂ ਦੇ ਖ਼ਿਲਾਫ਼ ਕੰਮ ਕਰ ਰਹੇ ਸਨ। ਜਿਨ੍ਹਾਂ ਨੇ ਬਾਦਸ਼ਾਹ ਨੂੰ ਇਸ ਤਰ੍ਹਾਂ ਦਾ ਹੁਕਮ ਦੇਣ ਲਈ ਪ੍ਰੇਰਿਤ ਕੀਤਾ। ਇਨ੍ਹਾਂ ਦੀ ਇੱਕ ਝਲਕ ਸ਼ੇਖ਼ ਅਹਿਮਦ ਸਰਹਿੰਦੀ ਦੇ ‘ਮਕਤੂਬਾਤ’ ਵਿੱਚੋਂ ਨਜ਼ਰ ਆਉਂਦੀ ਹੈ।
ਕਿਸੇ ਧਾਰਮਿਕ ਵਿਦਵਾਨ ਦੇ ਨਿੱਜੀ ਖ਼ਿਆਲ ਮੁਸਲਮਾਨਾਂ ਵਾਸਤੇ ਕੁਰਆਨ ਅਤੇ ਸੁੰਨਤ ਦੀ ਹੈਸੀਅਤ ਨਹੀਂ ਰੱਖਦੇ। ਉਨ੍ਹਾਂ ਤੋਂ ਬਿਨਾ ਰਾਇ ਹਰ ਸਦੀ ਵਿੱਚ ਜਾਇਜ਼ ਰਹੀ ਹੈ। ਇਹੀ ਕਾਰਨ ਹੈ ਕਿ ਸ਼ੇਖ਼ ਅਹਿਮਦ ਸਰਹਿੰਦੀ ਦੇ ਵਿਚਾਰ ਨਾ ਮੁਗ਼ਲਾਂ ਦੇ ਕਾਨੂੰਨ ਦਾ ਹਿੱਸਾ ਸਨ ਅਤੇ ਨਾ ਮੁਸਲਮਾਨਾਂ ਦੀ ਸ਼ਰੀਅਤ ਦਾ। ਇਸ ਕਰਕੇ ਉਨ੍ਹਾਂ ਦੇ ਵਿਚਾਰਾਂ ਨੂੰ ਬੁਨਿਆਦ ਮੰਨ ਕੇ ਇਸਲਾਮ ਅਤੇ ਮੁਸਲਮਾਨਾਂ ਨੂੰ ਸਿੱਖੀ ਦੇ ਵਿਰੋਧੀ ਹੋਣ ਦਾ ਸਿੱਟਾ ਕੱਢਣਾ ਉਚਿਤ ਨਹੀਂ ਜਾਪਦਾ, ਜਿਵੇਂ ਕਿ ਕੁਝ ਵਿਦਵਾਨਾਂ ਨੇ ਕੱਢਿਆ ਹੈ। ਵੈਸੇ ਵੀ ‘ਮਕਤੂਬਾਤ’ ਦੀ ਇਤਿਹਾਸਕ ਮਹੱਤਤਾ ਅਤੇ ਪ੍ਰਮਾਣਿਕਤਾ ਸਥਾਪਿਤ ਕਰਨ ਲਈ ਵਧੇਰੇ ਖੋਜ ਦੀ ਲੋੜ ਹੈ।
“ਗੋਇੰਦਵਾਲ ਦੇ ਕਾਫ਼ਰ ਦਾ ਮਾਰਿਆ ਜਾਣਾ ਚੰਗਾ ਹੋਇਆ ਹੈ। ਇਸ ਨਾਲ ਹਿੰਦੂਆਂ ਨੂੰ ਇੱਕ ਵੱਡੀ ਸ਼ਿਕਸਤ ਹੋਈ ਹੈ। ਇਸ ਨੂੰ ਚਾਹੇ ਕਿਸੇ ਵੀ ਕਾਰਨ ਤੋਂ ਮਾਰਿਆ ਗਿਆ ਹੋਵੇ, ਇਸ ਨਾਲ ਕਾਫ਼ਰਾਂ ਦੀ ਵੱਡੀ ਹਾਨੀ ਹੋਈ ਹੈ…।”
‘ਮਕਤੂਬਾਤ’ ਦੇ ਅਨੁਵਾਦਕਾਰਾਂ ਨੇ ਗੋਇੰਦਵਾਲ ਦਾ ਅਰਥ ਗੋਬਿੰਦ ਅਤੇ ਉਸ ਦੀ ਔਲਾਦ ਦੇ ਕੀਤੇ ਸਨ, ਜਿਸ ਤੋਂ ਉਨ੍ਹਾਂ ਦੀ ਮੁਰਾਦ ਗੁਰੂ ਗੋਬਿੰਦ ਸਿੰਘ ਜੀ ਅਤੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੈ। (ਮੁਹੰਮਦ ਅਬਦੁਰ ਕਰੀਮ, ‘ਮਕਤੂਬਾਤ-ਏ-ਇਮਾਮ ਰੱਬਾਨੀ’, ਪੰਨਾ 317)
ਪਰ ਜੇ ਅਕਬਰ ਦੇ ਅਖ਼ੀਰਲੇ ਕਾਲ ਤੋਂ ਲੈ ਕੇ ਜਹਾਂਗੀਰ ਦੀ ਤਖ਼ਤ ਨਿਸ਼ਾਨੀ ਤੱਕ ਦੇ ਹਾਲਾਤ ਨੂੰ ਗ਼ੌਰ ਨਾਲ ਵੇਖਿਆ ਜਾਵੇ ਤਾਂ ਅੰਦਾਜ਼ਾ ਹੁੰਦਾ ਹੈ ਕਿ ਉਸ ਵੇਲ਼ੇ ਦਾ ਭਾਰਤੀ ਸਮਾਜ, ਖ਼ਾਸ ਤੌਰ ’ਤੇ ਮੁਸਲਿਮ ਸਮਾਜ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਸੀ। ਇੱਕ ਗਰੁੱਪ ਉਨ੍ਹਾਂ ਲੋਕਾਂ ਦਾ ਸੀ, ਜੋ ਅਕਬਰ ਦੀ ਧਾਰਮਿਕ ਨੀਤੀ ਨੂੰ ਹਿੰਦੁਸਤਾਨ ਦੀਆਂ ਵਿਸ਼ੇਸ਼ ਪ੍ਰਸਥਿਤੀਆਂ ਦੇ ਅਨੁਕੂਲ ਉਚਿਤ ਸਮਝਦਾ ਸੀ; ਦੂਜਾ ਗਰੁੱਪ ਉਨ੍ਹਾਂ ਲੋਕਾਂ ਦਾ ਸੀ, ਜੋ ਧਾਰਮਿਕ ਨੀਤੀ ਨੂੰ ਨਹੀਂ ਸੀ ਮੰਨਦਾ ਅਤੇ ਇਸੇ ਕੋਸ਼ਿਸ਼ ਵਿੱਚ ਸੀ ਕਿ ‘ਅੰਦਾਜ਼-ਏ-ਹਕੂਮਤ’ ਉਨ੍ਹਾਂ ਦੇ ਦ੍ਰਿਸ਼ਟੀਕੋਣ ਅਨੁਸਾਰ ਬਦਲਣਾ ਚਾਹੀਦਾ ਹੈ। ਜਦ ਹਕੂਮਤ ਜਹਾਂਗੀਰ ਦੇ ਹੱਥ ਵਿੱਚ ਆਈ ਤਾਂ ਇਨ੍ਹਾਂ ਨੂੰ ਕੁਝ ਸਫ਼ਲਤਾ ਵੀ ਮਿਲੀ। ਜਹਾਂਗੀਰ ਨੇ ਅਕਬਰ ਦੇ ਜ਼ਮਾਨੇ ਦੀਆਂ ਕੁਝ ਦਰਬਾਰੀ ਰਸਮਾਂ ਅਤੇ ਨੀਤੀਆਂ ਵਿੱਚ ਤਬਦੀਲੀ ਵੀ ਕਰ ਦਿੱਤੀ ਸੀ। ਉਸ ਦੌਰਾਨ ਸ਼ਹਿਜ਼ਾਦਾ ਖੁਸਰੋ ਨੇ ਬਗ਼ਾਵਤ ਕਰ ਦਿੱਤੀ। ਅਕਬਰ ਦੀਆਂ ਨੀਤੀਆਂ ਦੇ ਸਮਰਥਕ, ਖੁਸਰੋ ਨੂੰ ਜਹਾਂਗੀਰ ਦੀ ਤੁਲਨਾ ਵਿੱਚ ਪਸੰਦ ਕਰਦੇ ਸਨ। ਸਿੱਟੇ ਵਜੋਂ ਉਨ੍ਹਾਂ ਨੇ ਖੁਸਰੋ ਦੀ ਹਮਾਇਤ ਕੀਤੀ। ਜਦ ਜਹਾਂਗੀਰ ਨੇ ਬਗ਼ਾਵਤ ਦਬਾ ਦਿੱਤੀ ਅਤੇ ਸ਼ਹਿਜ਼ਾਦੇ ਨੂੰ ਗ੍ਰਿਫਤਾਰ ਕਰ ਲਿਆ ਤਾਂ ਉਨ੍ਹਾਂ ਲੋਕਾਂ ਨੂੰ ਸਜ਼ਾ ਦੇਣੀ ਸ਼ੁਰੂ ਕੀਤੀ, ਜਿਨ੍ਹਾਂ ਨੇ ਖੁਸਰੋ ਦੀ ਮਦਦ ਕੀਤੀ ਅਤੇ ਉਸ ਨੂੰ ਬਗ਼ਾਵਤ ਕਰਨ ਲਈ ਉਕਸਾਇਆ। ਹਕੀਕਤ ਜੋ ਵੀ ਹੋਵੇ, ਪਰ ‘ਤੁਜ਼ਕ’ ਦੀ ਲਿਖਤ ਅਨੁਸਾਰ ਇਨ੍ਹਾਂ ਲੋਕਾਂ ਵਿੱਚ ਗੁਰੂ ਸਾਹਿਬ ਦਾ ਨਾਂ ਵੀ ਲਿਆ ਗਿਆ। ਕੁਦਰਤੀ ਤੌਰ ’ਤੇ ਗੁਰੂ ਸਾਹਿਬ ਦੇ ਵਿਰੋਧੀਆਂ ਨੇ ਵੀ ਇਸ ਮੌਕੇ ਦਾ ਪੂਰਾ ਲਾਭ ਉਠਾਇਆ। ਸਿੱਟੇ ਵਜੋਂ ਗੁਰੂ ਸਾਹਿਬ ਦੀ ਸ਼ਹੀਦੀ ਹੋਈ।
ਇਸ ਤੋਂ ਪਹਿਲਾਂ ਵੀ ਅਕਬਰ ਦੇ ਕਾਲ ਵਿੱਚ ਵਿਰੋਧੀਆਂ ਨੇ ਪ੍ਰਸ਼ਾਸਨ ਨੂੰ ਉਨ੍ਹਾਂ ਦੇ ਖ਼ਿਲਾਫ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਸ ਵੇਲ਼ੇ ਇਹ ਅਫ਼ਵਾਹ ਫੈਲਾਈ ਗਈ ਕਿ ਉਹ ਇੱਕ ਇਹੋ ਜਿਹੀ ਪੁਸਤਕ ਦੀ ਸੰਪਾਦਨਾ ਕਰ ਰਹੇ ਹਨ, ਜਿਸ ਵਿੱਚ ਦੂਜੇ ਧਰਮਾਂ ਦੀ ਤੌਹੀਨ ਕੀਤੀ ਗਈ ਹੈ। ਅਕਬਰ ਨੇ ਗੁਰੂ ਜੀ ਤੋਂ ਇਸ ਗੱਲ ਬਾਰੇ ਸਪੱਸ਼ਟੀਕਰਨ ਮੰਗਿਆ। ਉਨ੍ਹਾਂ ਨੇ ਆਪਣੀ ਨੁਮਾਇੰਦਗੀ ਲਈ ਬਾਬਾ ਬੁੱਢਾ ਜੀ ਅਤੇ ਭਾਈ ਗੁਰਦਾਸ ਜੀ ਨੂੰ ਗੁਰੂ ਗ੍ਰੰਥ ਸਾਹਿਬ ਦੇ ਕੇ ਭੇਜਿਆ। ਉਨ੍ਹਾਂ ਨੇ ਅਕਬਰ ਦੇ ਸਾਹਮਣੇ ਵੱਖ-ਵੱਖ ਥਾਂਵਾਂ ਤੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ। ਅਕਬਰ ਨੂੰ ਕੋਈ ਇਤਰਾਜ਼ ਦੀ ਗੱਲ ਨਾ ਲੱਭੀ, ਸਗੋਂ ਉਹ ਇੱਕ ਰੱਬ, ਕਿਰਪਾਲੂ ਅਤੇ ਦਇਆਵਾਨ ਦੀ ਉਸਤਤ ਸੁਣ ਕੇ ਪ੍ਰਭਾਵਿਤ ਹੋਇਆ। ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਲਈ ਸੋਨੇ ਦੀਆਂ ਮੋਹਰਾਂ ਦਿੱਤੀਆਂ ਸਨ। ਗੁਰੂ ਸਾਹਿਬ ਅਤੇ ਆਉਣ ਵਾਲ਼ੇ ਦੋਵਾਂ ਸ਼ਰਧਾਲੂਆਂ ਲਈ ਖ਼ਿਲਅਤਾਂ (੍ਰੋਬੲਸ ੋਾ ੍ਹੋਨੋੁਰ) ਭੇਟ ਕੀਤੀਆਂ। ਬਾਅਦ ਵਿੱਚ ਗੁਰੂ ਜੀ ਨਾਲ ਵੀ ਅਕਬਰ ਦੀ ਮੁਲਾਕਾਤ ਹੋਈ। ਉਨ੍ਹਾਂ ਦੇ ਕਹਿਣ ਮੁਤਾਬਿਕ ਅਕਬਰ ਨੇ 12% ਤੱਕ ਪੰਜਾਬ ਦਾ ਲਗਾਨ ਵੀ ਮੁਆਫ਼ ਕਰ ਦਿੱਤਾ ਸੀ। ਗੁਰੂ ਜੀ ਨੇ ਅਕਬਰ ਨੂੰ ਉਪਦੇਸ਼ ਕਰਦਿਆਂ ਕਿਹਾ, “ਸੱਚਾ ਭਗਤ ਰੱਬ ਦੀ ਮਰਜ਼ੀ ਅਨੁਸਾਰ ਚਲਦਾ ਹੈ।” ਆਪਣੀ ਗੱਲ ਸਮਝਾਉਣ ਲਈ ਉਨ੍ਹਾਂ ਨੇ ਇਸ ਸਲੋਕ ਦਾ ਉਚਾਰਨ ਕੀਤਾ,
ਕੋਈ ਬੋਲੈ ਰਾਮ ਰਾਮ ਕੋਈ ਖੁਦਾਇ॥
ਕੋਈ ਸੇਵੈ ਗੁਸਈਆ ਕੋਈ ਅਲਾਹਿ॥ 2॥
ਕਾਰਣ ਕਰਣ ਕਰੀਮ॥ ਕਿਰਪਾ ਧਾਰਿ ਰਹੀਮ॥ 1॥ ਰਹਾਉ॥
ਕੋਈ ਨਾਵੈ ਤੀਰਥਿ ਕੋਇ ਹਜ ਜਾਇ॥
ਕੋਈ ਕਰੈ ਪੂਜਾ ਕੋਈ ਸਿਰੁ ਨਿਵਾਇ॥ 2॥
ਕੋਈ ਪੜੈ ਬੇਦ ਕੋਈ ਕਤੈਬ॥ ਕੋਈ ਓਢੈ ਨੀਲ ਕੋਈ ਸੁਪੇਦ॥ 3॥
ਕੋਈ ਕਹੈ ਤੁਰਕੁ ਕੋਈ ਕਹੈ ਹਿੰਦੂ॥
ਕੋਈ ਬਾਛੈ ਭਿਸਤੁ ਕੋਈ ਸੁਰਗਿੰਦੂ॥ 4॥
ਕਹੁ ਨਾਨਕ ਜਿਨਿ ਹੁਕਮੁ ਪਛਾਤਾ॥
ਪ੍ਰਭ ਸਾਹਿਬ ਕਾ ਤਿਨਿ ਭੇਦੁ ਜਾਤਾ॥ 5॥ (ਪੰਨਾ 885)