ਗੁਰਨਾਮ ਸਿੰਘ ਚੌਹਾਨ
ਫੋਨ: +91-94630-37399
ਕੇਂਦਰ ਸਰਕਾਰ ਨੇ ਪੰਜਾਬ ਨਾਲ ਸਬੰਧਤ ਮਸਲਿਆਂ ਨੂੰ ਸੁਲਝਾਉਣ ਦੀ ਥਾਂ ਸ੍ਰੀ ਦਰਬਾਰ ਸਾਹਿਬ ਉਤੇ 30 ਮਹੀਨੇ ਪਹਿਲਾਂ ਹਮਲਾ ਕਰਕੇ ਵੱਧ ਤੋਂ ਵੱਧ ਸਿੱਖਾਂ ਨੂੰ ਮਾਰ ਮੁਕਾਉਣਾ ਦਾ ਹੀ ਮਨ ਬਣਾ ਲਿਆ ਸੀ। ਫਿਰ ਸਰਕਾਰ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਕਾਰਵਾਈ ਦਾ ਦਿਨ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਚੁਣਿਆ, ਕਿਉਂਕਿ ਉਸ ਦਿਨ ਪੰਜਾਬ ਭਰ ਵਿੱਚੋਂ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਦਰਬਾਰ ਸਾਹਿਬ ਨਤਮਸਤਕ ਹੋਣ ਜਾਂਦੀਆਂ ਹਨ। ਕੇਂਦਰ ਦੀ ਨੀਅਤ ਖੋਟੀ ਨਾ ਹੁੰਦੀ ਤਾਂ ਉਹ ਸਿੱਖ ਮਸਲਿਆਂ ਨੂੰ ਹੱਲ ਕਰਕੇ ਫੌਜੀ ਕਾਰਵਾਈ ਤੋਂ ਪਾਸਾ ਵੱਟਣ ਦੇ ਨਾਲ-ਨਾਲ ਮਨੁੱਖੀ ਨੁਕਸਾਨ ਨੂੰ ਘਟਾਉਣ, ਹਮਲੇ ਲਈ ਕੋਈ ਹੋਰ ਦਿਨ ਜਾਂ ਹੋਰ ਤਰੀਕਾ ਵੀ ਅਪਣਾ ਸਕਦੀ ਸੀ, ਪਰ ਫੌਜੀ ਕਰਵਾਈ ਬਾਰੇ ਪਹਿਲਾਂ ਤੋਂ ਮਨ ਬਣਾਈ ਬੈਠੀ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਫੌਜ ਮੁਖੀਆਂ ਤੇ ਹੋਰ ਸਲਾਹਕਾਰਾਂ ਦੀ ਇੱਕ ਵੀ ਨਾ ਮੰਨੀ।
ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀਆਂ ਰਗਾਂ ਵਿੱਚ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਫੜਾਉਣ ਵਾਲੇ ਗੰਗੂ ਬ੍ਰਾਹਮਣ ਤੇ ਦੇਸ਼ ਦੀ ਆਜ਼ਾਦੀ ਤੋਂ ਬਾਅਦ ਸਿੱਖ ਜਗਤ ਦੇ ਕਥਿਤ ਵਿਸ਼ਵਾਸ਼ਘਾਤੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਖੂਨ ਦੌੜਦਾ ਹੋਣ ਕਾਰਨ ਉਸ ਨੇ ਐਮਰਜੈਂਸੀ ਦਾ ਜ਼ੋਰਦਾਰ ਵਿਰੋਧ ਕਰਨ ਵਿਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਪੰਜਾਬੀਆਂ ਤੋਂ ਬਦਲਾ ਲੈਣ ਤੇ ਸਿੱਖਾਂ ਦੀ ਨਸਲਕੁਸ਼ੀ ਕਰਨ ਦੇ ਇਰਾਦੇ ਨਾਲ ਮਈ 1984 ਦੇ ਅਖੀਰ ਤੱਕ ਪੰਜਾਬ ਵਿੱਚ ਫੌਜ ਦੀਆਂ 6 ਡਵੀਜਨਾਂ ਤਾਇਨਾਤ ਕਰਕੇ ਕਮਾਂਡੋ ਦਸਤੇ ਅੰਮ੍ਰਿਤਸਰ ਭੇਜ ਦਿੱਤੇ ਸਨ।
‘ਮਾਉਟਾ 1949’ ਦੇ ਪੰਨਾ-1 ਉਤੇ ਨਹਿਰੂ ਖਾਨਦਾਨ ਬਾਰੇ ਭਾਰਤ ਦੇ ਸਾਬਕਾ ਰਾਸ਼ਟਰਪਤੀ ਰਾਧਾਕ੍ਰਿਸ਼ਨ ਦੇ ਇਤਿਹਾਸਕਾਰ ਬੇਟੇ ਐਸ. ਗੋਪਾਲ ਨੇ ਬਿਓਰਾ ਦਿੱਤਾ ਹੈ ਕਿ ਗੰਗੂ ਬ੍ਰਾਹਮਣ ਦਾ ਬੇਟਾ ਰਾਜ ਕੌਲ, ਰਾਜ ਕੌਲ ਦਾ ਬੇਟਾ ਲਕਸ਼ਮੀ ਨਰਾਇਣ, ਲਕਸ਼ਮੀ ਨਰਾਇਣ ਦਾ ਬੇਟਾ ਗੰਗਾਧਰ, ਗੰਗਾਧਰ ਦਾ ਬੇਟਾ ਮੋਤੀ ਲਾਲ ਨਹਿਰੂ, ਮੋਤੀ ਲਾਲ ਨਹਿਰੂ ਦਾ ਬੇਟਾ ਪੰਡਿਤ ਜਵਾਹਰ ਲਾਲ ਨਹਿਰੂ, ਪੰਡਿਤ ਜਵਾਹਰ ਲਾਲ ਨਹਿਰੂ ਦੀ ਬੇਟੀ ਇੰਦਰਾ ਗਾਂਧੀ ਦੇ ਪੁੱਤਰ ਰਾਜੀਵ ਗਾਂਧੀ ਤੇ ਸੰਜੇ ਗਾਂਧੀ, ਰਾਜੀਵ ਗਾਂਧੀ ਦੀ ਧੀ ਪ੍ਰਿਯੰਕਾ ਗਾਂਧੀ ਤੇ ਰਾਹਲ ਗਾਂਧੀ, ਸੰਜੇ ਗਾਂਧੀ ਦਾ ਬੇਟਾ ਵਰੁਣ ਗਾਂਧੀ ਹੈ। ਇਨ੍ਹਾਂ ਤੱਥਾਂ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਜਿਊਂਦੇ ਜੀਅ ਸਵੀਕਾਰ ਕਰ ਚੁੱਕਾ ਸੀ।
ਭਾਰਤੀ ਫੌਜ ਵੱਲੋਂ ਨੀਲਾ ਤਾਰਾ ਆਪਰੇਸ਼ਨ ਦੀ ਅਗਵਾਈ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਕਰ ਰਿਹਾ ਸੀ। ਜਿਸ ਦੀ ਸ਼ੁਰੂਆਤ ਪਹਿਲੀ ਜੂਨ ਨੂੰ ਸੀ.ਆਰ.ਪੀ.ਐੱਫ. ਅਤੇ ਬੀ.ਐੱਸ.ਐਫ. ਵੱਲੋਂ ਦਰਬਾਰ ਸਾਹਿਬ ਵੱਲ ਗੋਲੀਬਾਰੀ ਕੀਤੇ ਜਾਣ ਨਾਲ ਹੋਈ। 2 ਜੂਨ ਨੂੰ ਸਰਕਾਰ ਨੇ ਜਨਰਲ ਗੌਰੀ ਸ਼ੰਕਰ ਨੂੰ ਸੁਰੱਖਿਆ ਸਲਾਹਕਾਰ ਲਾ ਕੇ ਪੰਜਾਬ ਵਿੱਚ ਕਰਫਿਊ ਲਾ ਦਿੱਤਾ ਸੀ। ਇਸੇ ਦੌਰਾਨ ਅੰਮ੍ਰਿਤਸਰ ਦੇ ਖੁਫੀਆ ਵਿਭਾਗ ਦਾ ਅਫ਼ਸਰ ਸਿੱਧੇ ਤੌਰ ’ਤੇ ਹੀ ਕੇਂਦਰ ਸਰਕਾਰ ਦੇ ਸੰਪਰਕ ਵਿੱਚ ਸੀ। ਦੂਸਰੇ ਪਾਸੇ ਦਰਬਾਰ ਸਾਹਿਬ ਸਮੂਹ ਵਿੱਚ ਜਨਰਲ ਸੁਬੇਗ ਸਿੰਘ ਨੇ ਮਜ਼ਬੂਤ ਮੋਰਚਾਬੰਦੀ ਕਰ ਰੱਖੀ ਸੀ। 6 ਜੂਨ ਨੂੰ ਭਾਰਤੀ ਫੌਜ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਕਰਨ ’ਤੇ ਸੰਤ ਜਰਨੈਲ ਸਿੰਘ ਖ਼ਾਲਸਾ ਤੇ ਉਨ੍ਹਾਂ ਦੇ ਸਾਥੀਆਂ ਦੀ ਮੌਤ ਮਗਰੋਂ ਫੌਜੀ ਕਾਰਵਾਈ ਬੰਦ ਕੀਤੀ ਗਈ। ਭਾਰਤੀ ਫੌਜ ਵੱਲੋਂ ਦੋ ਘੰਟਿਆਂ ਵਿਚ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਤੇ ਉਨ੍ਹਾਂ ਦੇ ਸਾਥੀਆਂ ਤੋਂ ਆਤਮ ਸਮਰਪਣ ਕਰਵਾ ਲੈਣ ਦੀ ਧਾਰਨਾ ਉਸ ਸਮੇਂ ਫੇਲ੍ਹ ਹੋਈ, ਜਦੋਂ ਪਹਿਲੇ ਪੜਾਅ ਦੀ ਸਫਲਤਾ ਲਈ ਵਿਸ਼ਵ ਦੀਆਂ ਸ਼ਕਤੀਸ਼ਾਲੀ ਫ਼ੌਜਾਂ ਦੀ ਗਿਣਤੀ ਵਿੱਚ ਆਉਂਦੀ ਭਾਰਤੀ ਫੌਜ ਨੂੰ ਦਿਨ-ਰਾਤ ਜੂਝਣਾ ਪਿਆ। ਭਾਰਤੀ ਖੁਫੀਆਂ ਏਜੰਸੀਆਂ ਅਨੁਸਰ ਦਰਬਾਰ ਸਾਹਿਬ ਕੰਪਲੈਕਸ ਵਿੱਚ ਜੁਝਾਰੂਆਂ ਦੀ ਗਿਣਤੀ 200 ਤੋਂ ਵੱਧ ਨਹੀਂ ਸੀ। ਉਨ੍ਹਾਂ ਕੋਲ ਆਮ ਪੱਕੀਆਂ ਰਾਈਫਲਾਂ ਤੇ ਗਿਣਤੀ ਦੀ ਲਾਈਟ ਮਸ਼ੀਨ ਗੰਨਾਂ ਸਨ। ਪੰਜ ਜੂਨ ਦੀ ਸ਼ਾਮ ਨੂੰ ਸਵਾ ਪੰਜ ਕੁ ਵਜੇ ਅੰਮ੍ਰਿਤਸਰ ਦੇ ਡੀ.ਐੱਸ.ਪੀ. ਬਾਜਵਾ ਨੇ ਸਪੀਰਕਰ ਉਤੇ ਜੁਝਾਰੂਆਂ ਨੂੰ ਆਤਮ ਸਮਰਪਣ ਕਰਨ ਦੀ ਅਪੀਲ ਕਰਕੇ ਖਾਨਾਪੂਰਤੀ ਕੀਤੀ, ਜਦੋਂ ਕਿ ਗੋਲੀਬਾਰੀ ਸ਼ੁਰੂ ਕਰਨ ਤੋਂ ਪਹਿਲਾਂ ਫੌਜ ਨੂੰ ਅਜਿਹਾ ਕਰਨਾ ਬਣਦਾ ਸੀ। ਉਕਤ ਹੋਕੇ ਦਾ ਜੁਆਬ ਜੁਝਾਰੂ ਸਿੰਘਾਂ ਨੇ ਜ਼ੋਰਦਾਰ ਫਾਇਰਿੰਗ ਕਰਕੇ ਦਿੱਤਾ ਤੇ ਕੋਈ ਵੀ ਆਤਮ ਸਮਰਪਣ ਲਈ ਬਾਹਰ ਨਹੀਂ ਆਇਆ।
ਰਿਟਾਇਰਡ ਜਨਰਲ ਸਿਨਹਾ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤਾਂ 30 ਮਹੀਨੇ ਪਹਿਲਾਂ ਤੋਂ ਹੀ, ਯਾਨੀ ਦਸੰਬਰ 1981 ਵੇਲੇ ਤੋਂ ਤਿਆਰੀਆਂ ਵਿੱਚ ਜੁੱਟੀ ਹੋਈ ਸੀ। ਉਹ ਹਿਮਾਚਲ ਪ੍ਰਦੇਸ਼ ਵਿੱਚ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਫੌਜ ਨੂੰ ਬਾਕਾਇਦਾ ਟ੍ਰੇਨਿੰਗ ਦਿਵਾ ਰਹੀ ਸੀ, ਜਦੋਂ ਕਿ ‘ਦਰਬਾਰ ਸਾਹਿਬ’ ਉਤੇ ਫੌਜੀ ਹਮਲਾ ਭਾਵੇਂ ਸਰਕਾਰ ਲਈ ਕੋਈ ਆਖਰੀ ਰਾਹ ਨਹੀਂ ਸੀ। ਫੇਰ ਵੀ ਸਰਕਾਰ ਦੀਆਂ ਹਦਾਇਤਾਂ ਤਹਿਤ ਚਕਰਾਤਾ ਵਿਖੇ ਫੌਜ ਵੱਲੋਂ ਕਮਾਂਡੋ ਤਿਆਰ ਕੀਤੇ ਜਾ ਰਹੇ ਸਨ ਤਾਂ ਜੋ ਉਹ ‘ਦਰਬਾਰ ਸਾਹਿਬ’ ਹਮਲੇ ਵਿੱਚ ਪੂਰੀ ਸਫਲਤਾ ਹਾਸਿਲ ਕਰ ਸਕਣ।
‘ਜੂਨ 1984’, ਪੇਜ 28-29
ਰਿਟਾਇਰ ਜਰਨਲ ਸਿਨਹਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਈ ਵਾਰ ਇੰਦਰਾ ਗਾਂਧੀ ਨੂੰ ਦਰਬਾਰ ਸਾਹਿਬ ‘ਤੇ ਹਮਲਾ ਨਾ ਕਰਨ ਅਤੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਫੜਨ ਲਈ ਹੋਰ ਰਸਤੇ ਅਪਨਾਉਣ ਦੀ ਸਲਾਹ ਦਿੱਤੀ ਸੀ, ਪਰ ਉਹ ਨਾ ਮੰਨੀ। ਉਲਟਾ ਉਸ ਨੇ ਚੁੱਪ-ਚਾਪ ਜਨਰਲ ਵੈਦਿਆ ਨੂੰ ਹਮਲੇ ਦੀ ਤਿਆਰੀ ਲਈ ਕਹਿ ਦਿੱਤਾ ਅਤੇ ਕਮਾਂਡੋਆਂ ਨੂੰ ਟ੍ਰੇਨਿੰਗ ਦੇਣੀ ਸ਼ੁਰੂ ਕਰ ਦਿੱਤੀ ਸੀ। ਇਥੇ ਧਿਆਨਯੋਗ ਹੈ ਕਿ 1981 ਵਿੱਚ ਸੰਤ ਜੀ ਦਰਬਾਰ ਸਾਹਿਬ ਵਿਚ ਨਹੀਂ ਸਨ, ਫਿਰ ਕਿਸ ਤਰ੍ਹਾਂ ਇਸ ਗੱਲ ਉਤੇ ਵਿਸ਼ਵਾਸ਼ ਕੀਤਾ ਜਾ ਸਕਦਾ ਹੈ ਕਿ ਸਰਕਾਰ ਨੂੰ ਹਮਲਾ ਮਜਬੂਰੀਵੱਸ ਕਰਨਾ ਪਿਆ ਹੈ, ਜਦੋਂ ਕਿ ਸਾਰੇ ਸਰਕਾਰੀ ਅਫ਼ਸਰ ਅਤੇ ਪੱਤਰਕਾਰ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਇੰਦਰਾ ਗਾਂਧੀ ਨੇ ਜਾਣ-ਬੁੱਝ ਕੇ ਹਮਲਾ ਕਰਵਾਇਆ। ਇਥੋਂ ਸਪਸ਼ਟ ਹੁੰਦਾ ਹੈ ਕਿ ਸਰਕਾਰ ਸਿੱਖ ਮਸਲਿਆਂ ਨੂੰ ਸੁਲਝਾਉਣ ਦੀ ਥਾਂ ਹਮਲੇ ਦਾ ਰਾਹ ਚੁਣ ਕੇ ਵੱਧ ਤੋਂ ਵੱਧ ਸਿੱਖਾਂ ਨੂੰ ਮਾਰ ਮੁਕਾਉਣਾ ਚਾਹੁੰਦੀ ਸੀ। ਉਨ੍ਹਾਂ ਕਿਹਾ ਹੈ ਕਿ ਪੈਲਿਸਤੀਨ ਦੇ 200 ਹਥਿਆਰਬੰਦ ਖਾੜਕੂਆਂ ਨੇ ਇੱਕ ਗਿਰਜਾ ਘਰ `ਤੇ ਕਬਜ਼ਾ ਕਰ ਲਿਆ ਸੀ, ਇਜਰਾਇਲ ਸਰਕਾਰ ਨੇ ਕਬਜ਼ਾ ਛੁਡਵਾਉਣ ਲਈ ਇੱਕ ਮਹੀਨੇ ਤੱਕ ਘੇਰਾ ਪਾਈ ਰੱਖਿਆ ਅਤੇ ਮਸਲੇ ਦਾ ਹੱਲ ਕੱਢਣ ਲਈ ਖਾੜਕੂਆਂ ਦੇ ਲੀਡਰ ਨਾਲ ਗੱਲਬਾਤ ਜਾਰੀ ਰੱਖੀ ਤਾਂ ਕਿ ਜਾਨੀ-ਮਾਲੀ ਨੁਕਸਾਨ ਤੋਂ ਬਚਾਅ ਅਤੇ ਗਿਰਜਾ ਘਰ ਮਹਿਫੂਜ਼ ਰਹਿ ਸਕੇ।
ਪਰ ਹਿੰਦ ਸਰਕਾਰ ਨੇ ਅਜਿਹਾ ਕੋਈ ਵੀ ਕਦਮ ਨਹੀਂ ਚੁੱਕਿਆ, ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਸਰਕਾਰ ਮਸਲੇ ਨੂੰ ਹੱਲ ਨਹੀਂ ਸੀ ਕਰਨਾ ਚਾਹੁੰਦੀ। ਇੰਦਰਾ ਗਾਂਧੀ ਨੇ ਟੀ.ਵੀ. ਰਾਹੀਂ ਸਿੱਖਾਂ ਨੂੰ ਬਦਨਾਮ ਕਰਨ ਤੋਂ ਸਿਵਾਏ ਹੋਰ ਕੁੱਝ ਨਹੀਂ ਕੀਤਾ। ਨਾ ਉਹ ਪੰਜਾਬ ਆਈ, ਨਾ ਸਿੱਖਾਂ ਨਾਲ ਕੋਈ ਗੱਲਬਾਤ ਤੋਰੀ; ਸਗੋਂ ਗੁਰੂ ਸਾਹਿਬ ਜੀ ਦਾ ਸ਼ਹੀਦੀ ਪੁਰਬ ਮਨਾਉਣ ਦੀ ਚਾਹਵਾਨ ਸੰਗਤਾਂ ਨੂੰ ਵੱਡੇ ਪੱਧਰ ਉਤੇ ‘ਦਰਬਾਰ ਸਾਹਿਬ’ ਜਾਣ ਦੇਣ ਤੋਂ ਬਾਅਦ ਕਰਫਿਊ ਲਾ ਦਿੱਤਾ ਅਤੇ ਫਿਰ ਬੰਬਬਾਰੀ ਕਰਨੀ ਸ਼ੁਰੂ ਕਰ ਦਿੱਤੀ। ਸੰਤ ਜਰਨੈਲ ਸਿੰਘ ਤੇ ਹੋਰਾਂ ਨੂੰ ਗ੍ਰਿਫ਼ਤਾਰ ਕਰਨ ਲਈ ਕੋਈ ਹੋਰ ਰਾਹ ਚੁਣਿਆ ਜਾ ਸਕਦਾ ਸੀ ਜਾਂ ਕਈ ਦਿਨ ਪਹਿਲਾਂ ਕਰਫਿਊ ਲਾਇਆ ਜਾਂਦਾ ਤਾਂ ਕਿ ਸੰਗਤ ਦਰਬਾਰ ਸਾਹਿਬ ਨਾ ਜਾ ਸਕਦੀ। ਇਸ ਤੋਂ ਇਲਾਵਾ ਬਿਜਲੀ-ਪਾਣੀ ਬੰਦ ਕਰਕੇ ਸੰਤ ਭਿੰਡਰਾਂਵਾਲਿਆਂ ਅਤੇ ਨਾਲ ਦੇ ਸਿੰਘਾਂ ਨੂੰ ਬਾਹਰ ਆਉਣ ਲਈ ਮਜ਼ਬੂਰ ਕੀਤਾ ਜਾ ਸਕਦਾ ਸੀ। ਇਥੇ ਹੀ ਬੱਸ ਨਹੀਂ ਸਰਕਾਰ ਨੇ ਗੋਲੀਬਾਰੀ ਅਤੇ ਬੰਬਬਾਰੀ ਵਿਚ ਪਹਿਲ ਕਦਮੀ ਕਰਕੇ ਹਜ਼ਾਰਾਂ ਨਿਰਦੋਸ਼ ਸਿੱਖਾਂ ਨੂੰ ਸ਼ਹੀਦ ਕੀਤਾ ਤੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ।
‘ਗਾਰਡੀਆਨ’, 14 ਜੂਨ 1984
ਕੇਂਦਰ ਸਰਕਾਰ ਨੇ ਪੰਜਾਬ ਦੇ ਲੋਕਾਂ `ਚ ਦਹਿਸ਼ਤ ਦਾ ਮਾਹੌਲ ਸਿਰਜਣ ਲਈ ਕਰਫਿਊ ਲਾ ਦਿੱਤਾ, ਫਿਰ ਹੋਰ ਬਹੁਤ ਸਾਰੇ ਗੁਰਦੁਆਰਿਆਂ ‘ਤੇ ਉਸੇ ਦਿਨ ਹਮਲਾ ਕੀਤਾ ਗਿਆ, ਜਦੋਂ ਕਿ ਉਨ੍ਹਾਂ ਵਿਚ ਨਾ ਤਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਅਤੇ ਨਾ ਹੀ ਕੋਈ ਹਥਿਆਰਬੰਦ ਵਿਅਕਤੀ ਰਹਿ ਰਿਹਾ ਸੀ। ਫੌਜੀ ਕਾਰਵਾਈ ਦੌਰਾਨ ਜਦੋਂ ਸੰਤ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਸਾਥੀ ਸ਼ਹੀਦੀ ਪ੍ਰਾਪਤ ਕਰ ਗਏ ਸਨ, ਫਿਰ ਫੌਜ ਵੱਲੋਂ ਤੋਸ਼ਾਖਾਨਾ ਅਤੇ ਲਾਇਬਰੇਰੀ ਨੂੰ ਕਿਉਂ ਸਾੜਿਆ ਗਿਆ? ਕਿਉਂਕਿ ਉਸ ਵਿੱਚ ਸਿੱਖਾਂ ਦੇ ਅਹਿਮ ਦਸਤਾਵੇਜ਼ ਤੇ ਬੇਮੁੱਲਾ ਖ਼ਜਾਨਾ ਪਿਆ ਸੀ। ਦੁਨੀਆਂ ਵਿੱਚੋਂ ਕੋਈ ਅਜਿਹੀ ਮਿਸਾਲ ਨਹੀਂ ਮਿਲਦੀ, ਜਿਸ ਵਿੱਚ ਸਰਕਾਰ ਨੇ ਆਪਣੇ ਹੀ ਨਾਗਰਿਕਾਂ ਉਤੇ ਇੰਨਾ ਜ਼ੁਲਮ ਕੀਤਾ ਹੋਵੇ। ਉਕਤ ਫੌਜੀ ਕਾਰਵਾਈ ਬਾਰੇ ਪੜ੍ਹ ਕੇ ਹੈਰਾਨੀ ਹੁੰਦੀ ਹੈ ਕਿ ਸਰਕਾਰ ਨੇ ਕਿਸ ਤਰ੍ਹਾਂ ਮਨੁੱਖੀ ਅਧਿਕਾਰਾਂ ਦਾ ਘਾਣ ਕੀਤਾ ਹੈ। ਉਸ ਸਮੇਂ ਦੇ ਇੱਕ ਫੌਜੀ ਡਾਕਟਰ ਨੇ ਦੱਸਿਆ ਸੀ ਕਿ ਜਦੋਂ ਉਨ੍ਹਾਂ ਕੋਲ ਸਿੱਖਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਲਿਆਂਦੀਆਂ ਗਈਆਂ ਤਾਂ ਉਨ੍ਹਾਂ ਦੇ ਹੱਥ ਉਨ੍ਹਾਂ ਦੀਆਂ ਪੱਗਾਂ ਨਾਲ ਪਿੱਛੇ ਬੰਨ੍ਹੇ ਹੋਏ ਸਨ ਤੇ ਉਨ੍ਹਾਂ ਦੇ ਸਿਰਾਂ ਵਿੱਚ ਬਹੁਤ ਨੇੜੇ ਤੋਂ ਗੋਲੀ ਮਾਰੀ ਗਈ ਸੀ, ਜਿਨ੍ਹਾਂ ‘ਚ ਵੱਡੀ ਗਿਣਤੀ ਮਰਦ, ਔਰਤਾਂ ਅਤੇ ਬੱਚਿਆਂ ਦੀ ਸੀ।