ਜਦੋਂ ਦੋਸਤ ਮਰਦ-ਔਰਤ ਬੇਪਰਵਾਹੇ ਹੋਏ ਆਪਸ ਵਿੱਚ ਗੱਲੀਂ ਰੁੱਝੇ ਹੋਣ ਤਾਂ ਉਨ੍ਹਾਂ ਨੂੰ ਤਾੜਦੀਆਂ ਨਜ਼ਰਾਂ ਕੁਝ ਹੋਰ ਹੀ ਬੁਣਤੀਆਂ ਬੁਣਦੀਆਂ ਹੁੰਦੀਆਂ ਹਨ। ਸਵਾਦ ਲੈਣ ਵਾਲੇ ਸਵਾਦ ਲੈਂਦੇ ਹਨ ਤੇ ਸੜ-ਮੱਚ ਜਾਣ ਵਾਲੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹਵਾ ਵਿੱਚ ਉਡਾਉਣ ਲੱਗ ਪੈਂਦੇ ਹਨ। ਸਮਾਜ ਵਿੱਚ ਇਹ ਵਰਤਾਰਾ ਆਮ ਹੀ ਵਰਤਦਾ ਹੈ, ਪਰ ਜਦੋਂ ਮਰਦ-ਔਰਤ ਦੀ ਦੋਸਤੀ ਵਿੱਚ ਇੱਕ ਧਿਰ ਇੱਕਪਾਸੜ ਸੋਚ ਅਧੀਨ ਦੋਸਤੀ ਨੂੰ ਇਸ਼ਕ ਸਮਝਣ ਲੱਗ ਪਵੇ ਤਾਂ ਬੇਧਿਆਨੀ ਵਿੱਚ ਵੱਜੀਆਂ ਠੋਕਰਾਂ ਵਾਂਗ ਅਖੀਰ ਮਨ ਪੀੜ ਪੀੜ ਹੋ ਜਾਂਦਾ ਹੈ। ਇਸ ਸਭ ਕੁਝ ਦੇ ਰਲਵੇਂ-ਮਿਲਵੇਂ ਅਹਿਸਾਸ ਨੂੰ ਹੀ ਕਹਾਣੀਕਾਰ ਸਿਮਰਨ ਧਾਲੀਵਾਲ ਨੇ ਆਪਣੇ ਲਫਜ਼ਾਂ ਵਿੱਚ ਪਰੋਇਆ ਹੈ।
ਸਿਮਰਨ ਧਾਲੀਵਾਲ
ਫੋਨ: +91-9463215168
ਉਦੋਂ ਉਹਨੇ ਹੱਸ ਕੇ ਹੀ ਤਾਂ ਕਿਹਾ ਸੀ, “ਨਵਰਾਜ ਸਰ! ਕੋਈ ਸੋਹਣੀ ਜਿਹੀ ਗ਼ਜ਼ਲ ਸੁਣਾਓ ਨਾ।”
ਇਹ ਦੂਜਾ ਮੌਕਾ ਸੀ ਜਦੋਂ ਸਾਡਾ ਆਪਸ ਵਿੱਚ ਕਲਾਮ ਹੋਇਆ ਸੀ। ਪਹਿਲਾ, ਪਹਿਲੇ ਦਿਨ ਜਦੋਂ ਉਹ ਕਾਲਜ ਆਈ ਸੀ। ਉਹਦੀ ਹੈੱਡ ਨੇ ਸਟਾਫ ਰੂਮ ਵਿੱਚ ਸਾਡਾ ਤੁਆਰੁਫ਼ ਕਰਵਾਇਆ।
“ਇਹ ਰੋਜ਼ੀ ਮੈੱਮ ਨੇ। ਬਿਕਰਮ ਸਰ ਦੀ ਥਾਂ ’ਤੇ ਆਏ ਨੇ।” ਫਿਰ ਉਹਨੇ ਮੇਰੇ ਵੱਲ ਹੱਥ ਕਰਕੇ ਆਖਿਆ, “ਨਵਰਾਜ ਸਰ! ਮਿਊਜ਼ਕ ਡਿਪਾਰਟਮੈਂਟ। ਇਹ ਬਲਕਰਨ ਸਰ ਪੰਜਾਬੀ ਵਾਲੇ।” ਸਟਾਫ ਰੂਮ ਵਿਚ ਅਸੀਂ ਦੋਵੇਂ ਜਾਣੇ ਹੀ ਸਾਂ। ਬਲਕਰਨ ਨੇ ਹੱਸ ਕੇ ਕੋਈ ਗੱਲ ਤਾਂ ਕਰਨੀ ਚਾਹੀ ਸੀ, ਪਰ ਨਾ ਉਹਦੀ ਹੈੱਡ ਨੇ ਕੋਈ ਹੁੰਗਾਰਾ ਭਰਿਆ ਤੇ ਨਾ ਹੀ ਰੋਜ਼ੀ ਨੇ। ਮੈਨੂੰ ਲੱਗਦਾ, ਬਾਅਦ ਵਿੱਚ ਤਾਂ ਹੈੱਡ ਨੇ ਪੱਕਾ ਆਖ ਵੀ ਦਿੱਤਾ ਹੋਣਾ, “ਰੋਜ਼ੀ! ਆਹ ਪੰਜਾਬੀ ਵਾਲੇ ਨਾਲ ਬਹੁਤਾ ਮੂੰਹ ਨਾ ਲਾਈ। ਫੇਰ ਨਾ ਆਖੀਂ ਦੱਸਿਆ ਨਹੀਂ।”
ਦੂਜੀ ਵਾਰ ਉਦੋਂ, ਜਦੋਂ ਕਾਲਜ ਦੇ ਫਾਊਂਡੇਸ਼ਨ ਡੇਅ ’ਤੇ ਗਾਉਣ ਲਈ ਮੈਂ ਬੱਚਿਆਂ ਨੂੰ ਗੁਰਬਾਣੀ ਸ਼ਬਦ ਤਿਆਰ ਕਰਵਾ ਰਿਹਾ ਸੀ।
ਸਟਾਫ਼ ਵਿੱਚੋਂ ਕਦੇ-ਕਦੇ ਕੋਈ ਜਣਾ ਆਡੀਟੋਰੀਅਮ ਵਿੱਚ ਆ ਜਾਂਦਾ। ਉਸ ਦਿਨ ਉਹ ਵੀ ਅੰਗਰੇਜ਼ੀ ਵਾਲੀ ਕਸ਼ਅਪ ਮੈਡਮ ਨਾਲ ਆਈ ਸੀ। ਪਤਾ ਨਹੀਂ ਮੇਰੇ ਗਾਉਣ ਬਾਰੇ ਉਹਨੂੰ ਕਿਸ ਨੇ ਦੱਸਿਆ ਹੋਵੇ। ਉਹਨੇ ਨਿਸੰਗ, ਦੂਜੀ ਹੀ ਵਾਰ ਵਿੱਚ ਮੇਰੇ ਕੋਲ ਗ਼ਜ਼ਲ ਦੀ ਫ਼ਰਮਾਇਸ਼ ਕਰ ਲਈ।
“ਅਲਜ਼ਬਰਾ ਪੜ੍ਹਉਣ ਵਾਲਿਆਂ ਨੂੰ ਗ਼ਜ਼ਲਾਂ ਸਮਝ ਆਉਂਦੀਆਂ ਨੇ?” ਮੈਂ ਵੀ ਹੱਸ ਕੇ, ਪਰ ਝਕਦੇ ਹੋਏ ਨੇ ਆਖ ਦਿੱਤਾ।
“ਸਮਝ ਤਾਂ ਬਹੁਤ ਕੁਝ ਆਉਂਦਾ ਹੈ ਸਰ! ਹਾਲੇ ਤੁਸੀਂ ਗ਼ਜ਼ਲ ਸੁਣਾਓ।” ਉਹਨੇ ਪਹਿਲਾਂ ਨਾਲੋਂ ਵੀ ਵੱਧ ਸ਼ਰਾਰਤੀ ਲਹਿਜ਼ੇ ਵਿੱਚ ਆਖਿਆ।
ਮੈਂ ਹਾਰਮੋਨੀਅਮ ’ਤੇ ਹੱਥ ਚਲਾਇਆ। ਸੁਰ ਫੜਿਆ ਤੇ ਗਾਉਣ ਲੱਗਾ।
“ਤੇਰੇ ਆਨੇ ਕੀ ਜਬ ਖ਼ਬਰ ਮਹਿਕੇ…।”
ਮਾਹੌਲ ਸ਼ਾਂਤ ਹੋ ਗਿਆ। ਉਹ ਅੱਖਾਂ ਬੰਦ ਕਰੀ ਸੁਣਦੀ ਰਹੀ। ਜਦੋਂ ਮੈਂ ਗ਼ਜ਼ਲ ਮੁਕਾ ਕੇ ਉਸ ਵੱਲ ਦੇਖਿਆ, ਉਸਦੇ ਚਿਹਰੇ ਉਤੇ ਜਿਵੇਂ ਕੁਝ ਵੱਖਰਾ ਜਿਹਾ ਤਲਿਸਮ ਸੀ।
“ਇਹ ਨਹੀਂਉਂ ਸੰਗਦੀ-ਸੁੰਗਦੀ। ਸਭ ਨਾਲ ਗੱਲਾਂ ਤਾਂ ਇਉਂ ਮਾਰਦੀ, ਜਿਵੇਂ ਜੰਮੀ ਈ ਏਸੇ ਕਾਲਜ ਵਿਚ ਹੋਵੇ। ਤੂੰ ਦੇਖੀਂ! ਇੱਕ ਨਾ ਇੱਕ ਦਿਨ ਕੋਈ ਪਟਾਕਾ ਜ਼ਰੂਰ ਪੈਣਾ। ਇਹਦੀ ਨੱਥਲੀ ਦੱਸਦੀ।” ਸਟਾਫ਼ ਰੂਮ ਵਾਲੀ ਮੁਲਾਕਾਤ ਤੋਂ ਅਗਲੇ ਦਿਨ, ਬਲਕਰਨ ਕਨਟੀਨ `ਚ ਬੈਠਾ ਆਖ ਰਿਹਾ ਸੀ।
“ਨੱਥਲੀ ਵਾਲੀ ਗੱਲ ਸਮਝਾਉ ਉਸਤਾਦ ਜੀ।” ਫਿਜ਼ੀਕਲ ਵਾਲੇ ਗਿੱਲ ਨੇ ਚਾਹ ਦੀ ਚੁਸਕੀ ਭਰਦਿਆਂ, ਅੱਖਾਂ ਭੁਆਂ ਕੇ ਪੁੱਛਿਆ ਸੀ।
“ਇਹ ਨੁੱਕਤਾ ਜਵਾਕਾਂ ਨੂੰ ਨਹੀਂ ਦੱਸੀਦਾ ਬੱਲਿਆ।” ਬਲਕਰਨ ਨੇ ਆਖਿਆ ਤਾਂ ਸਾਰੇ ਹੱਸ ਪਏ ਸਨ। ਬਲਕਰਨ ਵੀ ਆਪਣੀ ਗੱਲ ’ਤੇ ਖੀਂ-ਖੀਂ ਕਰਕੇ ਹੱਸਦਾ ਰਿਹਾ; ਚੁੰਨੀਆਂ ਜਿਹੀਆਂ ਅੱਖਾਂ ਪੂਰੀਆਂ ਬੰਦ ਕਰਕੇ।
ਰੋਜ਼ੀ ਨੇ ਅੱਖਾਂ ਖੋਲ੍ਹੀਆਂ।
“ਵਾਹ! ਨਵਰਾਜ ਸਰ ਤੁਸੀਂ ਤਾਂ ਕਮਾਲ ਦਾ ਗਾਉਂਦੇ ਹੋ। ਪਤਾ ਇਹ ਮੇਰੀ ਫੈਵਰਿਟ ਗ਼ਜ਼ਲ ਏ।”
ਮੈਂ ਦੇਖਿਆ, ਆਡੀਟੋਰੀਅਮ ਵਿੱਚ ਜਗਦੀ ਮੱਧਮ ਜਿਹੀ ਲਾਈਟ ਵਿੱਚ ਉਹਦੇ ਨੱਕ ਦੀ ਨੱਥਲੀ ਚਮਕ ਰਹੀ ਸੀ। ਮੈਨੂੰ ਬਲਕਰਨ ਦੀ ਦੱਸੀ ਗੱਲ ਯਾਦ ਆ ਗਈ।
ਆਪਣੀ ਤਾਰੀਫ਼ ਸੁਣ ਕੇ ਮੈਂ ਬੱਸ ਹਲਕਾ ਜਿਹਾ ਮੁਸਕੁਰਾਇਆ।
“ਆਓ ਫਿਰ ਕੌਫ਼ੀ ਤਾਂ ਬਣਦੀ ਹੈ ਨਾ ਹੁਣ?” ਉਹਨੇ ਹੋਰ ਵੀ ਹੱਸ ਕੇ ਆਖਿਆ ਤਾਂ ਮੇਰੇ ਕੋਲੋਂ ਨਾਂਹ ਨਾ ਕਰ ਹੋਈ। ਬੱਚਿਆਂ ਨੂੰ ਬ੍ਰੇਕ ਦੇ ਕੇ ਮੈਂ, ਰੋਜ਼ੀ ਤੇ ਕਸ਼ਅਪ ਮੈਡਮ ਕਨਟੀਨ ਜਾ ਬੈਠੇ।
“ਤੁਸੀਂ ਬੈਠੋ ਤੇ ਮੈਂ ਆਈ।” ਪਲਾਂ ਵਿੱਚ ਹੀ ਉਹ ਕੌਫ਼ੀ ਦਾ ਆਰਡਰ ਦੇ ਕੇ ਆ ਗਈ।
“ਰੋਜ਼ੀ ਮੈੱਮ! ਸੱਚਮੁੱਚ, ਤੁਸੀਂ ਇੰਨੇ ਮਿਊਜ਼ਿਕ ਲਵਰ ਹੋਵੋਗੇ। ਆਈ ਕਾਂਟ…।” ਮੈਂ ਜਿਵੇਂ ਉਹਨੂੰ ਜਾਣਨ ਲਈ ਕਾਹਲਾ ਸੀ। ਪਰ ਅੰਦਰੋਂ ਕਿਤਿਓ, ਬਲਕਰਨ ਬੋਲਣ ਲੱਗਾ, ‘ਮੈਂ ਤੈਨੂੰ ਖੋਹਣਾ ਨਹੀਂ ਚਾਹੁੰਦਾ, ਇਸ ਲਈ ਮੈਂ ਤੈਨੂੰ ਜਾਨਣਾ ਨਹੀਂ ਚਾਹੁੰਦਾ।’ ਉਹ ਆਖਦਾ ਹੁੰਦਾ, ਜਿਹੜਾ ਬੰਦਾ ਚੰਗਾ ਲੱਗੇ ਉਹਨੂੰ ਜਾਨਣਾ ਨਹੀਂ ਚਾਹੀਦਾ। ਜਦੋਂ ਜਾਣ ਲਿਆ, ਫੇਰ ਚੰਗਿਆਈ ਫਿੱਕੀ ਪੈ ਜਾਂਦੀ ਤੇ ਬੰਦੇ ਦੇ ਭੈੜ ਦਿੱਸਣ ਲੱਗ ਜਾਂਦੇ ਨੇ।
ਮੈਂ ਮਨ ਹੀ ਮਨ ਆਪਣੀ ਇਸ ਗੱਲ ’ਤੇ ਮੁਸਕੁਰਾ ਪਿਆ। ਸੋਚਿਆ, ਮੈਂ ਉਹਨੂੰ ਪਾਇਆ ਹੀ ਕਿੱਥੇ ਹੈ ਜਿਹੜਾ ਖੋਹਣ ਦਾ ਡਰ ਹੈ?
“ਸਰ ਮੈਂ ਬਹੁਤ ਸੁਣਦੀ ਹਾਂ ਮਿਊਜ਼ਿਕ। ਇਨਫੈਕਟ ਚੰਗਾ ਮਿਊਜ਼ਿਕ। ਕਿਤਾਬਾਂ ਪੜ੍ਹਦੀ ਹਾਂ। ਆਈ ਐਮ ਆੱਰਟ ਲਵਰ ਐਕਚੁਅਲੀ।”
“ਕਿਆ ਬਾਤਾਂ ਤੁਹਾਡੀਆਂ। ਫੇਰ ਆਹ ਅਲ਼ਫ਼ਾ ਬੀਟਾ ਗਾਮਾ ਨਾਲ ਕਿਉਂ ਟੱਕਰਾਂ ਮਾਰਨੀਆਂ ਸੀ?”
“ਰੋਟੀ ਖਾਤਰ ਸਰ ਜੀ, ਰੋਟੀ ਖਾਤਰ। ਹੋਰ ਗਾਣਾ ਕੀਹਨੇ ਸੁਣਨਾ ਸੀ ਮੇਰਾ।”
“ਅੱਛਾ ਗਾਉਂਦੇ ਵੀ ਹੋ? ਫੇਰ ਤਾਂ ਹੋ ਜਾਏ ਜ਼ਰਾ ਕੋਈ ਤਰਾਨਾ।” ਮੈਂ ਇਸ ਵਾਰ ਸਾਰੀ ਝਿਜਕ ਦੂਰ ਕਰ ਕੇ ਆਖਿਆ।
“ਸਾਰਾ ਕੁਝ ਇੱਕੋ ਦਿਨ ਸੁਣ ਲੈਣਾ? ਕੀ ਗੱਲ, ਫੇਰ ਕੌਫ਼ੀ ਪੀਣ ਦਾ ਇਰਾਦਾ ਨਹੀਂ?” ਮੈਂ ਉਹਦੀ ਇਸ ਗੱਲ਼ ਨੂੰ ਦੋਸਤੀ ਦਾ ਸੱਦਾ ਸਮਝ ਲਿਆ।
***
ਕਈ ਦਿਨਾਂ ਬਾਅਦ ਧੁੱਪ ਨਿਕਲੀ ਸੀ।
ਮੈਂ ਸਟਾਫ਼ ਰੂਮ ਦੇ ਸਾਹਮਣੇ ਵਾਲੇ ਲਾਅਨ ਵਿਚ ਬੈਠਾ ਸਾਂ। ਉਹ ਪਤਾ ਨਹੀਂ ਕਿਧਰੋਂ ਤੁਰਦੀ ਫਿਰਦੀ ਮੇਰੇ ਕੋਲ ਆਣ ਬੈਠੀ।
“ਸਰ ਇਉਂ ਇਕੱਲਿਆਂ ਜਾਂ ਤਾਂ ਫਕੀਰ ਬਹਿੰਦੇ ਨੇ ਜਾਂ ਫਿਰ…। ਫਕੀਰ ਤਾਂ ਤੁਸੀਂ ਹੈਨੀ। ਸੋ…।” ਮੇਰੀਆਂ ਅੱਖਾਂ ਵਿਚ ਵੇਖਦੀ ਉਹ ਹੱਸ ਪਈ।
“ਇਕੱਲਾ ਕਿੱਥੇ! ਮੈਂ ਤਾਂ ਥੋਡੇ ਖ਼ਿਆਲਾਂ ਦੀ ਕਿਤਾਬ ਲਈ ਬੈਠਾਂ ਸਾਂ।” ਮੇਰਾ ਜੀਅ ਤਾਂ ਕੀਤਾ ਇੰਝ ਕਹਾਂ, ਪਰ ਡਰ ਗਿਆ।
“ਅਸੀਂ ਤਾਂ ਫ਼ਕੀਰ ਹੀ ਆ ਰੋਜ਼ੀ ਮੈੱਮ!” ਮੈਂ ਬਹੁਤਾ ਖੁਲ਼੍ਹਣ ਤੋਂ ਸੰਗ ਜਾਂਦਾ, ਪਰ ਮੋੜਾ ਦੇਣ ਦੀ ਕੋਸ਼ਿਸ਼ ਕਰਦਾ।
“ਚਲੋ ਅਗਲੇ ਚਾਲੀ ਮਿੰਟ ਫਕੀਰਾਂ ਦੇ ਲੇਖੇ ਸਹੀ। ਥਾਂ ਤਾਂ ਦੇ ਦਓ।” ਉਹਨੇ ਬੈੱਚ ਵੱਲ ਇਸ਼ਾਰਾ ਕੀਤਾ।
“ਰੋਜ਼ੀ ਜੀ ਬੈੱਚ ਦਾ ਕੀ ਏ ਅਸੀਂ ਤਾਂ ਦਿਲ ਵਿੱਚ ਥਾਂ ਦੇਣ ਨੂੰ ਤਿਆਰ ਆ।” ਕਹਿਣਾ ਤਾਂ ਮੈਂ ਇਹ ਚਾਹੁੰਦਾ ਸਾਂ, ਪਰ ਕਹਿਣ ਦੀ ਹਿੰਮਤ ਨਾ ਪਈ। ਆਪਣੀ ਡਾਇਰੀ ਚੁੱਕ ਕੇ ਉਹਦੇ ਬਹਿਣ ਲਈ ਥਾਂ ਬਣਾਉਂਦਾ, ਪਰ੍ਹੇ ਨੂੰ ਖਿਸਕ ਗਿਆ। ਉਹਨੇ ਬੈੱਚ ’ਤੇ ਬੈਠਦਿਆਂ ਲੰਮਾ ਸਾਹ ਲਿਆ।
“ਨਵਰਾਜ ਸਰ! ਕੋਈ ਸੋਹਣੀ ਜਿਹੀ ਗੱਲ ਸੁਣਾਓ।” ਉਸਨੇ ਹੱਸ ਕੇ ਆਖਿਆ। ਨੱਕ ਦੀ ਨੱਥਲੀ ਧੁੱਪ ਵਿੱਚ ਲਿਸ਼ਕ ਰਹੀ ਸੀ।
ਮੇਰਾ ਫੇਰ ਜੀਅ ਕੀਤਾ ਕਹਿ ਦਿਆਂ, “ਰੋਜ਼ੀ ਜੀ, ਸੋਹਣਿਆਂ ਸਾਹਮਣੇ ਸਭ ਸੋਹਣੀਆਂ ਗੱਲਾਂ ਫਿੱਕੀਆਂ ਹੁੰਦੀਆਂ।” ਪਰ ਮਨ ਦੀਆਂ ਮਨ ਵਿੱਚ ਦਬਾ ਕੇ ਮੈਂ ਆਪਣੀ ਡਾਇਰੀ ਖੋਲ਼੍ਹ ਲਈ।
“ਇੱਕ ਗ਼ਜ਼ਲ ਸੁਣੋ। ਦਾਸ ਨੇ ਅੱਜ ਲਿਖੀ। ਥੋੜ੍ਹੀ ਦੇਰ ਪਹਿਲਾਂ।” ਮੈਂ ਆਪਣੀ ਲਿਖੀ ਗ਼ਜ਼ਲ ਸੁਣਾ ਕੇ ਉਸਦੇ ਚਿਹਰੇ ਵੱਲ ਦੇਖਿਆ, ਆਪਣੀ ਰਚਨਾ ਦਾ ਪ੍ਰਭਾਵ ਜਾਨਣ ਲਈ।
“ਵਾਹ!! ਬਸ ਉਸਤਾਦ ਬਣ ਜਾਓ ਇਸ ਖਾਕਸਾਰ ਦੇ।” ਉਹ ਖਿੜ ਗਈ। ਮੈਂ ਉਸਨੂੰ ਖਿੜੀ ਦੇਖ ਕੇ ਖਿੜ ਪਿਆ।
ਅਸੀਂ ਚਾਹ ਪੀਤੀ। ਗੱਲਾਂ ਕੀਤੀਆਂ। ਗੀਤ-ਗ਼ਜ਼ਲਾਂ ਸੁਣੇ ਤੇ ਸੁਣਾਏ। ਉਹ ਮੇਰੇ ਨੇੜੇ ਹੁੰਦੀ ਗਈ। ਮੈਂ ਗੂੜ੍ਹੀ ਹੁੰਦੀ ਇਸ ਦੋਸਤੀ ਨਾਲ ਨਸ਼ਿਆਇਆ ਫਿਰਦਾ।
“ਅੱਜ ਰੋਟੀ ਕਿੰਨੇ ਵਜੇ ਖਾਣੀ ਗੁਰੂਦੇਵ। ਮੈਨੂੰ ਵੀ ਬੁਲਾ ਲਿਓ, ਇਕੱਠੇ ਖਾਵਾਂਗੇ।” ਜਿਸ ਦਿਨ ਉਹਨੇ ਇਹ ਪੁਛਿਆ, ਮੈਂ ਅੰਦਰੋਂ ਝੂਮ ਉਠਿਆ।
“ਬਾਰਾਂ ਪੈਂਤੀ ’ਤੇ!” ਮੈਂ ਫ੍ਰੀ ਲੈਕਚਰ ਦਾ ਹਿਸਾਬ ਲਗਾ ਕੇ ਦੱਸਿਆ ਸੀ। ਉਸ ਦਿਨ ਤੋਂ ਮਗਰੋਂ ਮੈਂ ਤੇ ਉਹ ਹਰ ਰੋਜ਼ ਇਕੱਠਿਆਂ ਰੋਟੀ ਖਾਣ ਲੱਗੇ।
“ਤੇਰਾ ਲੂਣ ਹਰਾਮ ਹੋ ਕੇ ਰਹਿਣਾ ਇੱਕ ਦਿਨ ਤੂੰ ਦੇਖ ਲਈ।” ਮੈਂ ਜਿੰਨਾ ਉਸ ਦੇ ਨਜ਼ਦੀਕ ਹੁੰਦਾ, ਬਲਕਰਨ ਦੀ ਕੋਈ ਨਾ ਕੋਈ ਗੱਲ ਮੈਨੂੰ ਉਨਾਂ ਹੀ ਡਰਾ ਦਿੰਦੀ।
“ਇਹ ਨੱਥਲੀ ਵਾਲੀਆਂ ਬਲਾਵਾਂ ਹੁੰਦੀਆਂ। ਬਚ ਕੇ ਰਹੀ ਦੇਖੀਂ ਪਾਣੀ ਨਹੀਂ ਮੰਗਣ ਦੇਣਾ ਅਗਲੀ ਨੇ।” ਮੈਂ ਬਲਕਰਨ ਦੀਆਂ ਗੱਲਾਂ ਵੱਲੋਂ ਧਿਆਨ ਹਟਾ ਕੇ ਆਪਣਾ ਸਾਰਾ ਧਿਆਨ ਉਹਦੇ ਵੱਲ ਮੋੜ ਲਿਆ। ਉਹਨੇ ਕੋਈ ਗੱਲ ਪੁੱਛਣੀ ਹੁੰਦੀ, ਮੈਨੂੰ ਪੁੱਛਦੀ। ਕੋਈ ਗੱਲ ਦੱਸਣੀ ਹੁੰਦੀ, ਕਾਲਜ ਵਿੱਚ ਮੈਨੂੰ ਲੱਭਦੀ ਫਿਰਦੀ।
“ਗੁਰੂ ਜੀ ਕੀ ਕਰ ਰਹੇ ਹੋ?” ਇੱਕ ਦਿਨ ਉਹਦਾ ਫੋਨ ਆਇਆ। ਮੈਂ ਬਹੁਤ ਰੁੱਝਿਆ ਹੋਇਆ ਸਾਂ, ਪਰ ਉਹਨੂੰ ਨਾ ਦੱਸਿਆ।
“ਗੁਰੂ ਜੀ ਫੇਰ ਐਗਜ਼ਾਮ ਹਾਲ ’ਚ ਆਜੋ, ਮੇਰੇ ਥਾਂ ਡਿਊਟੀ ’ਤੇ। ਮੇਰੇ ਨਾ ਪੇਪਰ ਚੈੱਕ ਕਰਨ ਵਾਲੇ ਪਏ ਨੇ।” ਉਹਨੇ ਇੰਨੇ ਮੋਹ ਨਾਲ ਆਖਿਆ ਕਿ ਮੈਂ ਆਪਣੇ ਜ਼ਰੂਰੀ ਕੰਮ ਪਾਸੇ ਰੱਖ ਕੇ ਉਹਦੀ ਥਾਂ ਡਿਊਟੀ ਕਰਨ ਲਈ ਚਲਾ ਗਿਆ।
“ਮੈਂ ਬੱਸ ਪੰਦਰਾਂ ਕੁ ਮਿੰਟਾਂ ’ਚ ਆਈ।” ਉਹਨੇ ਆਖਿਆ ਤੇ ਮਹਿਕਾਂ ਬਖੇਰਦੀ ਕਮਰਿਓਂ ਬਾਹਰ ਹੋ ਗਈ। ਪੰਦਰਾਂ ਮਿੰਟ ਗਿਣਦਿਆਂ-ਗਿਣਦਿਆਂ ਪੂਰੇ ਤਿੰਨ ਘੰਟੇ ਬੀਤ ਗਏ, ਪਰ ਉਹ ਮੁੜੀ ਨਾ। ਹਾਲ ਖਾਲੀ ਹੋ ਗਿਆ। ਬੱਚੇ ਘਰਾਂ ਨੂੰ ਤੁਰ ਗਏ। ਮੈਂ ਪੇਪਰ ਇਕੱਠੇ ਕੀਤੇ। ਜਮਾਂ ਕਰਵਾਏ ਤੇ ਸਟਾਫ਼ ਰੂਮ ਵਿੱਚ ਆ ਗਿਆ। ਮੇਰੇ ਆਉਂਦਿਆਂ ਨੂੰ ਉਹ ਮੈਡਮਾਂ ਨਾਲ ਬੈਠੀ ਸੰਤਰੇ ਖਾ ਰਹੀ ਸੀ।
“ਗੁਰੁ ਜੀ ਆ ਗਏ ਤੁਸੀਂ” ਉਹਨੇ ਇੰਨੇ ਸਹਿਜ ਨਾਲ ਕਿਹਾ ਕਿ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਪੰਦਰਾਂ ਮਿੰਟਾਂ ਦਾ ਕਹਿ ਕੇ ਉਹਨੇ ਮੇਰੇ ਕੋਲੋਂ ਤਿੰਨ ਘੰਟੇ ਆਪਣੀ ਥਾਂ ਡਿਊਟੀ ਕਰਵਾਈ ਸੀ, ਪਰ ਇੱਕ ਵਾਰ ਵੀ ਇਸ ਗੱਲ ਲਈ ਮੇਰਾ ਧੰਨਵਾਦ ਨਾ ਕੀਤਾ। ਮੈਨੂੰ ਇੱਕ ਪਲ ਲਈ ਬੁਰਾ ਵੀ ਲੱਗਿਆ, ਪਰ ਫੇਰ ਜਦੋਂ ਉਹ ਆਪਣੀ ਸੰਤਰਾ ਪਾਰਟੀ ਛੱਡ ਕੇ ਮੇਰੇ ਨਾਲ ਵਾਲੇ ਸੋਫ਼ੇ ’ਤੇ ਆ ਕੇ ਬੈਠੀ, ਮੇਰਾ ਗੁੱਸਾ ਕਿੱਧਰੇ ਗਫੂਰ ਹੋ ਗਿਆ। ਅਸੀਂ ਆਪਣੀਆਂ ਗੱਲਾਂ ਵਿੱਚ ਗੁਆਚ ਗਏ। ਸਟਾਫ਼ ਦੇ ਹੁੰਦਿਆਂ ਵੀ ਇਕੱਲ਼ੇ। ਮੈਂ ਨੋਟ ਕੀਤਾ, ਸਾਹਮਣੇ ਸੋਫ਼ਿਆਂ ’ਤੇ ਬੈਠੀਆਂ ਮੈਡਮਾਂ ਅੱਖਾਂ-ਅੱਖਾਂ ਵਿੱਚ ਗੱਲਾਂ ਕਰ ਰਹੀਆਂ ਸਨ। ਮੈਂ ਜਾਣਦਾ ਸਾਂ ਕਿ ਗੱਲ ਵੀ ਉਹ ਸਾਡੀ ਕਰ ਰਹੀਆਂ ਸਨ। ਉਹ ਕੀ, ਪੂਰਾ ਸਟਾਫ਼ ਸਾਡੀਆਂ ਗੱਲਾਂ ਕਰਨ ਲੱਗਾ ਸੀ। ਬਲਕਰਨ ਕੋਲੋਂ ਮੈਨੂੰ ਐਸੀਆਂ ਗੱਲਾਂ ਪਤਾ ਲੱਗਦੀਆਂ ਰਹਿੰਦੀਆਂ। ਉਹਦੇ ਸਾਹਮਣੇ ਤਾਂ ਮੈਂ ਐਸੀਆਂ ਗੱਲਾਂ ਕਰਨ ਵਾਲਿਆਂ ਨੂੰ ਗਾਲ੍ਹਾਂ ਕੱਢਦਾ, ਪਰ ਅੰਦਰੋਂ ਜਿਵੇਂ ਚਾਅ ਜਿਹਾ ਚੜ੍ਹਦਾ। ਆਪਣੇ ਨਾਮ ਨਾਲ ਉਸਦਾ ਨਾਮ ਜੁੜਨਾ ਮੈਨੂੰ ਚੰਗਾ-ਚੰਗਾ ਲੱਗਦਾ। ਇਹ ਗੱਲ ਉਸ ਤੋਂ ਵੀ ਵੱਧ ਚੰਗੀ ਲੱਗਦੀ ਕਿ ਲੋਕਾਂ ਨੂੰ ਲੱਗਦਾ ਹੈ ਸਾਡੇ ਵਿਚਕਾਰ ਕੁਝ ਹੈ। ਮੈਂ ਸੋਚਦਾ, ਕਾਸ਼! ਇਹ ਅਫਵਾਹ ਸੱਚ ਹੋ ਜਾਵੇ। …ਤੇ ਕਦੀ ਕਦੀ ਲੱਗਣ ਲੱਗਦਾ, ਸੱਚਮੁਚ ਹੈ ਸਾਡੇ ਵਿਚਾਲੇ ਕੁਝ। ਉਹਦੀਆਂ ਗੱਲਾਂ ਮੇਰਾ ਮਨ ਮੋਹ ਲੈਂਦੀਆਂ। ਮੇਰੀਆਂ ਗੱਲਾਂ ਦੀ ਉਹ ਕਾਇਲ ਹੋਈ ਰਹਿੰਦੀ। ਉਹ ਮੈਨੂੰ ਲੱਭਦੀ, ਮੈਂ ਉਹਨੂੰ ਲੱਭਦਾ। ਖਾਲੀ ਲੈਕਚਰ ਅਸੀਂ ਇਕੱਠਿਆਂ ਬਿਤਾਉਂਦੇ। ਮੇਲ ਸਟਾਫ਼ ਨਾਲ ਮੇਰਾ ਬਹਿਣ-ਉਠਣ ਛੁਟ ਗਿਆ। ਮਰਦ ਜਿਹੜੀਆਂ ਗੱਲਾਂ ਸਾਡੇ ਬਾਰੇ ਕਰਦੇ, ਉਹ ਗੱਲਾਂ ਮੈਨੂੰ ਬਲਕਰਨ ਸੁਣਾ ਦਿੰਦਾ।
“ਭਾਅ ਜਾਂ ਤਾਂ ਮੋਰਚਾ ਜਿੱਤ ਲੈ, ਨਹੀਂ ਫੋਕੀ ਤੋਏ-ਤੋਏ ਨਾ ਕਰਾ ਲਈਂ। ਸ਼ਹਿਨਾਈ ਵੱਜਣੀ ਨਹੀਂ, ਪਰ ਵਾਜਾ ਤੇਰਾ ਜ਼ਰੂੂਰ ਵੱਜ ਜਾਣਾ।” ਬਲਕਰਨ ਹੌਸਲਾ ਵੀ ਦੇ ਜਾਂਦਾ ਤੇ ਚਿੰਤਾ ਵਿੱਚ ਵੀ ਪਾ ਜਾਂਦਾ।
“ਗੁਰੂਦੇਵ ਇੱਕ ਚਿੰਤਾ ਆਣ ਪਈ ਹੈ।” ਕਿਸੇ ਛੁੱਟੀ ਵਾਲੇ ਦਿਨ ਉਹਦਾ ਫੋਨ ਆ ਗਿਆ। ਫੋਨ ਤਾਂ ਉਹਦਾ ਅਕਸਰ ਹੀ ਆਉਂਦਾ ਸੀ, ਪਰ ਚਿੰਤਾ ਵਾਲੀ ਗੱਲ ਨੇ ਮੈਨੂੰ ਚਿੰਤਾ ਵਿੱਚ ਪਾ ਦਿੱਤਾ ਸੀ।
“ਹਮ ਹੈ ਤੋਂ ਕਿਆ ਗ਼ਮ ਹੈ। ਦੱਸੋਂ ਜਨਾਬ ਹਰ ਚਿੰਤਾ ਹਰ ਲਵਾਂਗੇ।” ਮੈਂ ਬੜੇ ਚਾਅ ਨਾਲ ਆਖਿਆ ਸੀ।
“ਦਸ ਹਜ਼ਾਰ ਰੁਪਈਆਂ ਦੀ ਲੋੜ ਪੈ`ਗੀ ਬਸ।” ਆਖ ਕੇ ਜਿਵੇਂ ਉਹਨੇ ਆਪਣੀ ਚਿੰਤਾ ਦਾ ਪਹਾੜ ਮੇਰੇ ਉਤੇ ਲੱਦ ਦਿੱਤਾ। ਜਿੰਨੇ ਜੋਸ਼ ਨਾਲ ਮੈਂ ਡਾਇਲਾਗ ਮਾਰਿਆ ਸੀ, ਨਾਂਹ ਕਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ। ਪਲਾਂ ਵਿੱਚ ਮੈਂ ਸਾਰੀ ਜੋੜ-ਘਟਾਓ ਕਰ ਗਿਆ। ਦਸ ਹਜ਼ਾਰ ਉਹਨੂੰ ਦੇ ਕੇ ਮੇਰਾ ਆਪਣਾ ਬਜ਼ਟ ਹਿੱਲ ਗਿਆ।
“ਸੱਚੀਂ ਤੁਹਾਡੇ ਤੋਂ ਹੀ ਆਸ ਸੀ। ਆਸ ਕਾਹਦੀ, ਇੱਕ ਮਾਣ ਜਿਹਾ ਲੱਗਦਾ ਸੀ ਕਿ ਮੈਂ ਗੁਰੂਦੇਵ ਕੋਲੋਂ ਮੰਗ ਲੈਣੇ ਪੈਸੇ।”
ਕਈ ਦਿਨ ਬੀਤ ਗਏ। ਦਿਨਾਂ ਦੇ ਮਹੀਨੇ ਬਣਨ ਲੱਗੇ, ਉਹਨੇ ਪੈਸਿਆਂ ਦੀ ਗੱਲ ਹੀ ਨਾ ਕੀਤੀ। ਮੈਂ ਮਨ ਵਿੱਚ ਕਈ ਬੁਣਤਾ ਬੁਣਦਾ ਰਿਹਾ। ਕਦੀ ਸੋਚਦਾ ਪੈਸਾ ਮੰਗ ਲਵਾਂ, ਕਦੀ ਲੱਗਦਾ ਉਹਨੇ ਆਪਣੇ ਆਪ ਮੋੜ ਦੇਣੇ। ਆਖਿਰ ਇਸੇ ਉਲਝਣ ਵਿੱਚ ਉਲਝੇ ਨੇ ਮੈਂ ਸੋਚ ਲਿਆ, ਪੈਸੇ ਮੰਗ ਹੀ ਲੈਂਦਾ ਹਾਂ। ਮੈਂ ਕਲਾਸ ਮੁਕਾ ਕੇ ਆਇਆ ਸਾਂ। ਸਾਹਮਣੇ ਉਹ ਬੈਠੀ ਸੀ। ਮੈਂ ਨਾਲ ਵਾਲੇ ਸੋਫੇ ’ਤੇ ਬਹਿ ਗਿਆ। ਪੈਸਿਆਂ ਦੀ ਗੱਲ ਕਰਨ ਲਈ ਮੂੰਹ ਖੋਲ੍ਹਣ ਹੀ ਲੱਗਾ ਸਾਂ ਕਿ ਉਹਨੇ ਆਪਣਾ ਏ. ਟੀ. ਐਮ. ਕਾਰਡ ਮੇਰੇ ਵੱਲ ਵਧਾਇਆ, “ਆਹ ਜੇਬ ’ਚ ਪਾ ਲਓ, ਹੁਣ ਕਿੱਥੇ ਪਰਸ ਵਿੱਚ ਪਾਉਣ ਜਾਵਾਂ।” ਮੈਂ ਕਾਰਡ ਜੇਬ ਵਿੱਚ ਪਇਆ ਤੇ ਆਪਣੀ ਗੱਲ ਅੰਦਰ ਹੀ ਦਬਾ ਲਈ। ਮੁੜ ਹਫ਼ਤਾ ਭਰ ਏ. ਟੀ. ਐਮ. ਮੇਰੇ ਕੋਲ ਪਿਆ ਰਿਹਾ। ਇੱਕ ਸ਼ਾਮ ਉਹਦਾ ਮੈਸੇਜ ਆਇਆ ਕਿ ਕੱਲ੍ਹ ਕਾਲਜ ਆਉਂਦਿਆਂ ਉਹਦੇ ਕਾਰਡ ਨਾਲ ਪੈਸੇ ਕਢਵਾਈ ਲਿਆਵਾਂ। ਨਾਲ ਏ. ਟੀ. ਐਮ. ਦਾ ਪਿੰਨ ਵੀ ਸੀ। ਮੈਂ ਜਾ ਕੇ ਕਾਰਡ ਤੇ ਪੈਸੇ ਉਹਦੇ ਅੱਗੇ ਕੀਤੇ। ਕਾਰਡ ਉਹਨੇ ਮੈਨੂੰ ਮੋੜ ਦਿੱਤਾ ਤੇ ਪੈਸੇ ਮੁੱਠੀ ਵਿੱਚ ਘੁੱਟ ਲਏ।
“ਆਹ ਤਾਂ ਤੁਸੀਂ ਰੱਖ ਲੋ। ਫੇਰ ਲੈ ਲਊਂਗੀ।” ਕਾਰਡ ਮੇਰੇ ਕੋਲ ਰਿਹਾ। ਉਹ ਪੈਸੇ ਦੱਸ ਦਿੰਦੀ, ਮੈਂ ਕਢਵਾ ਦਿੰਦਾ। ਮੈਂ ਹੋਰ ਤਰ੍ਹਾਂ ਦੀਆਂ ਫੀਲਿੰਗਾਂ ਚੱਕੀ ਜਾਂਦਾ। ਮਨ ਵਿੱਚ ਸੋਚਦਾ, ਨਵਰਾਜ ਸਿਆਂ! ਕਿਹੜਾ ਵੰਡਿਆਂ ਕੁਝ। ਭੁੱਲ ਜਾ ਦਸ ਹਜ਼ਾਰ ਨੂੰ। ਅਗਲੀ ਤਾਂ ਖਰਚੇ ਨੂੰ ਪੈਸੇ ਵੀ ਤੇਰੇ ਹੱਥੋਂ ਲੈਂਦੀ।
ਮੈਂ ਜਿਵੇਂ ਹਵਾ ਵਿੱਚ ਉਡਿਆ ਫਿਰਦਾ।
ਕਾਲਜ ਵਿੱਚ ਸਾਡੀ ਗੱਲ ਉੱਡੀ ਫਿਰਦੀ। ਮੈਂ ਇਸ ਉਡਦੀ ਗੱਲ ਦੀ ਗੱਲ ਰੋਜ਼ੀ ਨਾਲ ਕਰਦਾ। ਉਹ ਬੜੀ ਲਾਪਰਵਾਹੀ ਨਾਲ ਆਖਦੀ, “ਕੁਛ ਤੋਂ ਲੋਗ ਕਹੇਗੇ…! ਪਰਵਾਹ ਨਹੀਂ ਕਰਦੀ। ਆਓ ਆਪਾਂ ਕੌਫੀ ਪੀਂਦੇ ਆਂ, ਲੋਕਾਂ ਨੂੰ ਦਿਖਾ ਕੇ।” ਉਹਦੀ ਗੱਲ ਨਾਲ ਮੈਂ ਹੋਰ ਹੌਸਲੇ ਵਿੱਚ ਆ ਜਾਂਦਾ। ਮਨ ਵਿੱਚ ਸੋਚਦਾ, “ਨਵਰਾਜ ਸਿਆਂ! ਮਨ ਉਹਦੇ ’ਚ ਕੁਝ ਤਾਂ ਹੈ ਤੇਰੇ ਲਈ। ਐਂਵੇ ਕਿਹੜੀ ਕੁੜੀ ਦਾ ਬਦਨਾਮ ਹੋਣ ਨੂੰ ਜੀ ਕਰਦਾ?”
ਅਸੀਂ ਦੋਵੇਂ ਇੱਕ ਦੂਜੇ ਨਾਲ ਬਦਨਾਮ ਹੋਏ ਫਿਰਦੇ।
ਉਹ ਵਿਹਲਾ ਹਰ ਪਲ ਮੇਰੇ ਨਾਲ ਬਿਤਾਉਂਂਦੀ। ਮੈਡਮਾਂ ਇਸ ਗੱਲੋਂ ਔਖੀਆਂ ਹੁੰਦੀਆਂ। ਕੋਈ ਚਾਹ ਰੋਟੀ ਦਾ ਪੁੱਛਦੀ ਤਾਂ ਉਹ ਨਾਂਹ ਕਰ ਦਿੰਦੀ। ਕੋਲੋਂ ਕੋਈ ਦੂਜੀ ਟਿੱਚਰ ਕਰ ਜਾਂਦੀ, “ਅਗਲੀ ਆਪਣੇ ਨਾਲ ਚਾਹ ਪੀਂਦੀ ਭਲਾ?” …ਤੇ ਰੋਜ਼ੀ ਉਸ ਤੋਂ ਵੀ ਵੱਧ ਕਰ ਦਿਖਾਉਂਦੀ, “ਹਾਂ! ਇਹ ਤਾਂ ਹੈ। ਇੱਕ ਕੰਮ ਕਰਿਓ, ਫਿਰ ਮੇਰੀ ਤੇ ਨਵਰਾਜ਼ ਸਰ ਦੀ ਚਾਹ ਦਾ ਸੁਨੇਹਾ ਵੀ ਲਾ ਦਿਓ ਕਨਟੀਨ ’ਤੇ।”
ਟਿੱਚਰ ਕਰਨ ਵਾਲਾ ਚਿੱਤ ਹੋ ਜਾਂਦਾ।
ਅਸੀਂ ਸਭ ਨੂੰ ਟਿੱਚ ਜਾਣਦੇ।
****
ਮੈਂ ਹੌਲੀ-ਹੌਲੀ ਮੋਹ ਮੁਹੱਬਤ ਦੀ ਗੱਲ਼ ਕਰਨ ਲੱਗਿਆ। ੳਾਨੇ-ਬਹਾਨੇ ਉਹਦਾ ਮਨ ਪੜ੍ਹਨ ਦੀ ਕੋਸ਼ਿਸ਼ ਕਰਦਾ। ਉਹ ਵੀ ਜਦ ਕੋਈ ਕੋਲ ਨਾ ਹੁੰਦਾ ‘ਸਰਕਾਰ–ਸਰਕਾਰ’ ਕਰਦੀ ਫਿਰਦੀ। ਕਦੇ ਹਾਲ ਪੁੱਛਦਾ ਤਾਂ ਹੱਸ ਕੇ ਆਖਦੀ, ਹਾਲ ਤਾਂ ਤੁਹਾਡੇ ਨਾਲ ਨੇ। ਮੈਂ ਸੋਚਦਾ, ਮਨ ਵਿੱਚ ‘ਕੁਝ’ ਤਾਂ ਹੈ ਇਹਦੇ ਵੀ। ਪਰ ਖੁਲ਼੍ਹ ਕੇ ਕੁਝ ਵੀ ਕਹਿਣ ਤੋਂ ਡਰਦਾ। ਬਲਕਰਨ ਜਦ ਵੀ ਮਿਲਦਾ, ਆਖ ਦਿੰਦਾ, “ਇਹੋ ਜਿਹੀਆਂ ਆਪੇ ਰੌਲਾ ਪਾ ਦਿੰਦੀਆਂ ਹੁੰਦੀਆਂ…।”
ਮੇਰਾ ਚਿੱਤ ਕਰਦਾ, ਵੱਟਾ ਮਾਰ ਕੇ ਬਲਕਰਨ ਦਾ ਸਿਰ ਭੰਨ ਦਿਆਂ। ਉਹ ਜਦੋਂ ਵੀ ਰੋਜ਼ੀ ਬਾਰੇ ਕੁਝ ਮਾੜਾ ਆਖਦਾ, ਮੇਰਾ ਮੂਡ ਉੱਖੜ ਜਾਂਦਾ। ਮੈਂ ਸਭ ਗੱਲਾਂ ਭੁੱਲ ਕੇ ਆਪਣਾ ਧਿਆਨ ਮੁਹੱਬਤ ਦੀ ਗੱਲ ਵੱਲ ਲਾਉਂਦਾ।
****
ਫਰਵਰੀ ਦਾ ਮਹੀਨਾ ਸੀ। ਮੌਸਮ ਮਿੱਠਾ ਜਿਹਾ ਸੀ। ਕਿਸੇ-ਕਿਸੇ ਦਿਨ ਠੰਢ ਹੁੰਦੀ, ਕਦੇ ਕੜਾਕੇ ਦੀ ਧੁੱਪ ਲੱਗਦੀ। ਕਦੇ ਠੰਢੀ-ਠਾਰ ਹਵਾ ਚੱਲਦੀ। ਵੈਲਨਟਾਈਨ ਵੀਕ ਸ਼ੁਰੂ ਹੋ ਗਿਆ। ਮੈਂ ਮਨ ਵਿੱਚ ਸੋਚ ਲਿਆ, ਪਿਆਰ ਦੇ ਇਸ ਹਫ਼ਤੇ ਵਿੱਚ ਪਿਆਰ ਦੀ ਬਾਜ਼ੀ ਜਿੱਤ ਲੈਣੀ ਹੈ। ਮੈਂ ਉਹਦੇ ਅੱਗੇ ਇਜ਼ਹਾਰ ਕਰਨ ਦੀਆਂ ਵਿਉਂਤਾਂ ਬਣਾਉਂਦਾ। ਕਾਲਜ ਵਿੱਚ ਉਸ ਦਿਨ ਕੋਈ ਛੁੱਟੀ ਸੀ। ਰੋਜ਼ੀ ਦਾ ਸੁਨੇਹਾ ਆਇਆ। ਉਸਨੇ ਦੁਪਹਿਰ ਵੇਲੇ ਯੂ. ਟੀ. ਮਾਰਕੀਟ ਮਿਲਣ ਲਈ ਆਖਿਆ ਸੀ। ਮੈਂ ਉਚੇਚ ਨਾਲ ਤਿਆਰ ਹੋਇਆ। ਵਧੀਆ ਜਿਹਾ ਇਤਰ ਲਾ ਕੇ ਯੂ. ਟੀ. ਮਾਰਕੀਟ ਪਹੁੰਚ ਗਿਆ। ਉਹ ਮੂਹਰੇ ਖੜ੍ਹੀ ਸੀ। ਹੱਥ ਵਿੱਚ ਸੁਰਖ਼ ਗੁਲਾਬ ਲਈ। ਉਸਨੂੰ ਦੇਖ ਯਾਦ ਆਇਆ ਕਿ ਅੱਜ ਤਾਂ ਰੋਜ਼ ਡੇਅ ਹੈ। ਮਨ ਵਿੱਚ ਪਛਤਾਇਆ ਕਿ ਕਾਸ਼ ਮੈਂ ਵੀ ਉਸ ਲਈ ਗੁਲਾਬ ਲਈ ਆਉਂਦਾ।
ਅਸੀਂ ਇੱਕ ਬੈੱਚ ਉੱਪਰ ਬੈਠ ਗਏ।
“ਜਨਾਬ ਇੱਕ ਬੇਹੱਦ ਖ਼ਾਸ ਗੱਲ ਕਰਨੀ ਅੱਜ ਮੈਂ ਤੁਹਾਡੇ ਨਾਲ।” ਉਸਨੇ ਗਲਾ ਸਾਫ਼ ਕਰਦਿਆਂ ਆਖਿਆ।
ਮੈਂ ਮਨ ਹੀ ਮਨ ਮੁਸਕੁਰਾਇਆ। ਉਡੀਕ ਕਰਨ ਲੱਗਾ ਕਦੋਂ ਇਹ ਮਹਿਕਦਾ ਗੁਲਾਬ ਮੇਰੇ ਵੱਲ ਵਧੇਗਾ।
“ਤੁਸੀਂ ਕਲਾਕਾਰ ਹੋ। ਦੱਸੋ ਮੁਹੱਬਤ ਬਾਰੇ ਤੁਸੀਂ ਕੀ ਸੋਚਦੇ ਹੋ?” ਮੁਹੱਬਤ ਦਾ ਸਵਾਲ ਉਸਨੇ ਮੈਨੂੰ ਪਾ ਦਿੱਤਾ।
“ਮੇਰੇ ਲਈ ਤਾਂ ਮਹੁੱਬਤ ਦੁਨੀਆ ਦੀ ਸਭ ਤੋਂ ਵੱਡੀ ਚੀਜ਼ ਹੈ। ਅਹਿਸਾਸਾਂ ਦੀ ਸਾਂਝ। ਮਿੱਠਾ ਜਿਹਾ ਸਰੂਰ।” ਮੈਂ ਕੁਝ ਵਧੇਰੇ ਵਿਸ਼ੇਸ਼ਣ ਜੋੜ ਕੇ ਆਖ ਦਿੱਤਾ।
“ਮੇਰੇ ਲਈ ਵੀ ਇਹੀ ਹੈ ਮੁਹੱਬਤ ਦੀ ਪਰਿਭਾਸ਼ਾ। ਮੈਂ ਵੀ ਇਸ ਅਹਿਸਾਸ ਨੂੰ ਜਿਊਣਾ ਚਾਹੁੰਦੀ ਹਾਂ।” ਉਸ ਅੱਖਾਂ ਨੂੰ ਫੈਲਾਉਂਦਿਆਂ ਆਖਿਆ।
ਮੈਂ ਹੋਰ ਖੁਸ਼ ਹੋ ਗਿਆ, ਪਰ ਨਾਲ ਹੀ ਮਨ ਵਿੱਚ ਖ਼ੁਦ ਨੂੰ ਡਾਂਟਿਆ। ਆਖਿਆ, ਵੱਡਿਆ ਕਲਾਕਾਰਾ ਤੈਥੋਂ ਇਜ਼ਹਾਰ ਕਰ ਨਹੀਂ ਹੋਇਆ। ਕੁੜੀ ਦੇਖ`ਲਾ ਮੁਹੱਬਤ ਦੇ ਇਜ਼ਹਾਰ ਲਈ ਗੁਲਾਬ ਹੱਥ ਵਿੱਚ ਫੜੀ ਖੜ੍ਹੀ ਹੈ।
“ਤਾਂ ਰੋਕਿਆ ਕਿਸ ਨੇ ਜੀ ਲਓ। ਸੋਚਦੇ ਕੀ ਹੋ?”
“ਜਿਸ ਨਾਲ ਮੁਹੱਬਤ ਹੈ ਉਸਨੇ ਤਾਂ ਕਦੇ ਜਤਾਈ ਨਹੀਂ। ਦਿਲ ਟੁੱਟਣ ਤੋਂ ਡਰਦੀ ਹਾਂ।”
“ਹੋ ਸਕਦਾ ਹੈ ਉਹ ਸਾਹਮਣੇ ਵਾਲਾ ਬੱਸ ਕਹਿ ਹੀ ਨਾ ਪਾਉਂਦਾ ਹੋਵੇ। ਮੁਹੱਬਤ ਤਾਂ ਉਹ ਵੀ ਬੇਪਨਾਹ ਕਰਦਾ ਹੋਵੇ।” ਮੈਂ ਆਪਣੇ ਮਨ ਦੀ ਹਾਲਤ ਬਿਆਨ ਕਰਨ ਲੱਗਾ।
“ਮਤਲਬ ਇਹ ਕਿ ਹੁਣ ਇਜ਼ਹਾਰ ਕਰਨ ਦੀ ਹਿੰਮਤ ਵੀ ਮੈਂ ਕਰਾਂ।” ਉਹਨੇ ਡੂੰਘਾ ਸਾਹ ਲੈਂਦਿਆਂ ਆਖਿਆ।
“ਕਰ ਲਓ ਇਹ ਨਾ ਹੋਵੇ ਇਹ ਗੁਲਾਬ ਮੁਰਝਾ ਹੀ ਜਾਏ।” ਮੈਂ ਗੁਲਾਬ ਲੈਣ ਲਈ ਕਾਹਲਾ ਸਾਂ।
“ਹਾਂ ਕੀ ਪਤਾ, ਸਾਹਮਣੇ ਵਾਲੇ ਨੇ ਗੁਲਾਬ ਦੇਣਾ ਵੀ ਹੈ ਜਾਂ ਨਹੀਂ।” ਮੈਨੂੰ ਲੱਗਿਆ ਉਹਨੇ ਇਹ ਗੱਲ ਮੇਰੇ ਖਾਲੀ ਹੱਥਾਂ ਵੱਲ ਝਾਕ ਕੇ ਆਖੀ ਸੀ।
“ਚੱਲ ਇੱਕ ਪਹਿਲ ਤੁਸੀਂ ਕਰ ਲਓ। ਫੇਰ ਤਾਂ…।” ਮੈਂ ਅਜੇ ਗੱਲ ਅੱਧੀ ਹੀ ਕੀਤੀ ਸੀ। ਉਹ ਬੈਂਚ ਤੋਂ ਉਠੀ।
“ਤਾਂ ਫੇਰ ਗੁਰੂ ਜੀ ਤੁਸੀਂ ਫੜੋ ਵਿਸ਼ਾਲ ਕਾਲੋਨੀ ਦਾ ਆਟੋ। ਘਰ ਪਹੁੰਚੋ। ਉਹ ਆਉਣ ਵਾਲਾ। ਪ੍ਰੇਮ ਕਥਾ ਮੈਂ ਤੁਹਾਨੂੰ ਕੱਲ੍ਹ ਕਾਲਜ ਆ ਕੇ ਸੁਣਾਊ।” ਉਹ ਇੰਨੀ ਕਾਹਲ ਵਿੱਚ ਸੀ ਕਿ ਜਿਵੇਂ ਮੈਨੂੰ ਧੱਕ ਕੇ ਯੂ. ਟੀ. ਮਾਰਕੀਟ ਵਿੱਚੋਂ ਬਾਹਰ ਕੱਢ ਦੇਣਾ ਚਾਹੁੰਦਾ ਹੋਵੇ।
“ਕੌਣ ਆਉਣ ਵਾਲਾ? ਕਿਸਦੀ ਗੱਲ ਕਰਦੇ?”
“ਉਹੀ ਜਿਸ ਨਾਲ ਮੈਂ ਆਪਣੀ ਮੁਹੱਬਤ ਦਾ ਇਜ਼ਹਾਰ ਕਰਨਾ। ਇਹ ਗੁਲਾਬ ਜਿਸ ਗੇਂਦੇ ਨੂੰ ਦੇਣਾ, ਮੇਰੇ ਸਕੂਲ ਟਾਈਮ ਦਾ ਦੋਸਤ ਹੈ।” ਉਹ ਖਿੜ-ਖੜਾ ਕੇ ਹੱਸ ਪਈ।
“ਗੁਰੂਦੇਵ! ਹਰ ਔਖੀ ਘੜੀ ’ਚ ਤੁਸੀਂ ਹੀ ਮੇਰੀ ਬੇੜੀ ਕਿਨਾਰੇ ਲਾਉਂਦੇ ਹੋ। ਚਲੋ ਕੱਲ੍ਹ ਮਿਲਦੇ ਹਾਂ। ਕੌਫ਼ੀ ਪੀਵਾਂਗੇ ਇਸ ਰੋਜ਼ ਡੇਅ ਦੀ ਖੁਸ਼ੀ ਵਿੱਚ। ਨਾਲੇ ਦੱਸੂੰਗੀ, ਕੀ ਕਹਿੰਦਾ ਮੇਰਾ ਰਾਂਝਾ।” ਉਹਨੇ ਅੱਖ ਦੱਬ ਕੇ ਆਖਿਆ। ਮੈਂ ਫਿੱਕਾ ਜਿਹਾ ਹੱਸਿਆ। ਬਾਏ ਕਹਿ ਕੇ ਮੇਨ ਰੋਡ ਵੱਲ ਚੱਲ ਪਿਆ। ਬੇਧਿਆਨੀ ਵਿੱਚ ਪੈਰ ਪੱਥਰ ਨਾਲ ਟਕਰਾਇਆ। ਪੈਰ ਪੀੜ ਨਾਲ ਭਰ ਗਿਆ, ਪਰ ਮੈਂ ਪੀੜ ਦਬਾ ਕੇ ਅੱਗੇ ਤੁਰ ਪਿਆ।