ਇਸ ਦਰਦ ਦੀ ਕੀ ਦਵਾ ਹੋਵੇ-2
ਹੱਡੀਂ ਹੰਢਾਏ ਦਰਦ ਦੀ ਚੀਸ ਸਮੁੱਚੇ ਤੌਰ ‘ਤੇ ਕਦੇ ਵੀ ਨਹੀਂ ਜਾਂਦੀ। ਜਦੋਂ ਉਸ ਦਾ ਜ਼ਿਕਰ ਛਿੜਦਾ ਹੈ ਜਾਂ ਜਦੋਂ ਆਲੇ-ਦੁਆਲੇ ਓਹੋ ਜਿਹਾ ਕੁਝ ਵਾਪਰਦਾ ਹੈ ਤਾਂ ਪੀੜ ਮਹਿਸੂਸਦੇ ਲੋਕ ਉਸ ਦਰਦ ਲਈ ਦਵਾ ਦਾ ਆਹਰ-ਪਾਹਰ ਕਰਨ ਦੀ ਸੋਚਦੇ ਹਨ। ਇਹ ਵੱਡੀ ਤ੍ਰਾਸਦੀ ਹੈ ਕਿ ਧਰਮ, ਜਾਤ, ਰੰਗ, ਨਸਲ ਦੇ ਆਧਾਰ ‘ਤੇ ਸਮਾਜ ‘ਚ ਵੰਡੀਆਂ ਪਈਆਂ ਹੋਣ ਕਰ ਕੇ ਸਮਾਜ ਵਿੱਚ ਵਾਪਰਦੀਆਂ ਵੱਖ ਵੱਖ ਕਿਸਮ ਦੀਆਂ ਉਲਟ ਪ੍ਰਵਿਰਤੀਆਂ ਬਾਬਤ ਅਸੀਂ ਖੁਦ ਨੂੰ ਬੋਲਣ ਦੀ ਇਜਾਜ਼ਤ ਨਹੀਂ ਦਿੰਦੇ; ਬਸ ਗਿਣਤੀ ਦੇ ਕੁਝ ਲੋਕਾਂ ਨੂੰ ਛੱਡ ਕੇ। ਇਸ ਲੇਖ ਵਿੱਚ ਲੇਖਕ ਨੇ ਬੇਇਨਸਾਫੀਆਂ ਤੇ ਮਨੁੱਖੀ ਹੱਕ-ਹਕੂਕਾਂ ਦੀ ਹੋ ਰਹੀ ਲੁੱਟ ਲਈ ਜ਼ਿੰਮੇਵਾਰ ਧਿਰਾਂ ਸਮੇਤ ਭਾਈਚਾਰਿਆਂ ਵਿੱਚ ਫਿਰਕੂ ਜ਼ਹਿਰ ਘੋਲਣ ਵਾਲਿਆਂ ਵਿਰੁੱਧ ਮੌਨ ਤੋੜਨ ਦੀ ਆਰ ਲਾਈ ਹੈ।
ਇੰਦਰਜੀਤ ਚੁਗਾਵਾਂ
ਵੰਡ ਵੇਲੇ ਤਾਂ ਆਪਣਾ ਬਚਾਅ ਕਰਨ ਦਾ ਅਧਿਕਾਰ ਸੀ, ਪਰ ‘84 ਵੇਲੇ ਤਾਂ ਇਹ ਅਧਿਕਾਰ ਹਜ਼ੂਮ ਨੇ ਪੈਰਾਂ ਹੇਠ ਦਰੜ ਦਿੱਤਾ ਸੀ। ਕਾਨੂੰਨ ਘਾੜੇ ਖੁਦ ਹਜ਼ੂਮੀਆਂ ਦੀ ਅਗਵਾਈ ਕਰ ਰਹੇ ਸਨ, ਹਜ਼ੂਮ ਨੂੰ ‘ਦਿੱਤਾ ਹੋਇਆ ਕੰਮ ਸੰਪੂਰਨ’ ਕਰਨ ਦੇ ਨਿਰਦੇਸ਼ ਦੇ ਰਹੇ ਸਨ ਤੇ ‘ਅਮਨ-ਕਾਨੂੰਨ ਦੇ ਰਾਖੇ’ ਉਕਸਾਵਾ ਦੇ ਕੇ ਉਸ ਦੇ ਹੱਥ ਤੀਲੀ ਦੇ ਰਹੇ ਸਨ।
ਇਸ ਤੂਫਾਨ ‘ਚ ਆਪਣਾ ਸਭ ਕੁਝ ਗੁਆਉਣ ਤੋਂ ਬਾਅਦ ਵੀ ਕੋਈ ਆਪੇ ਵਿੱਚ ਕਿਵੇਂ ਰਹਿ ਸਕਦਾ ਹੈ? ਇਹ ਸੁਆਲ ਵੀ ਪ੍ਰੇਸ਼ਾਨ ਕਰਨ ਵਾਲਾ ਹੈ। ਤੇ ਇਹ ਸੁਆਲ ਕਿਸ ਨੂੰ ਕੀਤਾ ਜਾਵੇ ਕਿ ਦੁਨੀਆਂ ਦੇ ਸਭ ਤੋਂ ਵੱਡੇ ਲੋਕ ਰਾਜ `ਚ ਉਸ ਦੇ ਲੋਕ ਇਨਸਾਫ ਦੀ ਉਡੀਕ ਕਰਦੇ ਬੁੱਢੇ ਕਿਓਂ ਹੋ ਜਾਂਦੇ ਹਨ? ਸੁਰਜੀਤ ਪਾਤਰ ਦਾ ਲਿਖਿਆ ਬੱਚੇ ਬੱਚੇ ਦੀ ਜ਼ੁਬਾਨ ‘ਤੇ ਹੈ,
ਇਸ ਅਦਾਲਤ ‘ਚ ਬੰਦੇ ਬਿਰਖ ਹੋ ਗਏ
ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ…!
ਬੱਚੇ ਬੱਚੇ ਦੀ ਜ਼ੁਬਾਨ ‘ਤੇ ਚੜ੍ਹਨ ਵਾਲਾ ਇਹ ਗੀਤ ‘ਲੋਕ ਪ੍ਰਤੀਨਿਧਾਂ’ ਨੇ ਕਿਓਂ ਨਹੀਂ ਸੁਣਿਆ? ਕੀ ਗੀਤ, ਕਵਿਤਾਵਾਂ ਸਿਰਫ ਪੜ੍ਹਨ-ਸੁਣਨ ਲਈ ਹੀ ਹੁੰਦੇ ਹਨ, ਵਿਚਾਰਨ ਲਈ ਨਹੀਂ?
ਜੇ ਉਹ ‘ਲੋਕਾਂ ਦੀ ਸੁਣਨ` ਵਾਲਾ ਖਾਨਾ ਖੁੱਲ੍ਹਾ ਰੱਖਦੇ ਤਾਂ ਕੀ ਜਗਦੀਸ਼ ਕੌਰ ਵਰਗੀਆਂ ਨੂੰ 34 ਸਾਲ ਉਡੀਕ ਕਰਨੀ ਪੈਂਦੀ? ਨਹੀਂ!
ਇੱਕ ਅਖਾਓਤ ਹੈ ਕਿ ਬਾਰ੍ਹੀਂ ਸਾਲੀਂ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਹੈ, ਤੇ ਜਿਨ੍ਹਾਂ ਨੂੰ 34 ਸਾਲ ਬਾਅਦ ਅੱਧ-ਅਧੂਰਾ ਇਨਸਾਫ਼ ਮਿਲਿਆ ਹੈ, ਉਨ੍ਹਾਂ ਨੂੰ ਕੀ ਕਹੀਏ? ਰੂੜੀ ਤੋਂ ਵੀ ਗਏ ਗੁਜ਼ਰੇ?
ਸਭ ਨੂੰ ਪਤਾ ਸੀ ਕਿ ਸੱਜਣ ਕੁਮਾਰ ਕਤਲੇਆਮ ਦਾ ਦੋਸ਼ੀ ਹੈ, ਇਸ ਦੇ ਬਾਵਜੂਦ ਉਸ ਨੂੰ ਵਾਰ ਵਾਰ ਪਾਰਲੀਮੈਂਟ ਭੇਜਣ ਵਾਲੀ ਪਾਰਟੀ ਦੋਸ਼ੀ ਨਹੀਂ ਹੈ? ਕੀ ਇਸ ਨਾਲ ਉਸ ਪਾਰਟੀ ਦੀ ਕਤਲੇਆਮ ‘ਚ ਸ਼ਮੂਲੀਅਤ ਸਾਬਤ ਨਹੀਂ ਹੁੰਦੀ?
ਫਿਰਕੂ ਜ਼ਹਿਰ ਦੀ ਜਲਜਲਾ ਖੜ੍ਹਾ ਕਰਨ ਵਾਲੀ ਪਾਰਟੀ ‘ਧਰਮ ਨਿਰਪੱਖ` ਕਿਵੇਂ ਹੋ ਗਈ? ਦੋ-ਚਾਰ ਸੀਟਾਂ ਖਾਤਰ ਉਸ ਦੀਆਂ ਲਾਰਾਂ ਚੱਟਣ ਵਾਲਿਆਂ ਦੀ ਅਣਖ, ਉਨ੍ਹਾਂ ਦੇ ਅਸੂਲ ਕਿੱਥੇ ਗਏ?
ਜੇ ਇੰਦਰਾ ਗਾਂਧੀ ਦੇ ਕਤਲ ਨੂੰ ਕਿਸੇ ਵੀ ਤਰ੍ਹਾਂ ਵਾਜਬ ਨਹੀਂ ਠਹਿਰਾਇਆ ਜਾ ਸਕਦਾ ਤਾਂ ਉਸ ਦੇ ਕਤਲ ਲਈ ਪੂਰੇ ਭਾਈਚਾਰੇ ਦੇ ਸਫਾਏ ਦੇ ਹੁਕਮ ਦੇਣ ਨੂੰ ਕਿਵੇਂ ਜਾਇਜ਼ ਠਹਿਰਾਇਆ ਜਾ ਸਕਦਾ ਹੈ?
ਪੁਲਿਸ ਦਾ ਕੰਮ ਤਾਂ ਅਮਨ-ਕਾਨੂੰਨ ਵਿਵਸਥਾ ਦੀ ਰਾਖੀ ਕਰਨਾ ਦੱਸਿਆ ਜਾਂਦਾ ਹੈ, ਉਹ ਪੁਲਿਸ ਜੇ ਖੁਦ ‘ਸਿੱਖ ਨੂੰ ਜਲਾਨੇ` ਲਈ ਤੀਲੀ ਫੜਾਉਂਦੀ ਹੈ, ਜੇ ਉਹ ਸੱਜਣ ਕੁਮਾਰ ਤੇ ਉਸ ਵਰਗੇ ਹੋਰਨਾਂ ਕਾਤਲਾਂ ਦੀ ਇਲਾਕੇ ਵਿੱਚ ਮੌਜੂਦਗੀ ਦਰਜ ਕਰਨ ਤੋਂ ਮੁਨਕਰ ਹੋ ਜਾਂਦੀ ਹੈ ਤਾਂ ਉਸ ਨੂੰ ਕਟਹਿਰੇ ਵਿੱਚ ਖੜ੍ਹਾ ਕੌਣ ਕਰੇਗਾ?
ਤੇ ਫੌਜ…! ਸੁਣਿਐਂ ਕਿ ਫੌਜ ਦੇਸ਼ ਦੀ ਰਾਖੀ ਲਈ ਹੁੰਦੀ ਐ ਤੇ ਇਹ ਵੀ ਕਿ ਫੌਜ ਆਪਣੇ ਬੰਦੇ ਦੀ ਰਾਖੀ ਲਈ ਤਾਂ ਜਾਨ ਲੜਾ ਦਿੰਦੀ ਹੈ। ਫਿਰ ਉਹ ਕੌਣ ਸੀ, ਜਿਸ ਕੋਲ ਜਗਦੀਸ਼ ਕੌਰ ਗਈ ਸੀ ਇਹ ਅਰਜੋਈ ਲੈ ਕੇ ਕਿ ਉਸ ਦੇ ਪਤੀ ਤੇ ਪੁੱਤ ਦਾ ਅੰਤਿਮ ਸੰਸਕਾਰ ਹੀ ਕਰ ਦਿਓ, ਜਿਨ੍ਹਾਂ ਦੀਆਂ ਲਾਸ਼ਾਂ ਦੋ ਦਿਨ ਤੋਂ ਉਸ ਦੇ ਘਰ ਪਈਆਂ ਹਨ। ਉਹ ਦੱਸਦੀ ਹੈ ਕਿ ਫੌਜ ਦੇ ਹੈੱਡਕੁਆਰਟਰ ਗਈ ਸੀ ਤੇ ਫੌਜ ਦਾ ਜਰਨੈਲ ਉਸ ਦੀ ਗੱਲ ਸੁਣ ਕੇ, ਕੋਈ ਮਦਦ ਦਾ ਭਰੋਸਾ ਦਿੱਤੇ ਬਿਨਾ ਪਿਛਲੇ ਦਰਵਾਜ਼ਿਓਂ ਨਿਕਲ ਗਿਆ ਸੀ। ਉਹ ਸਿਰਫ ਇੱਕ ਜਰਨੈਲ ਨਹੀਂ ਸੀ ਜੋ ਪਿਛਲੇ ਦਰਵਾਜ਼ਿਓਂ ਨਿਕਲਿਆ, ਉਹ ਤਾਂ ਪੂਰੀ ਫੌਜ ਸੀ!
ਜਰਨੈਲ ਕੋਈ ਇੱਕ ਵਿਅਕਤੀ ਨਹੀਂ ਹੁੰਦਾ, ਉਹ ਤਾਂ ਪੂਰੀ ਸੰਸਥਾ ਹੁੰਦੀ ਹੈ! ਉਹ ਫੌਜ ਦੀ ਅਗਵਾਈ ਕਰਦਾ ਹੈ, ਉਸ ਦੀ ਨੁਮਾਇੰਦਗੀ ਕਰਦਾ ਹੈ। ਇਸ ਲਈ ਜਗਦੀਸ਼ ਕੌਰ ਨੂੰ ਪਿੱਠ ਇੱਕ ਵਿਅਕਤੀ ਨੇ ਨਹੀਂ, ਪੂਰੀ ਫੌਜ ਨੇ ਦਿਖਾਈ ਸੀ।
ਕਿਓਂ ਨਾ ਫਰਜ਼ਾਂ ਨੂੰ ਪਿੱਠ ਦਿਖਾਉਣ ਵਾਲੀ ਫੌਜ ਵੀ ਮੁਜਰਮਾਂ ਦੀ ਕਤਾਰ ‘ਚ ਖੜ੍ਹੀ ਕੀਤੀ ਜਾਵੇ? ਕੀ ਜਗਦੀਸ਼ ਕੌਰ ਇਸ ਦੇਸ਼ ਦਾ ਹਿੱਸਾ ਨਹੀਂ ਸੀ? ਉਸ ਦਾ ਬਾਪ ਇੱਕ ਆਜ਼ਾਦੀ ਘੁਲਾਟੀਆ ਸੀ। ਕੀ ਉਸ ਨੇ ਇਹੋ ਜਿਹੀ ਆਜ਼ਾਦੀ ਦੇ ਸੁਪਨੇ ਲਏ ਸਨ?
ਗਲ਼ ‘ਚ ਬਲਦੇ ਟਾਇਰ ਪਾ ਕੇ ਪੂਰੇ ਭਾਈਚਾਰੇ ਨੂੰ ਖਤਮ ਕਰਨ ਦੀ ਆਜ਼ਾਦੀ?
ਆਜ਼ਾਦੀ ਦਾ ਮਤਲਬ ਤਾਂ ਹੁੰਦੈ ਸਵੈਮਾਣ ਨਾਲ ਜਿਊਣ ਦਾ ਅਧਿਕਾਰ।
ਆਜ਼ਾਦੀ ਦਾ ਮਤਲਬ ਹੁੰਦੈ ਨਿਰਭਓ-ਨਿਰਵੈਰ ਸਮਾਜ ‘ਚ ਆਪਣੀ ਗੱਲ ਕਹਿਣ ਦਾ ਅਧਿਕਾਰ।
ਆਜ਼ਾਦੀ ਦਾ ਮਤਲਬ ਹੁੰਦੈ ਆਪਣੀ ਇੱਛਾ ਮੁਤਾਬਕ ਖਾਣ-ਪੀਣ ਤੇ ਪਹਿਨਣ ਦਾ ਅਧਿਕਾਰ।
ਇਸ ਦੇਸ਼ ਦੇ ਹੁਕਮਰਾਨਾਂ ਨੇ ਕਿਹੜਾ ਅਧਿਕਾਰ ਦਿੱਤੈ ਉਸ ਨੂੰ?
ਉਹ ਠੀਕ ਹੀ ਤਾਂ ਪੁੱਛਦੀ ਹੈ ਕਿ ਕਿਸ ਨੂੰ ਆਪਣਾ ਵਤਨ ਕਹੀਏ? ਕਿਸ ਨੂੰ ਆਪਣਾ ਦੇਸ਼ ਕਹੀਏ?
ਦੇਸ਼ ਭਲਾ ਕੀ ਹੁੰਦੈ?
ਕੀ ਨਦੀਆਂ-ਨਾਲੇ, ਪਹਾੜ, ਖੇਤ, ਮੈਦਾਨ ਤੇ ਦਰਖਤ ਹੀ ਦੇਸ਼ ਹੁੰਦੈ?
ਦੇਸ਼ ਤਾਂ ਲੋਕਾਂ ਨਾਲ ਬਣਦੈ ਯਾਰੋ! ਜੇ ਲੋਕ ਹੀ ਨਹੀਂ ਹੋਣਗੇ ਤਾਂ ਦੇਸ਼ ਕਿਸ ਕੰਮ? ਜੇ ਲੋਕ ਸੁਰੱਖਿਅਤ ਨਹੀਂ ਹੋਣਗੇ ਤਾਂ ਦੇਸ਼ ਕਿਵੇਂ ਸੁਰੱਖਿਅਤ ਰਹੇਗਾ?
ਜਗਦੀਸ਼ ਕੌਰ ਵਰਗੀਆਂ ਦੇ ਹੰਝੂਆਂ ਪੂੰਝਣ ਵਾਲਿਆਂ ਦੀ ਵੀ ਕੋਈ ਕਮੀ ਨਹੀਂ ਸੀ। ਸਧਾਰਨ ਲੋਕ ਹਮੇਸ਼ਾ ਹੰਝੂ ਪੂੰਝਦੇ ਹਨ, ਉਹ ਕਿਸੇ ਦੂਸਰੇ ਦੀ ਅੱਖ ‘ਚ ਹੰਝੂ ਦੇਖ ਈ ਨਹੀਂ ਸਕਦੇ। ਪਰ ਇੱਕ ਜਮਾਤ ਅਜਿਹੀ ਵੀ ਹੈ, ਜੋ ਹੰਝੂਆਂ ਦਾ ਵਣਜ ਕਰਨਾ ਖੂਬ ਜਾਣਦੀ ਹੈ। ਇਸ ਜਮਾਤ ਨੇ ਅਨੇਕਾਂ ਜਗਦੀਸ਼ ਕੌਰਾਂ ਦੇ ਹੰਝੂਆਂ ਦੀ ਖੂਬ ਤਜ਼ਾਰਤ ਕੀਤੀ, ਇਸ ਤਜ਼ਾਰਤ ਦੇ ਆਸਰੇ ਰਾਜ ਭਾਗ ਵੀ ਹਾਸਲ ਕੀਤਾ ਤੇ ਸੱਤਾ ‘ਤੇ ਬੈਠਦਿਆਂ ਹੀ ਇਨ੍ਹਾਂ ਹੰਝੂਆਂ ਨੂੰ ਵਿਸਾਰ ਦਿੱਤਾ ਤੇ ਸਾਰਾ ਜ਼ੋਰ ਆਪਣੀਆਂ ਤਿਜ਼ੌਰੀਆਂ ਭਰਨ ‘ਤੇ ਹੀ ਲਾਇਆ। ਸੱਤਾ ਖੁਸ ਜਾਣ ‘ਤੇ ਮੁੜ ਉਹੀ ਤਜ਼ਾਰਤ ਪੂਰੀ ਬੇਸ਼ਰਮੀ ਨਾਲ ਕੀਤੀ। ਇਸ ਜਮਾਤ, ਪੱਗ ਦਾ ਰੰਗ ਨੀਲਾ ਹੋਵੇ, ਭਗਵਾਂ ਹੋਵੇ ਜਾਂ ਚਿੱਟਾ, ਨੂੰ ਦੋਸ਼ੀ ਕਿਓਂ ਨਾ ਐਲਾਨਿਆ ਜਾਵੇ?
ਨੀਲਾ ਤਾਰਾ, ਬਲੈਕ ਥੰਡਰ ਲਈ ਹਾਲਾਤ ਪੈਦਾ ਕਰਨ ਵਾਲੀ ਜਮਾਤ ਇਹੋ ਨਹੀਂ ਸੀ? ਨਾ ਇਹ ਹਾਲਾਤ ਪੈਦਾ ਕੀਤੇ ਜਾਂਦੇ, ਨਾ ਹੀ ਨੀਲੇ ਤਾਰੇ ਪੈਦਾ ਹੁੰਦੇ ਤੇ ਨਾ ਹੀ ਹਜ਼ਾਰਾਂ ਜਗਦੀਸ਼ ਕੌਰਾਂ ਬੇਵਤਨ ਹੁੰਦੀਆਂ! ਤੇ ਸਭ ਤੋਂ ਬੇਚੈਨ ਕਰਨ ਵਾਲਾ ਸੁਆਲ ਇਹ ਕਿ ਦੇਸ਼ ਦੀ ਸਰਵਉੱਚ ਸੰਵਿਧਾਨਕ ਸੰਸਥਾ ਪਾਰਲੀਮੈਂਟ ਵਿੱਚ ਦੇਸ਼ ਦੇ ਬਾਕੀ ‘ਲੋਕ ਪ੍ਰਤੀਨਿਧ` ਇਨ੍ਹਾਂ ਕਾਤਲਾਂ ਦੇ ਸੰਗ ਕਿਵੇਂ ਬੈਠਦੇ ਰਹੇ?
ਸੱਜਣ ਕੁਮਾਰ ਕੇਵਲ ਸੰਸਦ ਮੈਂਬਰ ਹੀ ਨਹੀਂ ਬਣਦਾ ਰਿਹਾ, ਸੰਸਦ ਦੀਆਂ ਵੱਖ ਵੱਖ ਕਮੇਟੀਆਂ ਦਾ ਮੈਂਬਰ ਬਣਾ ਕੇ ਉਸ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ ਰਿਹਾ। ਨੰਗੇ ਚਿੱਟੇ ਰੂਪ ‘ਚ ਇੱਕ ਵਹਿਸ਼ੀ ਕਾਤਲ ਨੂੰ ਮਾਣ ਸਤਿਕਾਰ ਦੇਣ ਵਾਲੇ ਕਟਹਿਰੇ ‘ਚ ਕਿਓਂ ਨਾ ਖੜ੍ਹੇ ਕੀਤੇ ਜਾਣ?
ਕੀ ਮਾਨਵਤਾ ਦਾ ਕੋਈ ਵੀ ਕਾਤਲ ਦੇਸ਼ ਦੀ ਇਸ ਸਰਵਉੱਚ ਕਾਨੂੰਨਸਾਜ਼ ਸੰਸਥਾ ਦਾ ਮੈਂਬਰ ਤਾਂ ਕੀ, ਇਸ ਦਾ ਮੁਖੀਆ ਤੱਕ ਬਣ ਸਕਦਾ ਹੈ?
ਯਾਦ ਕਰੋ ਜ਼ਰਾ, ਗੁਜਰਾਤ ‘ਚ ਮੁਸਲਿਮ ਭਾਈਚਾਰੇ ਦੇ ਕਤਲੇਆਮ ਦੇ ਮੁਲਜ਼ਮਾਂ ਨੂੰ!
ਉਹ ਅੱਜ ਕਿੱਥੇ ਬੈਠੇ ਹਨ? ਏਨਾ ਡਰ, ਏਨਾ ਸਹਿਮ? ਹਨੇਰ ਵਰਤਿਆ ਪਿਆ ਹੈ, ਪਰ ਅਸੀਂ ਹਾਂ ਕਿ ਇਨਸਾਫ ਦੀ ਆਸ `ਚ ਹਾਂ!
ਉਹ ਜੱਜ ਯਾਦ ਨਹੀਂ ਆਪਾਂ ਨੂੰ, ਉਹ ਜਿਹੜਾ ਅਸਲ ਮੁਨਸਿਫ ਸੀ, ਜੱਜ ਲੋਇਆ! ਉਸ ਨੂੰ ਮਾਰ ਦਿੱਤਾ ਗਿਆ ਤੇ ਦੇਸ਼ ਦੀ ਸਰਵਉੱਚ ਅਦਾਲਤ ਉਸ ਦੀ ਮੌਤ ਨੂੰ ਸ਼ੱਕੀ ਹੀ ਨਹੀਂ ਮੰਨਦੀ।
ਕਿੱਧਰ ਨੂੰ ਤੁਰ ਪਏ ਹਾਂ ਅਸੀਂ? ਸਾਡੀ ਜ਼ਮੀਰ ਕਿੱਥੇ ਮਰ-ਖਪ ਗਈ ਹੈ? ਸਾਡਾ ਮਸਤਕ ਜਾਗਦਾ ਕਿਓਂ ਨਹੀਂ?
ਇਹ ਹਜ਼ੂਮ ਤਾਂ ਸਾਡੀਆਂ ਰਸੋਈਆਂ ਤੱਕ ਆ ਗਿਆ ਹੈ! ਸਾਡੇ ਚਾਰ ਚੁਫੇਰੇ ਮੁਜੱਫਰਨਗਰ ਪਸਰਿਆ ਪਿਆ ਹੈ, ਸਾਡੇ ਪਹਿਲੂ ਖਾਨ-ਅਖਲਾਕ ਨੂੰ ਇਹ ਹਜ਼ੂਮ ਸਾਡੀਆਂ ਅੱਖਾਂ ਸਾਹਮਣੇ ਕਤਲ ਕਰ ਰਿਹਾ ਹੈ।
ਸਾਡੇ ਬੱਚੇ, ਸਾਡੇ ਬਜ਼ੁਰਗ ਬੇਇਲਾਜੇ ਮਰ ਰਹੇ ਹਨ, ਸਾਨੂੰ ਮੰਗਤੇ ਬਣਾ ਦਿੱਤਾ ਗਿਆ ਹੈ।
ਸਾਨੂੰ ਇਨਸਾਨ ਦੀ ਬਜਾਇ ਪਸ਼ੂ ਬਣਨ ਲਈ ਮਜਬੂਰ ਕੀਤਾ ਜਾ ਰਿਹਾ ਹੈ, ਪਰ ਅਸੀਂ ਚੁੱਪ ਹਾਂ!
ਮਾਂ ਦੀ ਬਜਾਇ ਗਾਂ ਦੀ ਪੂਜਾ ਕਰਨ ਲਈ ਮਜਬੂਰ ਕਰਨਾ ਪਸ਼ੂ ਬਣਾਉਣਾ ਹੀ ਤਾਂ ਹੈ! ਸਾਡੇ ਸਬਰ ਦਾ ਬੰਨ੍ਹ ਫਿਰ ਵੀ ਨਹੀਂ ਟੁੱਟਦਾ।
ਜੇ ਕੋਈ ਜ਼ੁਬਾਨ ਖੋਲ੍ਹਦਾ ਵੀ ਹੈ ਤਾਂ ਉਸ ਪਿੱਛੇ ਦੋ ਪੈਰੇ ਹਲਕੇ ਕੁੱਤਿਆਂ ਦੀ ਹੇੜ੍ਹ ਛੱਡ ਦਿੱਤੀ ਜਾਂਦੀ ਹੈ। ਨਸੀਰੂਦੀਨ ਸ਼ਾਹ, ਜੋ ਇੱਕ ਸ਼ਾਨਦਾਰ ਅਦਾਕਾਰ ਹੀ ਨਹੀਂ, ਇੱਕ ਸੰਵੇਦਨਸ਼ੀਲ ਮਨੁੱਖ ਵੀ ਹੈ, ਉਸ ਨਾਲ ਕੀ ਵਾਪਰਿਆ ਹੈ? ਉਸ ਦਾ ਕਸੂਰ ਕੀ ਹੈ ਭਲਾ?
ਯੂ. ਪੀ. ਦੇ ਬੁਲੰਦਸ਼ਹਿਰ ਵਿੱਚ ਉਨ੍ਹਾਂ ਗਊ ਰਾਖਿਆਂ, ਜਿਨ੍ਹਾਂ ਕਿਸੇ ਇੱਕ ਵੀ ਗਾਂ ਦੀ ਸੇਵਾ ਲਈ ਕਦੇ ਡੱਕਾ ਦੂਹਰਾ ਤੱਕ ਨਹੀਂ ਕੀਤਾ, ਵੱਲੋਂ ਇੱਕ ਪੁਲਿਸ ਇੰਸਪੈਕਟਰ ਦੇ ਕੀਤੇ ਗਏ ਕਤਲ ਵਿਰੁੱਧ ਆਵਾਜ਼ ਹੀ ਤਾਂ ਉਠਾਈ ਉਸ ਨੇ।
ਜ਼ਰਾ ਦੇਖੋ ਕੀ ਕਿਹਾ ਸੀ ਨਸੀਰ ਨੇ, “ਫਿਕਰ ਹੁੰਦੀ ਹੈ ਆਪਣੇ ਬੱਚਿਆਂ ਦੀ ਕਿ ਜੇ ਉਨ੍ਹਾਂ ਨੂੰ ਕਿਸੇ ਭੀੜ ਨੇ ਘੇਰ ਲਿਆ, ਹਿੰਦੂ ਹੋਵੇ ਜਾਂ ਮੁਸਲਮਾਨ, ਉਨ੍ਹਾਂ ਕੋਲ ਤਾਂ ਕੋਈ ਜੁਆਬ ਹੀ ਨਹੀਂ ਹੋਵੇਗਾ। ਇਹ ਜ਼ਹਿਰ ਫੈਲ ਚੁੱਕਾ ਹੈ, ਇਸ ਜਿੰਨ ਨੂੰ ਦੁਬਾਰਾ ਬੋਤਲ `ਚ ਬੰਦ ਕਰਨਾ ਮੁਸ਼ਕਿਲ ਹੋਵੇਗਾ। ਖੁੱਲ੍ਹੀ ਛੋਟ ਮਿਲ ਗਈ ਹੈ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੀ। ਦੇਖ ਰਹੇ ਹਾਂ ਕਿ ਇੱਕ ਗਾਂ ਦੀ ਮੌਤ ਨੂੰ ਜ਼ਿਆਦਾ ਅਹਿਮੀਅਤ ਦਿੱਤੀ ਜਾ ਰਹੀ ਹੈ, ਇੱਕ ਪੁਲਿਸ ਅਫਸਰ ਦੀ ਮੌਤ ਨਾਲੋਂ। ਫਿਕਰ ਹੁੰਦੀ ਹੈ ਆਪਣੀ ਔਲਾਦ ਦੀ! ਕਿਉਂਕਿ ਉਨ੍ਹਾਂ ਦਾ ਤਾਂ ਕੋਈ ਮਜ਼ਹਬ ਹੀ ਨਹੀਂ ਹੈ। ਅਸੀਂ ਆਪਣੇ ਬੱਚਿਆਂ ਨੂੰ ਮਜ਼ਹਬੀ ਤਾਲੀਮ ਦਿੱਤੀ ਹੀ ਨਹੀਂ, ਕਿਉਂਕਿ ਮੇਰੀ ਰਾਇ ਹੈ ਕਿ ਅੱਛਾਈ ਤੇ ਬੁਰਾਈ ਦਾ ਮਜ਼ਹਬ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅੱਛਾਈ ਬੁਰਾਈ ਬਾਰੇ ਉਨ੍ਹਾਂ ਨੂੰ ਜਰੂਰ ਸਿਖਾਇਆ ਹੈ। ਹਾਲਾਤ ਜਲਦੀ ਸੁਧਰਦੇ ਮੈਨੂੰ ਨਜ਼ਰ ਨਹੀਂ ਆ ਰਹੇ। ਇਨ੍ਹਾਂ ਗੱਲਾਂ ਤੋਂ ਮੈਨੂੰ ਡਰ ਨਹੀਂ, ਗੁੱਸਾ ਆਉਂਦਾ ਹੈ ਤੇ ਮੈਂ ਚਾਹੁੰਦਾ ਹਾਂ ਕਿ ਹਰ ਸਹੀ ਸੋਚ ਵਾਲੇ ਇਨਸਾਨ ਨੂੰ ਗੁੱਸਾ ਆਉਣਾ ਚਾਹੀਦਾ ਹੈ, ਡਰ ਨਹੀਂ ਲੱਗਣਾ ਚਾਹੀਦਾ…। ਸਾਡਾ ਘਰ ਹੈ, ਸਾਨੂੰ ਕੌਣ ਕੱਢ ਸਕਦਾ ਹੈ।”
ਕੀ ਗਲਤ ਕਿਹਾ ਨਸੀਰ ਨੇ? “ਹਰ ਸਹੀ ਸੋਚ ਵਾਲੇ ਇਨਸਾਨ ਨੂੰ ਗੁੱਸਾ ਆਉਣਾ ਚਾਹੀਦਾ ਹੈ, ਡਰ ਨਹੀਂ ਲੱਗਣਾ ਚਾਹੀਦਾ”, ਤੇ ਉਸ ਨਾਲ ਵਾਪਰਿਆ ਕੀ? ਪਾਕਿਸਤਾਨ ਚਲੇ ਜਾਣ ਦੀਆਂ ਨਸੀਹਤਾਂ ਦਿੱਤੀਆਂ ਗਈਆਂ; ਇੱਕ ਗਊ ਰਾਖੇ ਨੇ ਤਾਂ ਟਿਕਟ ਵੀ ਭੇਜ ਦਿੱਤੀ ਸੀ ਪਾਕਿਸਤਾਨ ਦੀ।
ਨਸੀਰੂਦੀਨ ਦੀ ਫਿਕਰਮੰਦੀ ‘ਚੋਂ ਮੈਨੂੰ ਇੱਕ ਵਾਰ ਫੇਰ ਭਾਪਾ ਜੀ ਨਜ਼ਰ ਆਏ; ਬੁਰੀ ਤਰ੍ਹਾਂ ਫਿਕਰਮੰਦ ਇੱਕ ਬਾਪ!! ਦਹਿਸ਼ਤਜ਼ਦਾ ਨਹੀਂ, ਪੂਰੀ ਹਿੰਮਤ, ਹੌਂਸਲੇ ਵਾਲਾ ਬਾਪ!! ਉਸ ਨੂੰ ਦਾਦ ਦੇਣੀ ਬਣਦੀ ਹੈ, ਪਰ ਅਫਸੋਸ ਕਿ ਦਾਦ ਤਾਂ ਕੀ ਦੇਣੀ ਹੈ, ਏਨਾ ਕੁਝ ਵਾਪਰਨ ਦੇ ਬਾਵਜੂਦ ਅਸੀਂ ਹਾਂ ਕਿ ਚੁੱਪ ਬੈਠੇ ਹਾਂ! ਸਾਡਾ ਮੌਨ ਵਰਤ ਟੁੱਟਦਾ ਹੀ ਨਹੀਂ!! ਸ਼ਾਇਦ ਇਹ ਸੋਚ ਰਹੇ ਹਾਂ ਕਿ ਚਲੋ ਸਾਨੂੰ ਕੀ, ਅਸੀਂ ਤਾਂ ਸੁਰੱਖਿਅਤ ਹਾਂ। ਇਸ ਹਾਲਾਤ ‘ਤੇ ਨਵਾਜ਼ ਦੇਵਬੰਦੀ ਸਾਹਿਬ ਦਾ ਸ਼ਿਅਰ ਯਾਦ ਆ ਰਿਹਾ ਹੈ,
ਉਸ ਕੇ ਕਤਲ ਪੇ ਮੈਂ ਭੀ ਚੁਪ ਥਾ
ਮੇਰਾ ਨੰਬਰ ਅਬ ਆਯਾ ਹੈ
ਮੇਰੇ ਕਤਲ ਪੇ ਆਪ ਭੀ ਚੁਪ ਹੂੰ
ਅਗਲਾ ਨੰਬਰ ਆਪ ਕਾ ਹੈ।”
ਉਠੋ ਯਾਰੋ…! ਜ਼ਰਾ ਆਪਣਾ ਤੀਸਰਾ ਨੇਤਰ ਖੋਲ੍ਹੋ!
ਬਰੂਹਾਂ ਤੇ ਖੜ੍ਹੇ ਦਾਨਵਾਂ ਨੂੰ ਪਛਾਣੋ!
“ਅਸੀਂ ਤਾਂ ਸੁਰੱਖਿਅਤ ਹਾਂ” ਵਾਲਾ ਸਾਡਾ ਭਰਮ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਹਨੇਰਾ ਬੀਜ ਰਿਹਾ ਹੈ।
ਇਸ ਭਰਮ ‘ਚੋਂ ਬਾਹਰ ਆਉਣਾ ਪੈਣਾ ਹੈ!!
ਜਿੰਨੀ ਜਲਦੀ ਬਾਹਰ ਆਓਗੇ, ਓਨਾ ਹੀ ਚੰਗਾ!
ਸਾਡੀ ਇਸ ਖਤਰਨਾਕ ਚੁੱਪ ਲਈ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮੁਆਫ ਨਹੀਂ ਕਰਨਗੀਆਂ!
‘ਮਾਨਵ ਕੀ ਜਾਤ ਸਬੈ ਏਕ ਪਹਿਚਾਨਬੋ` ਵਾਲੀ ਆਪਣੀ ਵਿਰਾਸਤ ਨੂੰ ਆਪਾਂ ਖਤਮ ਨਾ ਹੋਣ ਦਿਓ!
ਇਸ ਦੇਸ਼ ਲਈ ਹਰ ਜਾਤ, ਹਰ ਧਰਮ, ਹਰ ਨਸਲ ਨੇ ਖੂਨ ਵਹਾਇਆ ਹੈ। ਇਹ ਦੇਸ਼ ਸਾਡਾ ਹੈ, ਸਭ ਦਾ ਹੈ।
ਧਰਮ, ਜਾਤ, ਰੰਗ, ਨਸਲ ਦੇ ਆਧਾਰ ‘ਤੇ ਸਮਾਜ ‘ਚ ਵੰਡੀਆਂ ਪਾਉਣ ਦੀ ਇਜਾਜ਼ਤ ਕਿਸੇ ਨੂੰ ਨਹੀਂ ਦਿੱਤੀ ਜਾ ਸਕਦੀ!
ਇੱਥੇ ਹਰ ਇੱਕ ਨੂੰ ਵੇਲੇ ਸਿਰ ਇਨਸਾਫ਼ ਮਿਲਣਾ ਚਾਹੀਦਾ ਹੈ।
ਮਨੁੱਖ ਹੱਥੋਂ ਮਨੁੱਖ ਦੀ ਲੁੱਟ ਦਾ ਸਿਲਸਿਲਾ ਰੁਕਣਾ ਚਾਹੀਦਾ ਹੈ।
ਇੱਥੇ ਹਰ ਇੱਕ ਨੂੰ ਆਪਣੀ ਮਰਜ਼ੀ ਦਾ ਖਾਣ, ਆਪਣੀ ਪਸੰਦ ਦਾ ਪਹਿਨਣ, ਆਪਣੀ ਮਰਜ਼ੀ ਦੀ ਅਕੀਦਤ ਦਾ ਅਧਿਕਾਰ ਹੈ!
ਕੋਈ ਕਿਸੇ ਨੂੰ ਉਸ ਦੇ ਘਰ ‘ਚੋਂ ਬੇਦਖ਼ਲ ਨਹੀਂ ਕਰ ਸਕਦਾ!
ਰਾਹਤ ਇੰਦੌਰੀ ਦੇ ਇਸ ਸ਼ਿਅਰ ਨਾਲ ਆਪਣੀ ਗੱਲ ਖਤਮ ਕਰਾਂਗਾ,
ਸਭੀ ਕਾ ਖੂਨ ਹੈ ਸ਼ਾਮਿਲ ਯਹਾਂ ਕੀ ਮਿੱਟੀ ਮੇਂ
ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ!!