ਅਮਨਦੀਪ ਸਿੰਘ ਕੁਲਾਰ
ਫੋਨ: 602-610-0001
ਪਹਿਲੀ ਨਜ਼ਰੇ ਲੱਗਦਾ ਹੈ ਕਿ ਇਹ ਸਕੂਲ ਵਾਲੇ ਮਾਸਟਰਾਂ ਦੀਆਂ ਖੇਡਾਂ ਹਨ। ਭੁਲੇਖਾ ਜਿਹਾ ਹੀ ਲੱਗਦਾ ਹੈ, ਪਰ ਕਹਾਣੀ ਇਹ ਨਹੀਂ, ਕੁਝ ਹੋਰ ਹੈ। ਖੇਡਾਂ ਵਾਲੇ ਅਥਲੀਟ ਅਕਸਰ 30 ਕੁ ਸਾਲ ਦੀ ਉਮਰ ਵਿੱਚ ਰਿਟਾਇਰ ਹੋ ਜਾਂਦੇ ਹਨ। ਪੱਛਮੀ ਦੇਸ਼ਾਂ ਦੇ ਲੋਕਾਂ ‘ਚ ਖੇਡ ਕਲਚਰ ਬਹੁਤ ਜ਼ਿਆਦਾ ਹੈ। ਖੇਡਾਂ ਨੂੰ ਹਮੇਸ਼ਾ ਯੂਰਪ ਤੇ ਪੱਛਮੀ ਮੁਲਕਾਂ ਦੇ ਲੋਕਾਂ ਨੇ ਰੱਜ ਕੇ ਮਾਣਿਆ ਹੈ।
ਮਾਸਟਰ ਖੇਡਾਂ ਦੀ ਸ਼੍ਰੇਣੀ 35 ਸਾਲ ਤੋਂ ਸ਼ੁਰੂ ਹੁੰਦੀ ਹੈ: 35 ਤੋਂ 39, 40 ਤੋਂ 44, 45 ਤੋਂ 49 ਸਾਲ ਅਤੇ 50 ਤੋਂ 105 ਸਾਲ ਤੱਕ। ਜੇ ਕੋਈ ਓਲੰਪਿਕ ਖਿਡਾਰੀ ਜਾਂ ਖਿਡਾਰਨ ਜਾਂ ਕੋਈ ਵੀ ਨੈਸ਼ਨਲ ਜਾਂ ਉਚ ਕੋਟੀ ਦਾ ਅਥਲੀਟ 35 ਸਾਲ ਤੋਂ ਬਾਅਦ ਖੇਡਾਂ ‘ਚ ਸ਼ਮੂਲੀਅਤ ਕਰਨੀ ਚਾਹੁੰਦਾ ਹੈ ਤਾਂ ਮਾਸਟਰ ਖੇਡਾਂ ਰਾਹੀਂ ਉਸ ਦਾ ਸੁਪਨਾ ਪੂਰਾ ਹੋ ਸਕਦਾ ਹੈ।
ਉਮਰ ਦੇ ਵਧਣ ਨਾਲ ਸਰੀਰ ਦੀ ਕਿਰਿਆ ਘਟਦੀ ਹੈ; ਸਪੀਡ, ਤਾਕਤ, ਸਟੈਮਿਨਾ, ਲਚਕ ਕਮਜ਼ੋਰ ਹੁੰਦੀ ਹੈ, ਪਰ ਜੇਕਰ ਮਨ ਵਿੱਚ ਜਜ਼ਬਾ ਹੋਵੇ ਤਾਂ ਹਰ ਮੁਕਾਮ ਸੰਭਵ ਹੈ। ਫੌਜਾ ਸਿੰਘ ਦੀ ਉਦਾਹਰਨ ਸਾਡੇ ਸਾਹਮਣੇ ਹੈ। ਕਿਵੇਂ ਸਰਦਾਰ ਨੇ ਦੁਨੀਆਂ ‘ਚ ਆਪਣਾ ਲੋਹਾ ਮੰਨਵਾਇਆ। ਆਪਣੀ ਪਹਿਲੀ ਮੈਰਾਥਨ 90 ਸਾਲ ਦੀ ਉਮਰ ‘ਚ ਭੱਜਣਾ ਵੀ ਆਪਣੇ ਆਪ ਵਿੱਚ ਰਿਕਾਰਡ ਹੈ। ਸੌ ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਆਪਣੀ ਆਖਰੀ ਮੈਰਾਥਨ ਦੌੜੀ। 2003 ਟੋਰਾਂਟੋ ਵਾਟਰਫਰੰਟ ਮੈਰਾਥਨ ਫੌਜਾ ਸਿੰਘ ਨੇ 92 ਸਾਲ ਦੀ ਉਮਰ ਵਿੱਚ 5 ਘੰਟੇ ਤੇ 40 ਮਿੰਟ ਵਿੱਚ ਪੂਰੀ ਕੀਤੀ।
ਵਰਲਡ ਮਾਸਟਰ ਗੇਮਜ਼ ਦੀ ਸ਼ੁਰੂਆਤ ਪਹਿਲੀ ਅਗਸਤ 1985 ਨੂੰ ਟੋਰਾਂਟੋ ਵਿੱਚ ਹੋਈ। ਹਰ 4 ਸਾਲ ‘ਚ ਹੁੰਦੀਆਂ ਵਰਲਡ ਮਾਸਟਰ ਖੇਡਾਂ ‘ਚ ਅਲੱਗ ਅਲੱਗ ਤਰ੍ਹਾਂ ਦੀਆਂ ਖੇਡਾਂ ਹੁੰਦੀਆਂ ਹਨ। ਇਨ੍ਹਾਂ ਨੂੰ ਜੇ ਬਜ਼ੁਰਗਾਂ ਦੀ ਓਲੰਪਿਕ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਸਿਡਨੀ 2009 ਵਰਲਡ ਮਾਸਟਰ ਖੇਡਾਂ ਵਿੱਚ ਰਿਕਾਰਡ 28,676 ਖਿਡਾਰੀਆਂ ਨੇ ਹਿੱਸਾ ਲਿਆ, ਜੋ ਕਿ 2000 ਸਿਡਨੀ ਓਲੰਪਿਕਸ ਨਾਲੋਂ ਦੁੱਗਣਾ ਸੀ। ਇਸ ਗੱਲ ਤੋਂ ਇਨ੍ਹਾਂ ਖੇਡਾਂ ਦੀ ਲੋਕਪ੍ਰਿਅਤਾ ਦਾ ਪਤਾ ਚੱਲਦਾ ਹੈ।
ਵਰਲਡ ਮਾਸਟਰ ਖੇਡਾਂ ਗਰਮੀਆਂ ਤੇ ਸਰਦੀਆਂ ਦੀਆਂ ਹੁੰਦੀਆਂ ਹਨ। ਗਰਮੀਆਂ ਦੀ ਮਾਸਟਰ ਖੇਡਾਂ ਵਿੱਚ ਸੌ ਤੋਂ ਵੀ ਜ਼ਿਆਦਾ ਦੇਸ਼ ਹਿੱਸਾ ਲੈਂਦੇ ਹਨ। ਸਲੋਵੇਨੀਆ ਦੇ ਸ਼ਹਿਰ ਬਲੈਡ (ਭਲੲਦ) ਵਿੱਚ 2010 ਨੂੰ ਸ਼ੁਰੂ ਹੋਈਆਂ ਸਰਦੀਆਂ ਦੀਆਂ ਮਾਸਟਰ ਖੇਡਾਂ ਵਿੱਚ 42 ਦੇਸ਼ਾਂ ਨੇ ਹਿੱਸਾ ਲਿਆ। ਗਰਮੀਆਂ ਦੀਆਂ ਖੇਡਾਂ ਵਿੱਚ ਤੀਰ ਅੰਦਾਜ਼ੀ, ਅਥਲੈਟਿਕਸ, ਬੈੱਡਮਿੰਟਨ, ਬੇਸਬਾਲ, ਬਾਸਕਿਟਬਾਲ, ਫੁੱਟਬਾਲ, ਹਾਕੀ, ਰਗਬੀ, ਵਾਲੀਬਾਲ ਨੂੰ ਮਿਲਾ ਕੇ ਕੁਝ 28 ਖੇਡਾਂ ਹੁੰਦੀਆਂ ਹਨ।
ਅਮਰੀਕਾ ਦੀਆਂ ਮਾਸਟਰ ਖੇਡਾਂ ਵੀ ਬਹੁਤ ਪ੍ਰਸਿੱਧ ਹੋ ਰਹੀਆਂ ਹਨ। ਇਨ੍ਹਾਂ ਨੂੰ ਵੀ ਇੰਟਰਨੈਸ਼ਨਲ ਮਾਸਟਰ ਗੇਮਜ਼ ਐਸੋਸੀਏਸ਼ਨ (ੀੰਘੳ) ਕਰਵਾਉਂਦੀ ਹੈ। ਮਾਸਟਰ ਟਰੈਕ ਐਂਡ ਫੀਲਡ ਨੂੰ ਚਾਹੁਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਹਰ ਦੋ ਸਾਲ ਬਾਅਦ ਅਮਰੀਕਾ ਮਾਸਟਰ ਟਰੈਕ ਤੇ ਫੀਲਡ (ਆਊਟਡੋਰ ਤੇ ਇਨਡੋਰ) ਖੇਡਾਂ ਹੁੰਦੀਆਂ ਹਨ; ਤੇ ਇਨ੍ਹਾਂ ਖੇਡਾਂ ਵਿੱਚ ਖਿਡਾਰੀਆਂ ਦਾ ਜਜ਼ਬਾ ਦੇਖਣਯੋਗ ਹੁੰਦਾ ਹੈ। ਇੱਕ ਪਾਸੇ 70 ਤੋਂ 74 ਸਾਲ ਦੇ ਜਵਾਨ ਟਰੈਕ ਉਤੇ 400 ਮੀਟਰ ਭੱਜ ਰਹੇ ਹੁੰਦੇ ਹਨ ਅਤੇ ਦੂਜੇ ਪਾਸੇ 80 ਤੋਂ 84 ਸਾਲ ਦੀਆਂ ਔਰਤਾਂ ਦਾ ਗੋਲਾ ਸੁੱਟਣ ਦਾ ਮੁਕਾਬਲਾ ਚੱਲ ਰਿਹਾ ਹੁੰਦਾ ਹੈ। ਇੱਕ ਦੂਜੇ ਦੀ ਹੌਸਲਾ ਅਫਜ਼ਾਈ ਕਰਨੀ ਕੋਈ ਇਨ੍ਹਾਂ ਖਿਡਾਰੀਆਂ ਤੋਂ ਸਿੱਖੇ। ਉਮਰ ਦੇ ਜਿਸ ਪੜਾਅ ‘ਚ ਆਮ ਬਜ਼ੁਰਗ ਮੰਜੇ ‘ਤੇ ਹੁੰਦੇ ਹਨ ਅਤੇ ਡਾਕਟਰਾਂ ਦੇ ਗੇੜੇ ਕੱਢ ਰਹੇ ਹੁੰਦੇ ਹਨ, ਉਥੇ ਇਹ ਬਜ਼ੁਰਗ 25-30 ਸਾਲ ਦੇ ਜਵਾਨਾਂ ਦਾ ਭੁਲੇਖਾ ਪਾਉਂਦੇ ਹਨ।
ਮਰਦਾਂ ਦੇ 50 ਸਾਲ ਵਰਗ ‘ਚ ਇੰਗਲੈਂਡ ਦੇ ਵਿਲੀ ਗਲਟ (ੱਲਿਲਇ ਘਅੁਲਟ) ਨੇ 100 ਮੀਟਰ ਦੌੜ ‘ਚ 10.88 ਸੈਕਿੰਡ ‘ਚ ਵਰਲਡ ਰਿਕਾਰਡ ਬਣਾਇਆ ਸੀ। 1960 ਦਾ ਇਹ ਰਿਕਾਰਡ ਅਜੇ ਵੀ ਕਾਇਮ ਹੈ। ਇਸੇ ਤਰ੍ਹਾਂ ਔਰਤਾਂ ਦੇ 60 ਸਾਲ ਵਰਗ ਮੁਕਾਬਲੇ ਵਿੱਚ ਫਰਾਂਸ ਦੀ ਨਿਕੋਲ ਅਲੈਕਸਿਸ (ਂਚਿੋਲੲ ੳਲੲਣਸਿ) ਵੱਲੋਂ ਵੀ 12.24 ਸੈਕਿੰਡ ਦਾ 100 ਮੀਟਰ ਦਾ ਰਿਕਾਰਡ ਬਣਾਇਆ ਗਿਆ। 1960 ਦਾ ਇਹ ਰਿਕਾਰਡ ਵੀ ਬਰਕਰਾਰ ਹੈ। ਇਨ੍ਹਾਂ ਖਿਡਾਰੀਆਂ ਦੀ ਲਗਨ, ਹਿੰਮਤ, ਹੌਸਲਾ ਤੇ ਦ੍ਰਿੜ ਇਰਾਦੇ ਆਪਣੇ ਆਪ ਵਿੱਚ ਮਿਸਾਲ ਹਨ।
ਉਮਰ ਇੱਕ ਨੰਬਰ ਹੁੰਦੀ ਹੈ। 50, 60 ਜਾਂ 70 ਸਾਲ ਦੇ ਖਿਡਾਰੀਆਂ ਦੇ ਬਣਾਏ ਰਿਕਾਰਡ ਅੱਜ ਵੀ ਜਵਾਨ ਮੁੰਡਿਆਂ ਦੇ ਮੂੰਹ ‘ਚ ਉਂਗਲਾਂ ਪਵਾ ਦਿੰਦੇ ਹਨ। ਇਹ ਕੋਈ ਇੱਕ ਦਿਨ ਦਾ ਜਾਦੂ ਨਹੀਂ, ਸਗੋਂ ਸਾਲਾਂਬੱਧੀ ਮਿਹਨਤ ਤੇ ਲਗਨ ਦਾ ਨਤੀਜਾ ਹੈ। ਜਿੱਥੇ ਮਾਸਟਰ ਖੇਡਾਂ ਸਾਨੂੰ ਤੰਦਰੁਸਤੀ ਤੇ ਨਾਲ ਨਾਲ ਸਰੀਰ ਤੇ ਮਨ ਦੀ ਸੁਡੋਲਤਾ ਦਿੰਦੀਆਂ ਹਨ, ਉਥੇ ਇੱਕ ਸਿਹਤਮੰਦ ਸਮਾਜ ਵੀ ਸਿਰਜਦੀਆਂ ਹਨ।