ਪੰਜਾਬ ਦਾ ਚੌਗਿਰਦਾ: ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ

Uncategorized

ਅਸੀਂ ਆਪਣੇ ਚੌਗਿਰਦੇ/ਵਾਤਾਵਰਣ ਪ੍ਰਤੀ ਇੰਨੇ ਅਵੇਸਲੇ ਹੋ ਗਏ ਹਾਂ ਕਿ ਗੁਰੂ ਨਾਨਕ ਸਾਹਿਬ ਦੇ ਸ਼ਬਦ “ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ” ਦੇ ਅਰਥ ਸਾਡੇ ਜ਼ਹਿਨ ਵਿੱਚੋਂ ਅਸਲੋਂ ਹੀ ਮਨਫੀ ਹੋ ਗਏ ਹਨ। ਕਦੇ ਪੰਜਾਬ ਦਾ ਵਾਤਾਵਰਣੀ ਮਿਆਰ ਬੜਾ ਆਹਲਾ ਸੀ, ਪਰ ਹੁਣ ਜੋ ਹਾਲਾਤ ਬਣ ਜਾਂ ਬਣਾ ਦਿੱਤੇ ਗਏ ਹਨ, ਉਹ ਬੜੇ ਤ੍ਰਾਸਦਿਕ ਹਨ। ਜੇ ਅਸੀਂ ਇਸੇ ਤਰ੍ਹਾਂ ਹੀ ਵਾਤਾਵਰਣ ਦੀ ਸੰਭਾਲ ਤੋਂ ਨਾਬਰ ਹੋਏ ਰਹੇ ਤਾਂ ਪਛਤਾਵੇ ਤੋਂ ਬਿਨਾ ਸਾਡੇ ਪੱਲੇ ਕੁਝ ਨਹੀਂ ਰਹਿ ਜਾਣਾ; ਤੇ ਲਾਪ੍ਰਵਾਹ ਹੋਏ ਜਿਸ ਕਿਸਮ ਦਾ ਚੌਗਿਰਦਾ ਅਸੀਂ ਤਿਆਰ ਕਰ ਰਹੇ ਹਾਂ, ਉਹ ਸਾਡੇ ਸਮੇਤ ਸਾਡੀਆਂ ਪੀੜੀਆਂ ਲਈ ਵੀ ਘਾਤਕ ਹੈ। ਇਸ ਲੇਖ ਵਿੱਚ ਪੰਜਾਬ ਦੇ ਚੌਗਿਰਦੇ ਦੀ ਤਬਾਹੀ ਦੇ ਕਾਰਨਾਂ ਅਤੇ ਨਤੀਜਿਆਂ ਸਮੇਤ ਦੋਸ਼ੀ ਧਿਰਾਂ ਦਾ ਜ਼ਿਕਰ ਕਰਦਿਆਂ ਲੇਖਕ ਵਿਜੈ ਬੰਬੇਲੀ ਨੇ ਕੁਦਰਤੀ ਸਹਿਹੋਂਦ ਤੋਂ ਨਾਬਰ ਨਾ ਹੋਣ ਦੀ ਗੁਹਾਰ ਲਾਈ ਹੈ…

 

ਵਿਜੈ ਬੰਬੇਲੀ

ਫੋਨ: +91-94634-39075

 

ਸਮੁੱਚਾ ਪੰਜਾਬ ਸਿਰਫ ਪੰਜ ਆਬਾਂ ਦੀ ਹੀ ਧਰਤੀ ਨਹੀਂ, ਪੰਜ ਰੁੱਤਾਂ ਦੀ ਵੀ ਧਰਤੀ ਹੈ/ਸੀ। ਮਿੱਟੀ ਵਜੋਂ ਸਰਸ਼ਾਰ ਅਤੇ ਜੰਗਲਾਂ ਵਲੋਂ ਸਰ-ਸਬਜ਼। ਕੁਦਰਤ ਸਾਡੇ ਉੱਤੇ ਬੜੀ ਮੇਹਰਬਾਨ ਸੀ। ਇਹ ਜੰਗਲਾਂ ਅਤੇ ਦਰਿਆਵਾਂ ਕਾਰਨ ਹੀ ਸੀ ਕਿ ਅਸੀਂ ਉਪਜਾਊ ਮਿੱਟੀ ਵਲੋਂ ਰੱਜੇ-ਪੁੱਜੇ ਸਾਂ ਅਤੇ ਮਿੱਤਰ ਜੀਵਾਂ ਤੇ ਪਸ਼ੂ ਧਨ ਵਜੋਂ ਵੀ ਮਾਲਾਮਾਲ। ਪਹਿਲ ਪਲੱਕੜਿਆਂ ਵਿੱਚ ਪੰਜਾਬ ਦਾ ਵਾਤਾਵਰਣੀ ਮਿਆਰ ਬੜਾ ਆਹਲਾ ਸੀ, ਆਬੋ-ਹਵਾ ਵਜੋਂ ਉੱਤਮ। ਅੱਜ ਪੰਜਾਬ ਦੀ ਸੱਭਿਅਤਾ ਅਤੇ ਸੰਸਕ੍ਰਿਤੀ ਖਤਰੇ ਵਿੱਚ ਹੈ। ਜੰਗਲਾਂ ਤੇ ਜਨੌਰਾਂ ਦਾ ਸਫਾਇਆ, ਜਲ-ਤੱਗੀਆਂ ਅਤੇ ਜਲ ਸੋਮਿਆਂ ਦਾ ਮਰ-ਮੁੱਕ ਜਾਣਾ; ਮਿੱਟੀ, ਪਾਣੀ ਅਤੇ ਹਵਾ ਦਾ ਦੂਸ਼ਿਤ ਹੋਣਾ ਆਉਣ ਵਾਲੇ ਸੰਕਟਾਂ, ਜਿਹੜੇ ਸੰਭਾਲੇ ਨਹੀਂ ਜਾਣੇ, ਦੀ ਕਨਸੋਅ ਹਨ। ਸਾਡੀਆਂ, ਖਾਸ ਕਰਕੇ ਹਾਕਮ-ਜਮਾਤਾਂ ਦੀਆਂ, ਨਾਲਾਇਕੀਆਂ ਕਾਰਨ ਪੰਜਾਬ ਦੀਆਂ ਕਦਰਾਂ-ਕੀਮਤਾਂ, ਧਰੋਹਰ, ਕੁਦਰਤੀ ਸੋਮੇ ਅਤੇ ਰੁੱਤਾਂ ਮਲੀਆਮੇਟ ਹੋ ਰਹੀਆਂ ਹਨ।

ਦਰ-ਹਕੀਕਤ ਪੰਜਾਬ ਵੱਖ-ਵੱਖ ਵਾਤਾਵਰਣੀ ਪ੍ਰਬੰਧਾਂ (ਈਕੋ ਸਿਸਟਮ) ਵਾਲਾ ਖਿੱਤਾ ਹੈ/ਸੀ, ਜਿਸ ਵਿੱਚ ਜੰਗਲ, ਪਹਾੜ, ਬਹੁ-ਪਰਤੀ ਕੰਢੀ ਖਿੱਤਾ, ਮੈਦਾਨ, ਜਲ ਵਹਿਣ ਅਤੇ ਜਲ-ਸੋਮੇ ਆਦਿ ਸ਼ੁਮਾਰ ਹਨ। ਲੋੜਾਂ ਅਤੇ ਸਭ ਕੁੱਝ ਇੱਕੋ ਵਾਰ ਹੂੰਝ ਲੈਣ ਦੀ ਸਿਰਜ ਦਿੱਤੀ ਗਈ ਬਿਰਤੀ ਤੇ ‘ਹਰੀ ਕ੍ਰਾਂਤੀ’ ਨੇ ਕੁਦਰਤੀ ਸਾਵੇਂਪਨ ਨੂੰ ਬੜਾ ਨੁਕਸਾਨ ਪਹੁੰਚਾਇਆ ਹੈ। ਸੱਚ ਹੈ, ਹਰ ਖਿੱਤੇ ਦੀ ਸਭਿਅਤਾ ਦਾ ਜਨਮ ਕਿਸੇ ਨਦੀ ਕੰਢੇ ਹੋਇਆ ਹੈ, ਪਰ ਇਹ ਵੀ ਝੂਠ ਨਹੀਂ ਕਿ ਹਰ ਸੱਭਿਅਤਾ ਦਾ ਪਤਨ ਵੀ ਬਾਂਝ ਕਰ ਦਿੱਤੀ ਗਈ ਮਿੱਟੀ ਕਾਰਨ ਹੀ ਹੋਇਆ। ਕੁਦਰਤ ਲੋੜਾਂ ਦੀ ਪੂਰਤੀ ਕਰਦੀ ਹੈ, ਲਾਲਸਾਵਾਂ ਦੀ ਨਹੀਂ। ਜਦੋਂ ਪੌਣ ਅਤੇ ਪਾਣੀ ਗੰਧਲੇ ਹੋ ਜਾਣ ਤਾਂ ਸੋਚਾਂ ਅਤੇ ਵਿਹਾਰ ਕੁਰਾਹੇ ਪੈ ਜਾਂਦਾ ਹੈ। ਪੰਜਾਬ, ਜਿਸਨੇ ਪਰੰਪਰਾਗਤ ਖੇਤੀ ਰਾਹੀਂ ਜੈਵਿਕ ਵਿਭਿੰਨਤਾ ਦਾ ਸੰਤੁਲਨ, ਕੁਦਰਤੀ ਜ਼ਰਖੇਜਤਾ ਗ੍ਰਹਿਣ ਕਰ ਲੈਣ ਦਾ ਅਮਲ ਅਪਣਾਇਆ ਹੋਇਆ ਸੀ, ਨੂੰ ਮੁਕੰਮਲ ਮਸ਼ੀਨੀ, ਰਸਾਇਣਕ ਅਤੇ ਹਾਈਬਰੈਡ ਖੇਤੀ ਦੇ ਕੁਰਾਹੇ ਪਾ ਦਿੱਤਾ ਗਿਆ ਹੈ। ਖੇਤ ਛੋਟੇ ਹੋ ਰਹੇ ਹਨ ਤੇ ਮਸ਼ੀਨਾਂ ਵੱਡੀਆਂ, ਖੇਤਾਂ ਵਿੱਚ ਹੁਣ ਮੌਤ ਉੱਗਦੀ ਹੈ।

ਪੰਜਾਬ ਵਿੱਚ ਗੈਰ-ਕੁਦਰਤੀ, ਅਣਸਾਵੇਂ ਵਿਕਾਸ ਅਤੇ ਅਖੌਤੀ ਆਧੁਨਿਕਤਾ ਕਾਰਨ ਚੌਗਿਰਦੇ ਵਿੱਚ ਸਸਪੈਂਡਡ ਪਾਰਟੀਕਲ ਮੈਟਰ, ਭਾਵ ਉਹ ਗੈਰ-ਜਰੂਰੀ ਤੱਤ, ਜਿਹੜੇ ਮਿੱਟੀ ਅਤੇ ਪੌਣ-ਪਾਣੀ ਵਿੱਚੋਂ ਮਨਫੀ ਹੋਣੇ ਚਾਹੀਦੇ ਹਨ ਅਤੇ ਨਾਈਰਟੋਜਨ ਆਕਸਾਈਡ ਜ਼ਹਿਰ ਵਧ ਰਹੇ ਹਨ। ਹਵਾ ਵਿੱਚ ਐੱਸ.ਪੀ.ਐਮ. ਦੀ ਮਾਤਰਾ 100 ਤੋਂ 200 ਮਾਈਕਰੋਗ੍ਰਾਮ (ਲਘੂ ਗ੍ਰਾਮ) ਹੋਣੀ ਚਾਹੀਦੀ ਹੈ, ਪ੍ਰੰਤੂ ਇਹ 296 ਤੋਂ 586 ਮਾਈਕਰੋਗ੍ਰਾਮ ਪ੍ਰਤੀ ਘਣ ਮੀਟਰ ਹੋ ਗਈ ਹੈ। ਇਸੇ ਤਰ੍ਹਾਂ ਨਾਈਟਰੋਜਨ ਆਕਸਾਈਡ ਦੀ ਮਾਤਰਾ 30 ਮਾਈਕਰੋਗ੍ਰਾਮ ਪ੍ਰਤੀ ਕਿਊਬਿਕ ਮੀਟਰ ਹੋਣੀ ਚਾਹੀਦੀ ਹੈ, ਪਰ ਇਹ 56 ਤੱਕ ਪਹੁੰਚ ਗਈ ਹੈ। ਕਾਰਨ ਹਨ- ਘਣੀ ਖੇਤੀ, ਵਾਹਨਾਂ ਦੇ ਝੁੰਡ, ਬੇ-ਨੱਥੇ ਉਦਯੋਗ ਅਤੇ ਧੂੰਆਂ-ਰਾਲੀ। ਇਸ ਤੋਂ ਬਿਨਾ ਚੈਨ ਖੋਹੂ ਸ਼ੋਰ ਪ੍ਰਦੂਸ਼ਣ ਨੇ ਵੀ ਆਬੋ-ਹਵਾ ਅਤੇ ਜੀਵ-ਸੰਸਾਰ ਦੀ ਜੜ੍ਹੀਂ ਅੱਕ ਦੇ ਦਿੱਤਾ ਹੈ, ਬਨਾਵਟੀ ਖਾਦਾਂ ਅਤੇ ਨਦੀਨ ਤੇ ਕੀਟਨਾਸ਼ਕਾਂ ਨੇ ਵੀ ਘਾਣ ਕੀਤਾ ਹੈ, ਮਿੱਤਰ ਜੀਵ ਲੁਪਤ।

ਖੇਤਰਫਲ ਵਜੋਂ ਪੰਜਾਬ ਭਾਰਤ ਦੇ ਮੁਕਾਬਲੇ ਮਹਿਜ ਡੇਢ ਫੀਸਦੀ ਰਕਬੇ ਦਾ ਮਾਲਕ ਹੈ, ਪਰ ਇਹ ਭਾਰਤ ਦੀਆਂ ਕੁੱਲ ਖੇਤੀ ਜ਼ਹਿਰਾਂ ਦਾ ਪੰਜਵਾਂ ਹਿੱਸਾ (20%) ਵਰਤਦਾ ਹੈ ਅਤੇ ਕੁੱਲ ਬਨਾਵਟੀ ਖਾਦਾਂ ਦਾ ਤੀਜਾ ਹਿੱਸਾ, ਜਿਸਨੇ ਸਾਡੀ ਆਬੋ-ਹਵਾ ਅਤੇ ਧਨ ਹੂੰਝ ਲਿਆ ਹੈ। ਫਲੀਦਾਰ ਫਸਲਾਂ ਅਰਥਾਤ ਤੇਲ ਬੀਜ ਅਤੇ ਦਾਲਾਂ, ਜਿਹੜੀਆਂ ਮੋੜਵੇਂ ਰੂਪ ਵਿੱਚ ਮਿੱਤਰ ਕੀਟਾਂ ਅਤੇ ਮਿੱਟੀ ਨੂੰ ਵਿਗਸਣ ਤੇ ਸਿਹਤਯਾਬ ਹੋਣ ਲਈ ਬੜਾ ਕੁੱਝ ਦਿੰਦੀਆਂ ਸਨ, ਤਕਰੀਬਨ ਅਸੀਂ ਬੀਜਣੋਂ ਹਟਾ ਦਿੱਤੇ ਗਏ ਹਾਂ। ਇੱਕੋ ਤਰ੍ਹਾਂ ਦੀਆਂ ਫਸਲਾਂ ਨੇ ਮਿੱਟੀ, ਪਾਣੀ, ਮੌਸਮਾਂ ਸਮੇਤ ਪੌਦ ਅਤੇ ਜੀਵ ਵਿਭਿੰਨਤਾ ਨੂੰ ਲੈ ਬੈਠਣਾ ਹੈ। ਝੋਨਾ-ਕਣਕ ਦੋ ਫਸਲੀ ਜਾਂ ਹਾਈਬਰੈਡਡ ਨਰਮਾ ਪ੍ਰਣਾਲੀ ਜਾਂ ਸਿਰੇ ਦੀ ਬੇਮੌਸਮੀ ਸਬਜ਼ੀਆਂ ਤਹਿਤ ਵਰਤੀਆਂ ਮਣਾਂ-ਮੂੰਹੀ ਰਸਾਇਣਕ ਖਾਦਾਂ ਅਤੇ ਨਦੀਨਨਾਸ਼ਕ, ਉੱਲੀਨਾਸ਼ਕ, ਕੀਟਨਾਸ਼ਕਾਂ ਨਾਲ 1:300 ਦੇ ਅਨੁਪਾਤ ਨਾਲ ਦੁਸ਼ਮਣ ਅਤੇ ਮਿੱਤਰ ਕੀੜਿਆਂ ਦਾ ਸਰਬਨਾਸ਼ ਅਰਥਾਤ ਇੱਕ ਦੁਸ਼ਮਣ ਨੂੰ ਮਾਰਨ ਦੇ ਇਵਜ਼ ਵਿੱਚ 300 ਮਿੱਤਰ ਕੀੜਿਆ ਦੀ ਬਲੀ ਲੈ ਲਈ ਜਾਂਦੀ ਹੈ। ਇੱਕ ਵੰਨਗੀ ਦੇ ਪੌਦ ਜਾਂ ਜੀਵ ਖਤਮ ਹੋ ਜਾਣ ਨਾਲ, ਉਸ ਵੰਨਗੀ ਉੱਤੇ ਨਿਰਭਰ 10 ਤੋਂ 20 ਵੰਨਗੀਆਂ ਦੇ ਜੀਵਾਂ ਦਾ ਜੀਵਨ ਖਤਰੇ ਵਿੱਚ ਪੈ ਜਾਂਦਾ ਹੈ। ਅਨਾਜ ਦੀ ਹਰ ਤੀਜੀ ਵੰਨਗੀ ਅਤੇ ਫਲਾਂ ਦੀਆਂ ਤਕਰੀਬਨ ਸਾਰੀਆਂ ਵੰਨਗੀਆਂ ਨੂੰ ਪਰਾਗਦਾਨੀ ਅਤੇ ਮਲੜ੍ਹ ਜੀਵਾਂ, ਗੰਡੋਇਆ ਆਦਿ, ਦੀ ਮਦਦ ਦੀ ਲੋੜ ਪੈਂਦੀ ਹੈ। ਇਨ੍ਹਾਂ ਦੀ ਅਣਹੋਂਦ ਨਾਲ ਮਿਆਰੀ ਫਲ, ਸਬਜ਼ੀਆਂ ਅਤੇ ਅਨਾਜ ਪੈਦਾ ਕਰਨਾ ਅਸੰਭਵ ਹੈ, ਪਰ ਪੰਜਾਬ ਬਨਾਵਟੀ ਤਕਨੀਕਾਂ ਮਗਰ ਨੱਠਾ ਫਿਰਦਾ ਹੈ; ਪਛਤਾਓਂਗੇ!

ਮਸ਼ਹੂਰ ਖੇਤੀ ਵਿਗਿਆਨੀ ਸਵਾਮੀਨਾਥਨ ਨੇ ਪੰਜਾਬ ਨੂੰ ਖਬਰਦਾਰ ਕੀਤਾ ਸੀ, “ਜੇਕਰ ਅਸੀਂ ਮਿੱਟੀ ਦੀ ਰਸਾਇਣ ਆਧਾਰਤ ਵਰਤੋਂ ਲਗਾਤਾਰ ਕਰਦੇ ਰਹੇ ਤਾਂ ਸਾਨੂੰ ਤਿੰਨ ਸਿੱਟੇ ਭੁਗਤਣੇ ਪੈਣਗੇ: ਪਹਿਲਾਂ, ਸਾਡੀ ਖੁਰਾਕ ਵਿੱਚ ਪੌਸ਼ਟਿਕ ਤੱਤਾਂ ਦੀ ਘਾਟ ਹੋ ਜਾਵੇਗੀ; ਦੂਜਾ, ਰਸਾਇਣਾਂ ਦੀ ਵਰਤੋਂ ਸਾਡੇ ਹੱਕ ਵਿੱਚ ਨਹੀਂ ਰਹੇਗੀ ਅਤੇ ਤੀਜਾ, ਅਸੀਂ ਮਿੱਟੀ ਦੀ ਉਪਜਾਊ ਸ਼ਕਤੀ ਗੁਆ ਬੈਠਾਂਗੇ।” ਅਤੇ ਚੌਥਾ; ਅਸੀਂ ਵਾਤਾਵਰਣ ਤੇ ਮੌਸਮ ਵੀ ਵਿਗਾੜ ਬੈਠਾਂਗੇ, ਸਿੱਟੇ ਵਜੋਂ ਖੁਦ ਮਧੋਲੇ ਜਾਵਾਂਗੇ। ਪੰਜਾਬ ਦਾ ਖੇਤੀ ਸੰਕਟ ਸਿਰਫ਼ ਸਰੋਤਾਂ ਦੀ ਸੁਚੱਜੀ ਵਰਤੋਂ ਦੀ ਘਾਟ ਦਾ ਹੀ ਸਿੱਟਾ ਨਹੀਂ, ਸਗੋਂ ਕੁਦਰਤੀ ਸਹਿਹੋਂਦ ਤੋਂ ਨਾਬਰ ਹੋਣ, ਵਿਗਿਆਨ ਦੀ ਅੰਨੇਵਾਹ, ਕਾਹਲ-ਭਰੀ ਅਤੇ ਹੱਦੋਂ ਵੱਧ ਵਰਤੋਂ ਦਾ ਸਿੱਟਾ ਹੈ। ਅਸੀਂ ਅਗਲੀ ਤੇ ਬੰਪਰ ਫਸਲ ਬੀਜਣ ਅਤੇ ਤੀਲੀ ਲਾਉਣ ਲਈ ਬੜੇ ਕਾਹਲੇ ਹਾਂ। ਲੰਬੇ ਸਮੇਂ ਤੋਂ ਖੁਰਾਕ ਅਤੇ ਆਰਥਿਕ ਯੋਜਨਾਵਾਂ ਸਬੰਧੀ ਇਹ ਸੋਚ, “…ਕਿ ਉਤਪਾਦਨ ਕਿਸੇ ਵੀ ਕੀਮਤ ‘ਤੇ ਮਹਿੰਗਾ ਨਹੀਂ।” ਇਸੇ ਪ੍ਰਵਿਰਤੀ ਨੇ ਹੀ ਕੁਦਰਤੀ ਸਰੋਤਾਂ ਦੀ, ਦਰ-ਹਕੀਕਤ ਸਾਡੀ, ਤਬਾਹੀ ਕੀਤੀ ਹੈ। ਕੁਦਰਤੀ ਸਰੋਤਾਂ ਵਿੱਚ ਮਿੱਟੀ, ਪਾਣੀ ਅਤੇ ਹਵਾ ਅਹਿਮ ਤੱਤ ਹਨ। ਅਸੀਂ ਇਨ੍ਹਾਂ ਨੂੰ ਜ਼ਹਿਰਾਉਣ, ਮੁਕਾਉਣ ਅਤੇ ਗੰਧਲਾਉਣ ਲੱਗੇ ਹੋਏ ਹਾਂ।

ਪਰ ਸਾਰਾ ਉਲਾਭਾਂ ‘ਆਧੁਨਿਕ ਖੇਤੀ’ ਨੂੰ ਨਹੀਂ ਦਿੱਤਾ ਜਾ ਸਕਦਾ। ਇੱਕ ਸਾਫਟ ਡਰਿੰਕ ਬਣਾਉਣ ਲਈ 15 ਲੀਟਰ ਪਾਣੀ ਦੀ ਖਪਤ, ਲੀਟਰ ਕੁ ਬੀਅਰ-ਵਾਇਨ ਹਿੱਤ 25 ਲੀਟਰ ਅਤੇ ਇੱਕ ਯੂਨਿਟ ਮੋਟਰ/ਕਾਰ ਲਈ 4 ਲੱਖ ਲੀਟਰ ਪਾਣੀ ਹੂੰਝ-ਵਰਤ ਜਾਂ ਗੰਧਲਾਅ ਦਿੱਤਾ ਜਾਂਦਾ ਹੈ। ਹੋਰ ਤਾਂ ਹੋਰ ਚਾਰ-ਪੰਜ ਸੌ ਕਮਰਿਆਂ ਵਾਲਾ ‘ਸਟਾਰ-ਹੋਟਲ’ ਰੋਜ਼ਾਨਾ 6 ਲੱਖ ਲੀਟਰ ਪਾਣੀ ਨਾਲੀਆਂ ‘ਚ ਰੋੜ੍ਹ ਦਿੰਦਾ ਹੈ। ਇੱਕ ਸਧਾਰਨ ਜਿਹੀ ਡਿਸਟਲਿਰੀ, ਜਿਹੜੀ ਪ੍ਰਤੀ ਦਿਨ 40 ਹਜ਼ਾਰ ਲੀਟਰ ਸ਼ਰਾਬ ਬਣਾਉਂਦੀ ਹੈ, ਰੋਜ਼ਾਨਾ 5 ਲੱਖ ਲੀਟਰ ਵਿਹੁਲੀ ਰਹਿੰਦ-ਖੂੰਹਦ ਪੈਦਾ ਕਰਕੇ ਜਲ-ਵਹਿਣਾਂ ਵਿੱਚ ਜਾਂ ਧਰਤੀ ਵਿੱਚ ਇਨਜੈਕਟ ਕਰ ਦਿੰਦੀ ਹੈ। ਇਹੀ ਹਾਲ, ਊਨੀ-ਸੂਤੀ ਕੱਪੜਾ, ਡਾਇੰਗ, ਨਿੱਕਲ ਅਤੇ ਰੰਗਾਈ ਕਾਰਖਾਨਿਆਂ ਦਾ ਹੈ। ਵਾਤਾਵਰਣੀ ਸੁਰੱਖਿਅਤ ਨਿਯਮ ਇਸ ਨਿਕਾਸ ਨੂੰ ਜਲ-ਵਹਿਣ ‘ਚ ਰੋੜ੍ਹਨ ਲਈ 30 ਤੋਂ 100 ਮਿਲੀਗ੍ਰਾਮ ਪ੍ਰਤੀ ਲੀਟਰ ਦੀ ਆਗਿਆ ਦਿੰਦੇ ਹਨ, ਪਰ ਸਾਡੇ ਕਰਖਾਨੇ 50 ਹਜ਼ਾਰ ਮਿਲੀਗ੍ਰਾਮ ਪ੍ਰਤੀ ਲੀਟਰ ਭਾਵ ਭਿਆਨਕ ਦਰ ਨਾਲ ਡੋਲ੍ਹ ਰਹੇ ਹਨ। ਸਿੱਟੇ ਵਜੋਂ ਪੰਜ-ਆਬਾਂ ਦੀ ਧਰਤੀ ਸ਼ੁੱਧ ਘੁੱਟ ਨੂੰ ਤਰਸਣ ਲੱਗ ਪਈ ਹੈ।

ਇਹੀ ਕਾਰਨ ਹੈ ਕਿ ਸਾਡੇ ਜਲ ਸੋਮਿਆਂ ‘ਤੇ ਕਬਜ਼ਿਆਂ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਅਤੇ ਬੋਤਲਬੰਦ ਪਾਣੀ ਦੇ ਨਾਂ ਉੱਤੇ ਸਾਡਾ ਬਹੁਪਰਤੀ ਸੋਸ਼ਣ ਹੋਣਾ ਸ਼ੁਰੂ ਹੋ ਗਿਆ ਹੈ। ਇਕੱਲੀ ਕੋਕਾ ਕੋਲਾ ਕੰਪਨੀ ਸਾਲਾਨਾ 355 ਕਰੋੜ ਲੀਟਰ ਪਾਣੀ ਦੀ ਖਪਤ ਕਰਦੀ ਹੈ, ਜਿਸ ਨਾਲ 24 ਹਜ਼ਾਰ ਏਕੜ ਜ਼ਮੀਨ ਦੀ ਸਿੰਚਾਈ ਕੀਤੀ ਜਾ ਸਕਦੀ ਹੈ। ਇਹ ਸਾਡਾ ਸਾਲਾਨਾ 8 ਹਜ਼ਾਰ ਕਰੋੜ ਰੁਪਈਆ ਹੀ ਨਹੀਂ ਲੁੱਟਦੀ, ਸਗੋਂ ਕਈ ਹੋਰ ਅਲਾਮਤਾਂ ਵੀ ਖੜ੍ਹੀਆਂ ਕਰ ਰਹੀ ਹੈ। ਪੰਜਾਬ ਦੇ ਪ੍ਰਦੂਸ਼ਣ, ਚਾਹੇ ਉਹ ਜਲ ਪ੍ਰਦੂਸ਼ਣ ਹੈ, ਥਲ ਪ੍ਰਦੂਸ਼ਣ ਹੈ ਜਾਂ ਹਵਾ ਅਤੇ ਸ਼ੋਰ ਪ੍ਰਦੂਸ਼ਣ, ਦਾ ਵੱਡਾ ਹਿੱਸਾ ਉਦਯੋਗਾਂ ਆਦਿ ਦੁਆਰਾ ਫੈਲਾਇਆ ਜਾਂਦਾ ਹੈ। ਭਾਵੇਂ ਸ਼ੋਰ ਪ੍ਰਦੂਸ਼ਣ ਦੇ ਮੁੱਖ ਕਾਰਨ ਸਪੀਕਰ ਅਤੇ ਵਾਹਨ ਹਨ, ਪਰ ਇਸਨੂੰ ਜਜ਼ਬ ਕਰਨ ਵਾਲੇ ਜੰਗਲ-ਬੇਲੇ ਵੀ ਅਸੀਂ ਵੱਢ-ਟੁੱਕ ਦਿੱਤੇ ਹਨ। ਪੰਜਾਬ ਸ਼ੁੱਧ ਹਵਾ ਦੇ ਭੰਡਾਰ ਅਤੇ ਖੁਸ਼ਗਵਾਰ ਮੌਸਮਾਂ ਦੇ ਪੂਰਕ ਜੰਗਲਾਂ, ਜਿਹੜੇ ਜ਼ਹਿਰਾਂ ਸਮੇਟਣ ਵਾਲੇ ਨੀਲ ਕੰਠ ਸਨ, ਵਲੋਂ ਵੀ ਹੱਥ ਧੋਅ ਬੈਠਾ ਹੈ। ਕੁਦਰਤੀ ਸਾਵੇਂਪਨ ਲਈ ਕੁੱਲ ਰਕਬੇ ‘ਤੇ 33% ਰੁੱਖ ਹੋਣੇ ਚਾਹੀਦੇ ਹਨ। ਇਸ ਪੱਖੋਂ ਪੰਜਾਬ ਦੀ ਦਸ਼ਾ ਬੜੀ ਤਰਸਯੋਗ ਹੈ, ਮਹਿਜ 6% ਦਰੱਖਤ। ਬਿਰਖਾਂ ਦੀ ਅਣਹੋਂਦ ਕਾਰਨ ਹਵਾ ਵਿੱਚ ਜ਼ਹਿਰਾਂ ਖਾਸ ਕਰਕੇ ਕਾਰਬਨਡਾਇਆਕਸਾਈਡ ਵੱਧ ਰਹੀ ਹੈ, ਜਿਸਨੂੰ ਸਿਰਫ ਪ੍ਰਕਾਸ਼ ਸੰਸਲੇਸ਼ਣ ਰਾਹੀਂ, ਬਿਰਖ ਹੀ ਆਕਸੀਜਨ ‘ਚ ਤਬਦੀਲ ਕਰਨ ਦੇ ਸਮਰੱਥ ਹਨ। ਪੰਜਾਬ ‘ਚ ਘੱਟਦੀ ਬਰਸਾਤ ਪਰ ਐਲਰਜੀ ਤੇ ਸਾਹ ਰੋਗਾਂ ਦੀ ਵੱਧਦੀ ਮਿਕਦਾਰ ਦਾ ਵੱਡਾ ਕਾਰਨ ਦਰੱਖਤਾਂ ਦੀ ਕਮੀ ਹੈ।

ਸਿਰਫ ਦਰੱਖਤਾਂ ਦੀ ਕਮੀ ਹੀ ਨਹੀਂ, ਵੱਧ ਰਿਹਾ ਕੰਕਰੀਟ-ਕਲਚਰ, ਪਲਾਸਟਿਕ, ਬੇਤਹਾਸ਼ਾ ਵਾਹਨ ਤੇ ਹੁਣ ਮੋਬਾਇਲ ਕਲਚਰ, ਕੂੜਾ-ਕਰਕਟ, ਧੜਵੈਲ ਇਮਾਰਤਾਂ ਵਿੱਚ ਅਤੇ ਸੜਕਾਂ ‘ਤੇ ਖੌਰੂ ਪਾਉਂਦਾ ‘ਰੱਬ’, ਪੈਟਰੋਲੀਅਮ ਪਦਾਰਥਾਂ ਤੇ ਏਅਰਕੰਡੀਸ਼ਨਰ-ਰੈਫਰੀਜਰੇਸ਼ਨ ਦੀ ਗੈਰ-ਜਰੂਰੀ ਵਰਤੋਂ, ਫੈਸ਼ਨ-ਇਸ਼ਤਿਹਾਰ-ਮੰਡੀਵਾਦ ਅਤੇ ‘ਭੌਤਿਕ ਸਹੂਲਤਾਂ’ ਮਗਰ ਹਾਫਲੀ ਦੌੜ, ਜਾਣੀ ਖੱਪਤਵਾਦ ਵੀ ਪੰਜਾਬ ਦੀ ਫਿਜ਼ਾ ਵਿਗਾੜਨ ਵਿੱਚ ਕੁਚੱਜਾ ਹਿੱਸਾ ਪਾ ਰਿਹਾ ਹੈ। ਵਾਤਾਵਰਣ ਦੀ ਸਮੱਸਿਆ ਅੱਜ ਪੂਰੇ ਵਿਸ਼ਵ ਦੀ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ। ਭਾਰਤ ਦੁਨੀਆਂ ਦਾ ਪਹਿਲਾ ਦੇਸ਼ ਹੈ, ਜਿਸ ਨੇ 1976 ਵਿੱਚ 42ਵੀਂ ਸੰਵਿਧਾਨਕ ਦੇ ਭਾਗ-4 ਦੀ ਧਾਰਾ 48-ਏ ਤਹਿਤ ਵਾਤਾਵਰਣ, ਜੰਗਲਾਂ, ਜੰਗਲੀ ਜੀਵਾਂ ਅਤੇ ਕੁਦਰਤੀ ਸੋਮਿਆਂ ਦੀ ਸੰਭਾਲ ਤੇ ਸੁਰੱਖਿਆ ਇੱਕ ਸੰਵਿਧਾਨਕ ਜ਼ਿੰਮੇਵਾਰੀ ਬਣਾਈ ਸੀ। ਫਿਰ ਪ੍ਰਦੂਸ਼ਣ ਰੋਕਥਾਮ ਐਕਟ-1974, ਹਵਾ ਪ੍ਰਦੂਸ਼ਣ ਰੋਕਥਾਮ ਐਕਟ-1981 ਅਤੇ ਸ਼ੋਰ ਪ੍ਰਦੂਸ਼ਣ ਐਕਟ-1986 ਹੋਂਦ ਵਿੱਚ ਆਇਆ। ਮਗਰੋਂ ਕਈ ਸੋਧਾਂ ਅਤੇ ਹੋਰ ਨਿਯਮਾਂ-ਕਾਨੂੰਨਾਂ ਤਹਿਤ ਵਾਤਾਵਰਣੀ ਫਰਜ਼ਾਂ ਅਤੇ ਅਮਲ ਯਕੀਨੀ ਬਣਾਉਣ ਹਿੱਤ ਸਬੰਧਿਤ ਕਾਨੂੰਨਾਂ ਨੂੰ ਹੋਰ ਪੱਕੇ ਪੈਰੀਂ ਕੀਤਾ; ਪਰ ਸਿਆਸੀ ਇੱਛਾ ਸ਼ਕਤੀ ਦੀ ਘਾਟ, ਬਦਨੀਤੀ ਅਤੇ ਰਿਸ਼ਵਤਾਂ ਦੇ ਝੱਸ, ‘ਸਿਆਸੀ ਫੰਡਾਂ’ ਤੇ ਵੋਟਾਂ ਦੀ ਹਿਰਸ ਕਾਰਨ ਸੱਭ ਵਿਅਰਥ।

ਕੀ ਸਿਰਫ ‘ਸਰਕਾਰਾਂ ਹੀ ਜ਼ਿੰਮੇਵਾਰ ਹਨ? ਨਹੀਂ! ਕਸੂਰ ਸਾਡਾ ਵੀ ਹੈ। ਹੋਰ ਤਾਂ ਹੋਰ ਅਸਾਂ ਚੌਗਿਰਦੇ ਅਤੇ ਵਾਤਾਵਰਣ ਸਬੰਧੀ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਅਤੇ ਹੁਕਮਾਂ ਨੂੰ ਵੀ ਟਿੱਚ ਜਾਣਿਆ। ਸਿਰਫ ‘ਸਰਕਾਰ ਜੀ’ ਨੇ ਹੀ ਨਹੀਂ, ਸਗੋਂ ਜਨਤਾ ਨੇ ਵੀ। ‘ਜਨਤਾ?’ ਜੀ ਹਾਂ; ਮਿਸਾਲ ਵਜੋਂ, ਤੁਸੀਂ ਅਕਾਲ ਤਖ਼ਤ ਸਾਹਿਬ ਵਲੋਂ ‘ਕੰਨ-ਪਾੜ੍ਹਵੇਂ ਪ੍ਰਵਚਨਾਂ’ ਨੂੰ ਸਹਿਜ ਅਤੇ ਸਿਰਫ ‘ਧਾਰਮਿਕ ਇਮਾਰਤ’ ਦੀ ਹਦੂਦ ਅੰਦਰ ਰੱਖਣ ਦੇ ‘ਹੁਕਮਨਾਮਾ’ ਉਤੇ ਕੀਤੇ ਜਾ ਰਹੇ ‘ਅਮਲ’ ਨੂੰ ਵਾਚ ਸਕਦੇ ਹੋ। ਹਾਂ; ਚੌਗਿਰਦਾ ਵਿਗਾੜਾਂ ਨੂੰ ਜਰਬ੍ਹਾਂ ਦੇਣ ਵਿੱਚ ‘ਸਿਆਸੀ ਬੁਰਜ’, ‘ਨਿੱਜ ਅਤੇ ਹਾਕਮ-ਪ੍ਰਸਤ ਅਧਿਆਤਮਵਾਦੀ’ ਅਤੇ ‘ਧੜਵੈਲ ਧਨ-ਕੁਬੇਰ’ ਮੋਹਰੀ ਹਨ, ਪਰ ਪੈਰੀਂ ਕੁਹਾੜਾ ਮਾਰਨ ਵਿੱਚ ਪਿੱਛੇ ਅਸੀਂ-ਤੁਸੀਂ ਵੀ ਨਹੀਂ।

Leave a Reply

Your email address will not be published. Required fields are marked *