ਦੁਨੀਆਂ ਦਾ ਮਹਾਨ ਆਰਕੀਟੈਕਟ ਭਾਈ ਰਾਮ ਸਿੰਘ

ਅਦਬੀ ਸ਼ਖਸੀਅਤਾਂ

ਇੰਦਰਜੀਤ ਸਿੰਘ ਹਰਪੁਰਾ

ਫੋਨ: 91-98155-77574

ਪਹਿਲੀ ਅਗਸਤ 1858 ਨੂੰ ਬਟਾਲਾ ਨੇੜਲੇ ਛੋਟੇ ਜਿਹੇ ਪਿੰਡ ਰਸੂਲਪੁਰ ਵਿਖੇ ਮਿਸਤਰੀ ਆਸਾ ਸਿੰਘ ਦੇ ਘਰ ਪੈਦਾ ਹੋਏ ਰਾਮ ਸਿੰਘ ਬਾਰੇ ਕਿਸੇ ਨੇ ਸੋਚਿਆ ਵੀ ਨਹੀਂ ਹੋਣਾ ਕਿ ਇਹੀ ਰਾਮ ਸਿੰਘ ਵੱਡਾ ਹੋ ਕੇ ਏਨਾ ਵੱਡਾ ਆਰਕੀਟੈਕਟ ਬਣੇਗਾ ਕਿ ਦੁਨੀਆਂ ਭਰ ਦੇ ਲੋਕ ਉਸ ਦੀਆਂ ਡਿਜ਼ਾਇਨ ਕੀਤੀਆਂ ਇਮਾਰਤਾਂ ਨੂੰ ਖੜ੍ਹ-ਖੜ੍ਹ ਕੇ ਦੇਖਣਗੇ। ਬੇਸ਼ੱਕ ਆਰਕੀਟੈਕਟ ਭਾਈ ਰਾਮ ਸਿੰਘ ਨੂੰ ਉਸ ਦੇ ਆਪਣੇ ਇਲਾਕੇ ਅਤੇ ਕੌਮ ਦੇ ਲੋਕ ਵਿਸਾਰ ਗਏ ਹੋਣ, ਪਰ ਉਸ ਸਰਦਾਰ ਦੀ ਕਲਾ ਦਾ ਲੋਹਾ ਦੁਨੀਆਂ ਅੱਜ ਵੀ ਮੰਨਦੀ ਹੈ। ਭਾਈ ਰਾਮ ਸਿੰਘ ਨੂੰ ਜੇ 19ਵੀਂ ਸਦੀ ਦਾ ਪ੍ਰਤੱਖ ‘ਵਿਸ਼ਵਕਰਮਾ’ ਕਹਿ ਲਈਏ ਤਾਂ ਕੋਈ ਅਤਿ-ਕਥਨੀ ਨਹੀਂ ਹੋਵੇਗੀ।

ਅਸੀਂ ਚੜ੍ਹਦੇ ਪੰਜਾਬ ਦੇ ਵਸਨੀਕ ਅਤੇ ਸਮੂਹ ਭਾਰਤ ਦੇ ਲੋਕ ਅੰਮ੍ਰਿਤਸਰ ਸਥਿਤ ਖਾਲਸਾ ਕਾਲਜ ਦੀ ਇਮਾਰਤ ਨੂੰ ਆਪਣੀ ਅੱਖੀਂ ਦੇਖ ਕੇ ਅਸ਼-ਅਸ਼ ਕਰ ਉੱਠਦੇ ਹਾਂ, ਪਰ ਇਸ ਖੂਬਸੂਰਤ ਇਮਾਰਤ ਨੂੰ ਡਿਜ਼ਾਇਨ ਕਿਸ ਨੇ ਕੀਤਾ ਸੀ, ਉਸ ਮਹਾਨ ਹਸਤੀ ਬਾਰੇ ਬਹੁਤਿਆਂ ਨੂੰ ਨਹੀਂ ਪਤਾ। ਖਾਲਸਾ ਕਾਲਜ ਦੀ ਖੂਬਸੂਰਤ ਇਮਾਰਤ ਦਾ ਨਕਸ਼ਾ ਪਿੰਡ ਰਸੂਲਪੁਰ ਦੇ ਭਾਈ ਰਾਮ ਸਿੰਘ ਨੇ ਤਿਆਰ ਕੀਤਾ ਸੀ। ਇਸ ਤੋਂ ਇਲਾਵਾ ਉਸ ਨੇ ਹੋਰ ਵੀ ਕਈ ਇਮਾਰਤਾਂ ਦੇ ਨਕਸ਼ੇ ਤਿਆਰ ਕੀਤੇ, ਜੋ ਸਾਰੀਆਂ ਹੀ ਵਿਰਾਸਤੀ ਇਮਾਰਤਾਂ ਦਾ ਦਰਜਾ ਹਾਸਲ ਕਰ ਚੁਕੀਆਂ ਹਨ। ਭਾਈ ਰਾਮ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਦੀ ਮਾਰਬਲ ਡਿਜ਼ਾਇੰਗ ਅਤੇ ਵੁਡ ਕਰਵਿੰਗ, ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਦੇ ਪੈਲੇਸ ਦੀ ਇੰਟੀਰੀਅਰ ਡਿਜ਼ਾਇਨਿੰਗ, ਸੈਨੇਟ ਹਾਊਸ ਲਾਹੌਰ ਦੀ ਇਮਾਰਤ, ਗੁਰਦੁਆਰਾ ਸ੍ਰੀ ਸਾਰਾਗੜ੍ਹੀ ਅੰਮ੍ਰਿਤਸਰ, ਐਗਰੀਕਲਚਰ ਕਾਲਜ ਲਾਇਲਪੁਰ, ਆਰਟੀਸ਼ਨ ਕਾਲਜ ਲਾਹੌਰ, ਦਰਬਾਰ ਹਾਲ ਕਪੂਰਥਲਾ, ਇੰਪੀਰੀਅਲ ਕੋਰਟ ਪੰਜਾਬ ਸ਼ੋਅ ਕੇਸ਼, ਲਾਹੌਰ ਬੋਰਡਿੰਗ ਹਾਊਸ (ਇਕਬਾਲ ਹਾਊਸ) ਸਰਕਾਰੀ ਕਾਲਜ, ਚੰਬਾ ਹਾਊਸ ਲਾਹੌਰ, ਮਲਿਕ ਉਮਰ ਹਿਆਤ ਦੀ ਰਿਹਾਇਸ਼ ਕਾਲਰਾ ਅਸਟੇਟ ਆਦਿ ਵਿਸ਼ਵ ਪ੍ਰਸਿੱਧ ਇਮਾਰਤਾਂ ਦੇ ਨਕਸ਼ੇ ਤਿਆਰ ਕਰਨ ਦੇ ਨਾਲ ਲਾਜਵਾਬ ਇੰਟੀਰੀਅਰ ਡਿਜ਼ਾਇਨਿੰਗ ਦਾ ਕੰਮ ਕੀਤਾ।

ਵਿਸ਼ਵ ਪ੍ਰਸਿੱਧ ਆਰਕੀਟੈਕਟ ਭਾਈ ਰਾਮ ਸਿੰਘ ਰਾਮਗੜ੍ਹੀਆ ਪਰਿਵਾਰ ਨਾਲ ਸਬੰਧ ਰੱਖਦੇ ਸਨ ਅਤੇ ਉਨ੍ਹਾਂ ਦੇ ਪਿਤਾ ਸ. ਆਸਾ ਸਿੰਘ ਤਰਖਾਣਾ ਕੰਮ ਕਰਦੇ ਸਨ। ਸ. ਆਸਾ ਸਿੰਘ ਪਿੰਡ ਰਸੂਲਪੁਰ ਛੱਡ ਕੇ ਅੰਮ੍ਰਿਤਸਰ ਚੀਲ ਮੰਡੀ ਵਿੱਚ ਦੁਕਾਨ ਖ਼ਰੀਦ ਕੇ ਕਾਰੋਬਾਰ ਕਰਨ ਲੱਗ ਪਏ। ਅੰਮ੍ਰਿਤਸਰ ਦੇ ਮਿਸ਼ਨ ਸਕੂਲ ਵਿੱਚੋਂ ਭਾਈ ਰਾਮ ਸਿੰਘ ਨੇ 10ਵੀਂ ਤੱਕ ਦੀ ਪੜ੍ਹਾਈ ਕੀਤੀ ਅਤੇ ਨਾਲ ਹੀ ਆਪਣੇ ਪਿਤਾ ਨਾਲ ਹੱਥ ਵਟਾਉਣ ਲੱਗ ਪਏ।

ਲਾਹੌਰ ਆਰਟ ਸਕੂਲ ਦਾ ਇੱਕ ਟੀਚਰ ਹਾਰਵੇ, ਅੰਮ੍ਰਿਤਸਰ ਆਉਂਦਾ-ਜਾਂਦਾ ਰਹਿੰਦਾ ਸੀ। ਭਾਈ ਰਾਮ ਸਿੰਘ ਦੇ ਅਧਿਆਪਕਾਂ ਨੇ ਉਸ ਨੂੰ ਬੱਚੇ ਦੀ ਤੀਖਣ ਬੁੱਧ ਦੀ ਦੱਸ ਪਈ। ਡਿਪਟੀ ਕਮਿਸ਼ਨਰ ਨੇ ਉਸ ਕੋਲ ਇਸ ਗੱਲ ਦੀ ਤਾਈਦ ਕੀਤੀ। ਜਨਵਰੀ 1874 ਵਿੱਚ ਉਹ ਰਾਮ ਸਿੰਘ ਨੂੰ ਲਾਹੌਰ ਲੈ ਗਿਆ ਅਤੇ ਉਥੋਂ ਦੇ ਆਰਟ ਸਕੂਲ ਵਿੱਚ ਦਾਖਲ ਹੋ ਗਿਆ। ਪਹਿਲਾਂ ਸਕੂਲ ਦਾ ਨਾਮ ਲਾਹੌਰ ਸਕੂਲ ਆਫ ਕਾਰਪੈਂਟਰੀ ਸੀ ਤੇ ਕਲਾਸਾਂ ਡੀ.ਪੀ.ਆਈ. ਦਫ਼ਤਰ ਦੇ ਵਰਾਂਡੇ ਵਿੱਚ ਲਗਦੀਆਂ ਸਨ, ਸਕੂਲ ਦੀ ਇਮਾਰਤ ਅਜੇ ਬਣਨੀ ਸੀ। ਸਰਕਾਰ ਇਸ ਸਕੂਲ ਨੂੰ ਪੈਸਾ ਨਹੀਂ ਦਿੰਦੀ ਸੀ।

ਮਾਸਟਰ ਆਪਣੇ ਵਿਦਿਆਰਥੀਆਂ ਤੋਂ ਲੋਕਾਂ ਦੇ ਕੰਮ ਕਰਵਾਉਣ ਅਤੇ ਜੋ ਪੈਸਾ ਆਵੇ, ਖਰਚਾ ਕੱਢਣ। ਇਹ ਸਕੂਲ ਮਾਸਟਰਾਂ ਨੂੰ ਤਨਖਾਹਾਂ ਦੇਣ ਜੋਗਾ ਵੀ ਨਹੀਂ ਸੀ। ਆਖ਼ਰ 1875 ਵਿੱਚ ਮੇਓ ਸਕੂਲ ਸਥਾਪਿਤ ਹੋਇਆ, ਜਿਸ ਵਿੱਚ ਕੁੱਲ ਵੀਹ ਵਿਦਿਆਰਥੀ ਦਾਖਲ ਹੋਏ। ਬੰਗਾਲ ਬੈਂਕ ਪਿੱਛੇ ਅਨਾਰਕਲੀ ਬਾਜ਼ਾਰ ਵਿੱਚ ਇੱਕ ਇਮਾਰਤ ਕਿਰਾਏ `ਤੇ ਲੈ ਲਈ। ਗੋਰੇ ਅਧਿਆਪਕਾਂ ਨਾਲ ਅੰਗਰੇਜ਼ੀ ਵਿੱਚ ਗੱਲਾਂ ਕਰਨੀਆਂ ਰਾਮ ਸਿੰਘ ਬਾਕੀਆਂ ਤੋਂ ਪਹਿਲਾਂ ਸਿੱਖ ਗਿਆ। ਪਹਿਲੀ ਸਾਲਾਨਾ ਸਕੂਲ ਰਿਪੋਰਟ ਵਿੱਚ ਮੇਓ ਸਕੂਲ ਦੇ ਪ੍ਰਿੰਸੀਪਲ ਕਿਪਲਿੰਗ ਨੇ ਲਿਖਿਆ, ਸੰਗਮਰਮਰ ਤ੍ਰਾਸ਼ਣ ਵਾਲੇ ਸ਼ਿਲਪੀ ਦਾ ਬੇਟਾ ਮੁਹੰਮਦ ਦੀਨ, ਕਾਰਪੈਂਟਰੀ ਸਕੂਲ ਦਾ ਰਾਮ ਸਿੰਘ, ਸ਼ੇਰ ਮੁਹੰਮਦ ਲੁਹਾਰ ਅਤੇ ਐਡਵਿਨ ਹੋਲਡਨ ਹੋਣਹਾਰ ਵਿਦਿਆਰਥੀ ਹਨ, ਪਰ ਰਾਮ ਸਿੰਘ ਕਿਸੇ ਵੱਡੇ ਇੰਜੀਨੀਅਰ ਦਾ ਸਹਾਇਕ ਲੱਗ ਕੇ ਉੱਚੀਆਂ ਮੰਜ਼ਲਾਂ ਛੁਹੇਗਾ। ਕਾਰਪੈਂਟਰ ਨਹੀਂ ਰਹੇਗਾ, ਇਮਾਰਤਸਾਜ਼ ਬਣੇਗਾ। ਉਹ ਪੁਰਾਣੀਆਂ ਲੀਹਾਂ ਛੱਡ ਕੇ ਨਵਾਂ ਰਸਤਾ ਤਲਾਸ਼ਣ ਦੇ ਸਮਰੱਥ ਹੈ। ਭਵਿੱਖ ਵਿੱਚ ਪ੍ਰਿੰਸੀਪਲ ਕਿਪਲਿੰਗ ਦੀ ਇਹ ਭਵਿੱਖਵਾਣੀ ਬਿਲਕੁੱਲ ਸੱਚ ਸਾਬਤ ਹੋਈ।

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੀ ਮੇਮ ਸਾਹਿਬਾ ਦਾ ਪਿਆਨੋ ਖ਼ਰਾਬ ਹੋ ਗਿਆ। ਇਸ ਦੀ ਮੁਰੰਮਤ ਅਤੇ ਪਾਲਿਸ਼ ਕਰਨ ਲਈ ਆਮ ਮਿਸਤਰੀ ਨੂੰ ਥੋੜ੍ਹਾ ਸੱਦਣਾ ਸੀ! ਭਾਲ ਸ਼ੁਰੂ ਹੋਈ, ਦੱਸਿਆ ਗਿਆ ਕਿ ਜ਼ਿਲ੍ਹੇ ਵਿੱਚ 16 ਸਾਲ ਦੀ ਉਮਰ ਦੇ ਰਾਮ ਸਿੰਘ ਤੋਂ ਵਧ ਕੇ ਕੋਈ ਕਾਰੀਗਰ ਨਹੀਂ। ਰਾਮ ਸਿੰਘ ਨੇ ਕੰਮ ਸਿਰੇ ਚਾੜ੍ਹ ਕੇ ਸ਼ਾਬਾਸ਼ ਲਈ। ਇਹ ਕੰਮ ਰਾਮ ਸਿੰਘ ਨੇ ਸਕੂਲ ਵਿੱਚੋਂ ਨਹੀਂ, ਪਿਤਾ ਪਾਸੋਂ ਸਿੱਖਿਆ ਸੀ।

ਛੇ ਸਾਲ ਦੀ ਟ੍ਰੇਨਿੰਗ ਪੂਰੀ ਹੋਈ, ਰਾਮ ਸਿੰਘ ਨੂੰ ਇੱਕ ਅਪਰੈਲ 1883 ਦੇ ਦਿਨ ਅਸਿਸਟੈਂਟ ਮਾਸਟਰ ਵਜੋਂ ਇਸੇ ਸਕੂਲ ਵਿੱਚ ਨੌਕਰੀ ਦਿੱਤੀ ਗਈ। ਰਾਮ ਸਿੰਘ ਦੇ ਮੁਢਲੇ ਦਿਨ ਬੜੇ ਸਖ਼ਤ ਸਨ, ਸਿਰਫ ਕਲਾਸ ਰੂਮ ਵਿੱਚ ਪੜ੍ਹਾਉਣਾ ਨਹੀਂ, ਸਰਕਾਰ ਦੇ ਪੱਤਰ ਆਉਂਦੇ ਹੀ ਰਹਿੰਦੇ, ਇਹ ਇਮਾਰਤ ਬਣਾਉਣੀ ਹੈ, ਫਿਰ ਉਹ ਇਮਾਰਤ ਬਣਾਉਣੀ ਹੈ। ਸਿਰਫ ਨਕਸ਼ਾ ਨਹੀਂ ਬਣਾਉਣਾ, ਬਣਦੀ ਇਮਾਰਤ ਦੀ ਨਿਗਰਾਨੀ ਵੀ ਕਰਨੀ ਹੈ। ਥਾਂ ਥਾਂ ਨੁਮਾਇਸ਼ਾਂ ਲਗਦੀਆਂ, ਉਨ੍ਹਾਂ ਦਾ ਪ੍ਰਬੰਧਕ ਰਾਮ ਸਿੰਘ। ਰਾਜੇ, ਵਜ਼ੀਰ, ਧਨੀ ਸੇਠ ਆਪਣੀਆਂ ਹਵੇਲੀਆਂ ਲਈ ਨਕਸ਼ੇ ਬਣਵਾਉਣ ਆਉਂਦੇ। ਰਾਮ ਸਿੰਘ ਬੜੀ ਮਿਹਨਤ ਤੇ ਲਗਨ ਨਾਲ ਇਹ ਸਭ ਕੰਮ ਕਰਨ ਲੱਗਾ।

ਇੰਗਲੈਂਡ ਦੀ ਮਹਾਰਾਣੀ ਵਿਕਟੋਰੀਆ ਭਾਰਤੀ ਕਲਾ ਤੋਂ ਬਹੁਤ ਮੁਤਾਸਰ ਸੀ। ਉਹ ਅਸਬਰਨ ਵਿਖੇ ਆਪਣਾ ਸਰਦੀਆਂ ਦਾ ਮਹਿਲ ਭਾਰਤੀ ਕਲਾ ਅਨੁਸਾਰ ਤਿਆਰ ਕਰਾਉਣਾ ਚਾਹੁੰਦੀ ਸੀ। ਮਲਿਕਾ ਨੂੰ ਭਾਈ ਰਾਮ ਸਿੰਘ ਦੀ ਮੁਹਾਰਤ ਦਾ ਪਤਾ ਲੱਗ ਚੁੱਕਾ ਸੀ, ਪਰ ਫਿਰ ਵੀ ਉਸ ਸੋਚਦੀ ਸੀ ਕਿ ਸ਼ਾਇਦ ਭਾਰਤ ਵਿੱਚ ਰਾਮ ਸਿੰਘ ਤੋਂ ਵਧੀਆ ਵੀ ਡਿਜ਼ਾਇਨਰ ਹੋਣ। ਮਲਿਕਾ ਨੇ ਕਿਹਾ ਕਿ ਇਸ ਕੰਮ ਲਈ ਇਸ਼ਤਿਹਾਰ ਜਾਰੀ ਕੀਤਾ ਜਾਵੇ ਅਤੇ ਨਾਲ ਹੀ ਟੈਂਡਰ ਵੀ ਮੰਗੇ ਜਾਣ। ਅਜੇ ਇਹ ਕਾਰਵਾਈ ਚੱਲ ਹੀ ਰਹੀ ਸੀ ਕਿ ਉਨ੍ਹੀਂ ਦਿਨੀਂ ਸੰਨ 1890 ਵਿੱਚ ਮੇਓ ਸਕੂਲ ਦੇ ਪ੍ਰਿੰਸੀਪਲ ਕਿਪਲਿੰਗ ਇੰਗਲੈਂਡ ਵਿੱਚ ਹੀ ਸਨ। ਇੱਕ ਦਿਨ ਉਨ੍ਹਾਂ ਨੇ ਮਹਾਰਾਣੀ ਵਿਕਟੋਰੀਆ ਨਾਲ ਮੁਲਾਕਾਤ ਕੀਤੀ ਤਾਂ ਮਲਿਕਾ ਨੇ ਕਿਪਲਿੰਗ ਨਾਲ ਆਪਣੇ ਮਹਿਲ ਨੂੰ ਭਾਰਤੀ ਕਲਾ ਅਨੁਸਾਰ ਬਣਾਉਣ ਦੀ ਇੱਛਾ ਜ਼ਾਹਰ ਕੀਤੀ। ਕਿਪਲਿੰਗ ਨੇ ਕਿਹਾ ਕਿ ਭਾਈ ਰਾਮ ਸਿੰਘ ਤੋਂ ਵਧੀਆ ਹੋਰ ਕੋਈ ਕੰਮ ਨਹੀਂ ਕਰ ਸਕਦਾ। ਮਲਿਕਾ ਮੰਨ ਗਈ। ਰਾਮ ਸਿੰਘ ਵੱਲੋਂ ਸ਼ਰਤਾਂ ਕਿਪਲਿੰਗ ਨੇ ਤੈਅ ਕੀਤੀਆਂ, ਸੌ ਪੌਂਡ ਸਫਰ ਖਰਚ, ਪੰਜ ਪੌਂਡ ਹਫ਼ਤਾ ਤਨਖਾਹ, ਮਹਿਲ ਨੇੜੇ ਮੁਫ਼ਤ ਰਿਹਾਇਸ਼। ਖਾਣਾ ਖ਼ੁਦ ਬਣਾ ਲਏਗਾ, ਕਿਉਂਕਿ ਹਲਾਲ ਅਤੇ ਤਮਾਕੂ ਦਾ ਪਰਹੇਜ਼ਗਾਰ ਹੈ; ਮਰ ਜਾਏਗਾ, ਪਰ ਇਹ ਦੋ ਵਸਤਾਂ ਛੂਹੇਗਾ ਵੀ ਨਹੀਂ।

ਭਾਈ ਰਾਮ ਸਿੰਘ ਨੂੰ ਸਕੂਲ ਵਿੱਚੋਂ ਇੱਕ ਮਹੀਨੇ ਦੀ ਛੁੱਟੀ ਦਿੱਤੀ ਗਈ ਤਾਂ ਕਿ ਉੱਥੋਂ ਦੇ ਕਾਰੀਗਾਰਾਂ ਨੂੰ ਨਕਸ਼ੇ ਸਮਝਾ ਕੇ ਕੰਮ ਦੀ ਰੂਪ ਰੇਖਾ ਤਿਆਰ ਕਰਵਾ ਕੇ ਪਰਤ ਆਏ। ਬੰਬਈ ਤੋਂ ਸਮੁੰਦਰੀ ਜਹਾਜ਼ ਰਾਹੀਂ ਪੈਰਿਸ ਗਏ, ਪੈਰਿਸ ਤੋਂ ਟਰੇਨ ਫੜ ਕੇ ਲੰਡਨ। ਕਿਪਲਿੰਗ ਉਸ ਨੂੰ ਲੈਣ ਵਾਸਤੇ ਰੇਲਵੇ ਸਟੇਸ਼ਨ ਪੁੱਜਿਆ। ਕੁਝ ਦਿਨ ਪ੍ਰਿੰਸੀਪਲ ਨੇ ਆਪਣੇ ਘਰ ਰੱਖਿਆ। ਫਿਰ ਅਸਬਰਨ ਪੁੱਜ ਗਏ, ਜਿੱਥੇ ਮਲਿਕਾ ਉਡੀਕ ਰਹੀ ਸੀ। ਭਾਈ ਰਾਮ ਸਿੰਘ ਦਾ ਸਾਰਾ ਖਰਚ ਮਹਿਲ ਅਦਾ ਕਰੇ। ਜੈਕਸਨ ਐਂਡ ਸੰਜ਼ ਕੰਪਨੀ ਨੂੰ ਠੇਕਾ ਦਿੱਤਾ ਗਿਆ। ਮਹੀਨੇ ਬਾਅਦ ਵਾਪਸ ਆਉਣਾ ਚਾਹਿਆ ਤਾਂ ਕੰਪਨੀ ਦੇ ਕਾਰੀਗਰ ਕਹਿਣ ਲੱਗੇ, ਰਾਮ ਸਿੰਘ ਦੀ ਗ਼ੈਰ ਹਾਜ਼ਰੀ ਵਿੱਚ ਕੰਮ ਨਹੀਂ ਹੋ ਸਕਦਾ। ਇੱਥੇ ਰਹਿਣਾ ਪਏਗਾ। ਛੇ ਮਹੀਨਿਆਂ ਦੀ ਛੁੱਟੀ ਹੋਰ ਲੈ ਲਈ। ਛੇ ਮਹੀਨੇ ਬੀਤ ਗਏ। ਕੰਮ ਦੀ ਸੂਖਮਤਾ ਦਾ ਸਭ ਨੂੰ ਫਿਕਰ ਸੀ ਤੇ ਰਾਮ ਸਿੰਘ ਪ੍ਰਾਜੈਕਟ ਦੀ ਜਾਨ ਸਨ। ਡੇਢ ਸਾਲ ਹੋਰ ਲੱਗ ਗਿਆ। ਮਾਰਚ 31, 1893 ਨੂੰ ਸਮਾਪਤੀ ਹੋਈ, ਸਵਾ ਦੋ ਸਾਲ।

60 ਬਾਈ 30 ਫੁੱਟ ਆਕਾਰ ਦਾ ਦਰਬਾਰ ਹਾਲ 20 ਫੁੱਟ ਉੱਚਾ ਸੀ। ਜੈਕਸਨ ਕੰਪਨੀ ਨੇ ਆਪਣਾ ਸਟੂਡੀਓ ਰਾਮ ਸਿੰਘ ਵਾਸਤੇ ਮਹਿਲ ਵਿੱਚ ਲੈ ਆਂਦਾ। ਕੰਪਨੀ ਨੂੰ 2250 ਪੌਂਡ ਲੇਬਰ ਦਾ ਖਰਚਾ ਦੇਣਾ ਕੀਤਾ ਸੀ, ਜੋ ਰਾਮ ਸਿੰਘ ਦੀਆਂ ਲੋੜਾਂ ਮੁਤਾਬਕ ਵਧਾਣਾ ਪਿਆ। ਫੈਸਲਾ ਹੋਇਆ ਕਿ ਫਾਇਰਪਲੇਸ ਦੀ ਚਿਮਨੀ ਪੈਲ ਪਾਉਂਦੇ ਮੋਰ ਤੋਂ ਸ਼ੁਰੂ ਕਰਕੇ ਉੱਪਰ ਵੱਲ ਵਧੇ। ਲੱਕੜ ਦਾ ਮੋਰ ਬਣਾਉਣ ਵਾਸਤੇ ਭਾਈ ਰਾਮ ਸਿੰਘ ਦੇ 500 ਘੰਟੇ ਖਰਚ ਹੋਏ। ਦਰਬਾਰ ਹਾਲ ਤਿਆਰ ਹੋ ਗਿਆ। ਅਜੇ ਕਿਹੜਾ ਕੰਮ ਮੁੱਕ ਗਿਆ! ਭਾਰਤੀ ਫਰਨੀਚਰ ਹੋਰ ਕੌਣ ਤਿਆਰ ਕਰੇ? ਇਸ ਵਾਸਤੇ ਵੀ ਰਾਮ ਸਿੰਘ ਚਾਹੀਦਾ ਸੀ। ਲੰਮਾ ਡਾਇਨਿੰਗ ਟੇਬਲ ਅਤੇ 36 ਕੁਰਸੀਆਂ ਤਿਆਰ ਕਰਨੀਆਂ ਸਨ, ਬੈਠਣ ਲਈ ਕੰਧਾਂ ਦੇ ਨਾਲ-ਨਾਲ ਕੁਰਸੀਆਂ, ਸੋਫੇ, ਸਾਈਡ ਟੇਬਲ।

ਰਾਮ ਸਿੰਘ ਦੇ ਹੱਥਾਂ ਰਾਹੀਂ ਭਾਰਤੀ ਹੁਨਰ ਯੂਰਪ ਵਿੱਚ ਪਹੁੰਚ ਗਿਆ। ਜਿਸ ਪਾਸੇ ਦਰਸ਼ਕਾਂ ਦੀਆਂ ਨਿਗਾਹਾਂ ਜਾਂਦੀਆਂ, ਉਥੇ ਹੀ ਜਮ ਜਾਂਦੀਆਂ। ਜਦੋਂ ਦਰਬਾਰ ਹਾਲ ਦਾ ਕੰਮ ਮੁਕੰਮਲ ਹੋਇਆ ਤਾਂ ਮਹਾਰਾਣੀ ਵਿਕਟੋਰੀਆ ਅਤੇ ਸ਼ਹਿਜਾਦੀ ਲੂਈ ਇਸ ਦੀ ਸ਼ਾਨ ਦੇਖ ਕੇ ਏਨੀਆਂ ਖੁਸ਼ ਹੋਈਆਂ ਕਿ ਉਨ੍ਹਾਂ ਨੇ ਸਤਿਕਾਰ ਵਜੋਂ ਭਾਈ ਰਾਮ ਸਿੰਘ ਦੇ ਹੱਥ ਚੁੰਮ ਲਏ।

ਭਾਈ ਰਾਮ ਸਿੰਘ ਦੀ ਕਲਾ ਤੋਂ ਖੁਸ਼ ਹੋ ਕੇ ਕੁਈਨ ਵਿਕਟੋਰੀਆ ਨੇ ਦਸਤਖਤ ਕਰਕੇ ਆਪਣੀ ਫੋਟੋ ਅਤੇ ਇੱਕ ਸੋਨੇ ਦਾ ਪੈਨਸਿਲ ਕੇਸ ਤੋਹਫੇ ਵਜੋਂ ਭਾਈ ਰਾਮ ਸਿੰਘ ਨੂੰ ਦਿੱਤਾ। ਕੁਈਨ ਵਿਕਟੋਰੀਆ ਨੇ ਆਪਣੇ ਦਰਬਾਰੀ ਕਲਾਕਾਰ, ਆਸਟ੍ਰੀਆ, ਰੁਦੋਲਫ ਸਵੋਬੋਡਾ ਨੂੰ ਭਾਈ ਰਾਮ ਸਿੰਘ ਦੀ ਤਸਵੀਰ ਨੂੰ ਚਿੱਤ੍ਰਿਤ ਕਰਨ ਲਈ ਕਿਹਾ, ਜਿਸ ਨੇ ਸ. ਰਾਮ ਸਿੰਘ ਦਾ ਇੱਕ ਚਿੱਤਰ ਬਣਾਇਆ, ਜੋ ਅੱਜ ਵੀ ਉਸ ਦਰਬਾਰ ਹਾਲ ਵਿੱਚ ਲੱਗਾ ਹੋਇਆ ਹੈ।

ਇੱਕ ਵਾਰ ਪੰਜਾਬ ਦੇ ਗਵਰਨ ਨੇ ਭਾਈ ਰਾਮ ਸਿੰਘ ਨੂੰ ਕਲਾ ਦਾ ਇੱਕ ਉੱਤਮ ਨਮੂਨਾ ਤਿਆਰ ਕਰਨ ਲਈ ਕਿਹਾ। ਭਾਈ ਰਾਮ ਸਿੰਘ ਨੇ ‘ਤਖਤ-ਏ-ਤਾਊਸ’ ਦਾ ਨਿਰਮਾਣ ਕੀਤਾ, ਜਿਸ ਦੇ 6 ਹਿੱਸੇ ਸਨ। ਗਵਰਨਰ ਨੇ ਕਲਾ ਦਾ ਇਹ ਨਮੂਨਾ ਕੁਈਨ ਵਿਕਟੋਰੀਆ ਕੋਲ ਇੰਗਲੈਂਡ ਭੇਜਿਆ, ਪਰ ਉਥੇ ਕੋਈ ਵੀ ਇਨ੍ਹਾਂ 6 ਭਾਗਾਂ ਨੂੰ ਫਿੱਟ ਨਾ ਕਰ ਸਕਿਆ। ਅਖੀਰ ਭਾਈ ਰਾਮ ਸਿੰਘ ਖੁਦ ਇੰਗਲੈਂਡ ਜਾ ਕੇ ‘ਤਖਤ-ਏ-ਤਾਊਸ’ ਦੇ 6 ਭਾਗਾਂ ਨੂੰ ਆਪਸ ਵਿੱਚ ਜੋੜ ਕੇ ਆਏ। ਇਸ ਤੋਂ ਇਲਾਵਾ ਭਾਈ ਰਾਮ ਸਿੰਘ ਨੇ ਲੇਖ ਦੇ ਸ਼ੁਰੂ ਵਿੱਚ ਦੱਸੀਆਂ ਮਹਾਨ ਵਿਰਾਸਤੀ ਇਮਾਰਤਾਂ ਦੀ ਸਿਰਜਣਾ ਵੀ ਕੀਤੀ।

1886 ਵਿੱਚ ਇੰਡੋ ਕੋਲੋਨੀਅਲ ਨੁਮਾਇਸ਼ ਲੰਡਨ ਵਿੱਚ, 1888 `ਚ ਗਲਾਸਗੋ ਵਿੱਚ ਅਤੇ 1889 `ਚ ਬੰਬੇ ਵਿੱਚ ਕਲਾ ਦੀਆਂ ਨੁਮਾਇਸ਼ ਲੱਗੀਆਂ, ਜਿੱਥੇ ਭਾਰਤ ਦੀ ਨੁਮਾਇੰਦਗੀ ਭਾਈ ਰਾਮ ਸਿੰਘ ਨੇ ਕੀਤੀ। ਉਹ ਹਰ ਥਾਂ 250 ਫੁੱਟ ਦਾ ਲੱਕੜ ਦਾ ਪਰਦਾ ਲਿਜਾਂਦੇ, ਜਿਸ ਉੱਪਰ ਉਨ੍ਹਾਂ ਖ਼ੁਦ ਖੁਣਾਈ ਕੀਤੀ ਹੋਈ ਸੀ, ਫੁੱਲ ਬੂਟਿਆਂ ਦੇ ਬਾਗ ਵਿੱਚ ਪਸ਼ੂ ਪੰਛੀ, ਪੈਲਾਂ ਪਾਉਂਦੇ ਮੋਰ ਉਕਰ ਹੋਏ ਸਨ। ਦਿੱਲੀ ਆਰਟ ਐਗਜ਼ੀਬੀਸ਼ਨ 1903 ਵਿੱਚ ਲੱਗੀ, ਭਾਈ ਰਾਮ ਸਿੰਘ ਦੀਆਂ ਲੱਕੜ ਵਿੱਚ ਖੁਣੀਆਂ ਵਸਤਾਂ ਦਸ ਹਜ਼ਾਰ ਰੁਪਏ ਦੀਆਂ ਵਿਕੀਆਂ। ਟਾਹਲੀ ਦੀ ਲੱਕੜ ਉੱਪਰ ਖੁਣਾਈ ਕੀਤਾ ਬੋਰਡ ਪੰਜ ਰੁਪਏ ਨੂੰ ਵਿਕਿਆ ਤੇ ਉਨ੍ਹਾਂ ਸਿਲਵਰ ਮੈਡਲ ਜਿੱਤਿਆ। ਐਡਵਰਡ ਅੱਠਵੇਂ ਦੀ ਤਾਜਪੋਸ਼ੀ ਦੇ ਜਸ਼ਨ ਮਨਾਉਣ ਲਈ 1905 ਵਿੱਚ ਦਿੱਲੀ ਦਰਬਾਰ ਹੋਣਾ ਤੈਅ ਹੋਇਆ। ਇਸ ਵਿੱਚ ਲੱਗਣ ਵਾਲੀ ਨੁਮਾਇਸ਼ ਦਾ ਪ੍ਰਬੰਧ ਭਾਈ ਰਾਮ ਸਿੰਘ ਨੂੰ ਸੌਂਪਿਆ, ਜੋ ਉਸ ਨੇ ਬਾਖੂਬੀ ਨਿਭਾਇਆ।

ਭਾਈ ਰਾਮ ਸਿੰਘ ਨੂੰ 25 ਸਤੰਬਰ 1910 ਨੂੰ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਸੀ ਅਤੇ 38 ਸਾਲਾਂ ਲਈ ਮੇਓ ਸਕੂਲ ਆਫ਼ ਆਰਟਸ ਵਿਖੇ ਰਹਿਣ ਤੋਂ ਬਾਅਦ ਅਕਤੂਬਰ 1913 ਵਿਚ ਸੇਵਾ ਮੁਕਤ ਹੋ ਗਏ। ਇਹ ਵਰਣਨਯੋਗ ਹੈ ਕਿ ਇੱਕ ਸਿੱਖ, ਜਿਸ ਦੀ ਕੋਈ ਰਸਮੀ ਯੋਗਤਾ ਨਹੀਂ ਹੈ, ਨੂੰ ਬ੍ਰਿਟਿਸ਼ ਰਾਜ ਦੁਆਰਾ ਇੱਕ ਮਸ਼ਹੂਰ ਕਲਾ ਸੰਸਥਾ ਦਾ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਸੀ ਅਤੇ ਇੱਕ ਅੰਗਰੇਜ਼ ਨੂੰ ਦੋ ਨੰਬਰ ’ਤੇ ਰੱਖਿਆ ਗਿਆ ਸੀ।

ਭਾਈ ਰਾਮ ਸਿੰਘ ਦੇ ਪੰਜ ਬੇਟੇ ਤੇ ਦੋ ਧੀਆਂ ਸਨ। ਚੌਥਾ ਬੇਟਾ ਸੁਖਚਰਨ ਸਿੰਘ ਮੇਓ ਸਕੂਲ ਵਿੱਚ ਪੜ੍ਹਿਆ ਤੇ ਅੰਮ੍ਰਿਤਸਰ ਦਾ ਮਸ਼ਹੂਰ ਚਿੱਤਰਕਾਰ ਰਿਹਾ; ਦੂਜਾ ਸੁਲੱਖਣ ਸਿੰਘ, ਇੰਜੀਨੀਅਰਿੰਗ ਕਰਕੇ ਗਲਾਸਗੋ ਚਲਾ ਗਿਆ। ਸਭ ਤੋਂ ਵੱਡਾ ਮੱਖਣ ਸਿੰਘ ਪਿਤਾ ਨਾਲ ਕੰਮ ਕਰਦਾ। ਸਾਲ 1916 ਵਿੱਚ ਰਿਟਾਇਰਮੈਂਟ ਤੋਂ ਤਿੰਨ ਸਾਲ ਬਾਅਦ 58 ਸਾਲ ਦੀ ਉਮਰ ਵਿੱਚ ਆਪਣੀ ਧੀ ਦੇ ਘਰ ਦਿੱਲੀ ਵਿੱਚ ਉਨ੍ਹਾਂ ਦਾ ਦੇਹਾਂਤ ਹੋਇਆ।

ਭਾਵੇਂ ਭਾਈ ਰਾਮ ਸਿੰਘ ਨੂੰ ਗੁਜ਼ਰੇ ਹੋਏ ਇੱਕ ਸਦੀ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਉਨ੍ਹਾਂ ਦੁਆਰਾ ਰਚੀਆਂ ਗਈਆਂ ਕ੍ਰਿਤਾਂ ਅੱਜ ਵੀ ਅਡੋਲ ਖੜ੍ਹੀਆਂ ਹਨ। ਭਾਈ ਰਾਮ ਸਿੰਘ ਦੀ ਕਲਾ ਏਨੀ ਬੁਲੰਦ ਸੀ ਕਿ ਸ਼ਬਦਾਂ ਵਿੱਚ ਉਸ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਭਾਈ ਰਾਮ ਸਿੰਘ ਦੀ ਮਹਾਨ ਕਲਾ ਤੋਂ ਭਾਵੇਂ ਉਸ ਦੇ ਆਪਣੇ ਹੀ ਜਾਣੂੰ ਨਾ ਹੋਣ, ਪਰ ਦੁਨੀਆਂ ਇਸ ਸਰਦਾਰ ਦੀ ਕਲਾ ਦਾ ਲੋਹਾ ਅੱਜ ਵੀ ਮੰਨ ਰਹੀ ਹੈ।

 

 

 

ਤੁਸੀਂ ਇਤਿਹਾਸ ‘ਤੇ ਪੋਚਾ ਨਹੀਂ ਮਾਰ ਸਕਦੇ

 

ਵਿਜੈ ਬੰਬੇਲੀ

ਫੋਨ: +91-94634 39075

 

ਸਾਡਾ ਮੁਲਕ ਬਹੁ-ਪਰਤੀ ਫੁਲਵਾੜੀ ਹੈ। ਸਿਰਫ਼ ਭੂਗੋਲਿਕ ਸਥਿਤੀ, ਅਰਥਾਤ- ਮਿੱਟੀ, ਪਹਾੜਾਂ, ਜੰਗਲਾਂ, ਨਦੀਆਂ ਅਤੇ ਖਣਿਜਾਂ ਵਿੱਚ ਹੀ ਨਹੀਂ, ਸਗੋਂ ਰੁੱਤਾਂ, ਬਹੁ-ਵੰਨਗੀ ਜੀਵ-ਜੰਤੂਆਂ, ਬਹੁ-ਪਰਤੀ ਬਨਸਪਤੀ ਅਤੇ ਇਸ ਤੋਂ ਵੀ ਵਧ ਕੇ ਕੌਮਾਂ, ਕੌਮੀਅਤਾਂ, ਭਾਸ਼ਾਵਾਂ, ਬੋਲੀਆਂ, ਬਹੁ-ਧਰਮੀ, ਅਨੇਕਾਂ ਰਸਮਾਂ-ਰਿਵਾਜਾਂ ਅਤੇ ਸੱਭਿਆਚਾਰਾਂ ਤੇ ਬਹੁ-ਵੰਨਗੀ ਖਾਣਿਆਂ ਵਾਲਾ; ਭਾਵ ਬਹੁ-ਰੰਗਾ ਹੈ ਸਾਡਾ ਦੇਸ਼।

ਇਹੀ ਉਹ ਗੱਲ ਹੈ, ਜਿਹੜੀ ਕੱਟੜਪੰਥੀਆਂ, ਫਾਸ਼ੀਵਾਦੀਆਂ ਅਤੇ ਸਾਮਰਾਜਵਾਦੀਆਂ ਦੀਆਂ ਪਿੱਠੂ ਹਾਕਮ-ਜਮਾਤਾਂ ਨੂੰ ਹਜ਼ਮ ਨਹੀਂ ਹੁੰਦੀ। ਉਹ ਅਨੇਕਤਾ ਵਿੱਚ ਏਕਤਾ ਦੀ ਬਜਾਏ, ਆਪਣੇ ਸੌੜੇ ਮੁਫ਼ਾਦ ਖਾਤਰ ਇੱਕੋ ਰੱਸੇ ਨੂੜਨਾ ਚਾਹੁੰਦੇ ਹਨ ਸਾਨੂੰ।

ਤਾ-ਕਿਸਮ ਦੇ ਫਿਰਕਾਪ੍ਰਸਤਾਂ ਤੋਂ ਭਲੀ ਦੀ ਆਸ ਤਾਂ ਪਹਿਲਾਂ ਹੀ ਨਹੀਂ ਸੀ, ਮੌਜੂਦਾ ਹਾਕਮਾਂ ਵੇਲੇ ਇਤਿਹਾਸ ਦੀ ਤੋੜ-ਮਰੋੜ ਦਾ ਖ਼ਤਰਾ ਹੋਰ ਵੀ ਵੱਧ ਗਿਆ ਹੈ। ਉਹ ਨਾ ਸਿਰਫ ਤਾਰੀਖ ਨਾਲ ਹੀ ਅਨਿਆਂ ਕਰ ਰਹੇ ਹਨ, ਸਗੋਂ ਦੇਸ਼ ਦੀ ਆਜ਼ਾਦੀ ਤੇ ਤਰੱਕੀ ਵਿੱਚ ਹਿੱਸਾ ਪਾਉਣ ਅਤੇ ਮੁਲਕ ਦਾ ਦਰਦ ਵੰਡਾਉਣ ਵਾਲੇ ਬਹੁ-ਤਰ੍ਹਾਂ ਦੇ ਸਮੂਹਾਂ-ਨਸਲਾਂ ਅਤੇ ਸਾਂਝੇ-ਮੀਂਝੇ ਦੇਸ਼ ਭਗਤਾਂ ਤੇ ਉਨ੍ਹਾਂ ਦੇ ਅਕੀਦਿਆਂ ਨਾਲ ਵੀ ਕਰ ਰਹੇ ਹਨ।

ਤੁਸੀਂ ਮੈਨੂੰ ਪਹਿਲੇ ਸਵਤੰਤਰਤਾ ਯੁੱਧ (1857-62), ਜਿਹੜਾ ਹਿੰਦੂ-ਸਿੱਖਾਂ ਅਤੇ ਮੁਸਲਿਮ ਏਕਤਾ ਦੀਆਂ ਪ੍ਰਤੱਖ ਸੱਚਾਈਆਂ ਸਮੋਈ ਬੈਠਾ ਹੈ, ਦੀਆਂ ਹਕੀਕੀ ਇਤਿਹਾਸਕ ਸੱਚਾਈਆਂ ਦੀਆਂ ਕੁੱਝ ਉਦਾਹਰਣਾਂ ਨਾਲ ਆਪਣੀ ਗੱਲ ਹੋਰ ਸਪੱਸ਼ਟ ਕਰਨ ਦੀ ਅਗਿਆ ਦਿਓ:

“ਸੁਤੰਤਰਤਾ ਸੰਗਰਾਮ ਦੇ ਇਸ ਹੈਰਤ-ਅੰਗੇਜ਼ ਯੁੱਧ ਵਿੱਚ ਹਿੰਦੂ ਜੰਗਜੂ ਯੋਧਿਆਂ ਨੇ ਆਪਣਾ ਬਾਦਸ਼ਾਹ ਬਹਾਦਰ ਸ਼ਾਹ ਜਫ਼ਰ ਨੂੰ ਚੁਣਿਆ ਸੀ। ਦਿੱਲੀ ਸੈਨਾ ਦੀ ਕਮਾਂਡ ਗਿਰਧਾਰੀ ਲਾਲ, ਹੀਰਾ ਸਿੰਘ ਅਤੇ ਜਰਨੈਲ ਬਖ਼ਤ ਖਾਂ ਦੇ ਹੱਥ ਸੀ। ਰਾਣੀ ਝਾਂਸੀ ਦੇ ਤੋਪਖਾਨੇ ਦਾ ਕਮਾਂਡਰ ਗੌਂਸਖਾਨ ਸੀ ਅਤੇ ਪੈਦਲ ਸੈਨਾ ਦਾ ਖੁਦਾ ਬਖਸ਼। ਉਸਦੀ ਨਿੱਜੀ ਸੁਰੱਖਿਆ ਅਧਿਕਾਰੀ ਇੱਕ ਮੁਸਲਿਮ ਮੁਟਿਆਰ ਮਹਿੰਦ ਮੁੰਜ਼ਰ ਸੀ। ਮੱਧ ਪ੍ਰਾਂਤ ‘ਚ ਤਾਂਤੀਆ ਟੋਪੇ, ਰਾਵ ਸਾਹਿਬ, ਫਿਰੋਜ਼ ਸ਼ਾਹ ਅਤੇ ਮੌਲਵੀ ਫ਼ਜਲ ਹੱਕ ‘ਕੱਠੇ ਸਰਗਰਮ ਸਨ। ਕੋਟਾ (ਰਾਜਸਥਾਨ) ਵਿੱਚ ਅੰਗਰੇਜਾਂ ਦੇ ਪਿੱਠੂ ਮਹਾਰਾਵ ਵਿਰੱਧ ਮੁੱਖ ਦਰਬਾਰੀ ਜਯਦਿਆਲ ਭਟਨਾਗਰ ਅਤੇ ਮਹਾਂ ਯੋਧੇ ਮੀਆਂ ਮੇਹਰਬਾਨ ਨੇ ‘ਕੱਠਿਆਂ ਹੀ ਬਗਾਵਤ ਕੀਤੀ ਸੀ। ਹਾਂਸੀ (ਹਰਿਆਣਾ) ਦੇ ਹੁਕਮ ਚੰਦ ਅਤੇ ਮੁਨੀਰ ਬੇਗ ਸਾਂਝੇ ਤੌਰ ‘ਤੇ ਗੋਰਿਆਂ ਵਿਰੱਧ ਜੂਝ-ਮਰੇ ਸਨ। ਰੁਹੇਲਖੰਡ ਦਾ ਖਾਨ ਬਹਾਦੁਰ ਆਪਣੇ ਕ੍ਰਾਂਤੀਕਾਰੀ ਮਿੱਤਰ ਖੁਸ਼ੀ ਰਾਮ ਸਮੇਤ ਲੜ ਮਰਿਆ ਸੀ।

‘ਉਹ’ ਕੁਝ ਵੀ ਕਹੀ ਜਾਣ, ਅਸੀਂ 1857 ਦੀਆਂ ਹਿੰਦੂ-ਮੁਸਲਿਮ ਵੀਰਾਂਗਣਾ ਅਸਗਰੀ ਦੇਵੀ, ਬੀਬੀ ਉਮਦਾ, ਹਬੀਬਾ, ਆਸਾ ਦੇਵੀ, ਭਗਵਤੀ, ਮਾਮ ਕੌਰ ਅਤੇ ਰਾਜ ਕੌਰ ਦੀ ਸਯੁੰਕਤ ਕੁਰਬਾਨੀ ਨੂੰ ਨਹੀਂ ਭੁੱਲ ਸਕਦੇ, ਜਿਹੜੀਆਂ ਆਪਣੇ ਵਤਨ ਖਾਤਿਰ ਰਣ ਖੇਤਰ ਵਿੱਚ ਜੂਝ ਮਰੀਆਂ ਸਨ।

ਵੱਡੀ ਗੱਲ, ਜਦ ਹਨੂੰਮਾਨ ਗੜ੍ਹੀ ਅਯੁੱਧਿਆ ਦੇ ਮੁੱਖ ਪੁਜਾਰੀ ਰਾਮ ਚਰਨ ਦਾਸ ਨੇ ਅੰਗਰੇਜ਼ਾਂ ਵਿਰੱਧ ਹਥਿਆਰ ਚੁੱਕੇ ਸਨ ਤਾਂ ਬਿਨਾ ਦੇਰੀ ਅਯੁੱਧਿਆ ਸਥਿਤ ਮੁਸਲਮਾਨਾਂ ਦਾ ਧਰਮ ਗੁਰੂ ਮੌਲਾਨਾ ਅਮੀਰ ਅਲੀ ਉਸ ਨਾਲ ਆ ਮਿਲਿਆ ਸੀ। ਫੜ੍ਹੇ ਜਾਣ ਉਪਰੰਤ ਦੋਹਾਂ ਨੂੰ ਸ਼ੱਰੇਆਮ ਉਸੇ ਸ਼ਹਿਰ ਦੇ ਕੁਬੇਰ ਟਿੱਲੇ ‘ਤੇ ਧੜਵੈਲ ਦਰਖਤ ਨਾਲ ‘ਕੱਠਿਆਂ ਹੀ ਫਾਹੇ ਟੰਗ ਦਿੱਤਾ ਸੀ। ਅਵਧ ਖੇਤਰ ਦੇ ਦੋ ਹੋਰ ਦਾਨਿਸ਼ਵਰਾਂ ਅੱਛਰਖਾਨ ਤੇ ਸ਼ੰਭੂ ਪ੍ਰਸ਼ਾਦ ਦੀ ਗੋਰਿਆਂ ਵਿਰੱਧ ਲਹੂ-ਵੀਟਵੀਂ ਲੜਾਈ ਨੂੰ ਵੀ ਅਸੀਂ ਤਾਂ ਨਹੀਂ ਭੁੱਲ ਸਕਦੇ, ਨਾ ਹੀ ਮੌਲਾਨਾ ਲਿਆਕਤ ਅਲੀ ਅਤੇ ਜਫ਼ਰ ਅਲੀ ਥਨੇਸਰੀ ਨੂੰ।”

ਮੌਜੂਦਾ ਹਾਲਾਤ ਦੇ ਸੰਦਰਭ ‘ਚ ਮੈਂ ਤੁਹਾਨੂੰ ਇੱਕ ਜੱਗ ਬੀਤੀ ਸੁਨਾਉਣੋਂ ਨਹੀਂ ਰਹਿ ਸਕਦਾ। ਹੋਇਆ ਇਂਓ: “1971 ਦੀ ਪਾਕਿਸਤਾਨ-ਬੰਗਲਾ ਦੇਸ਼ ਜੰਗ ਦੌਰਾਨ ਅਹਿਮਦ ਨਦੀਮ ਕਾਸਮੀ ਨੇ ਇੱਕ ਨਜ਼ਮ ਲਿੱਖੀ, ਸਿੱਟੇ ਵਜੋਂ ਉਸਨੂੰ ਜੇਲ੍ਹ ਹੋ ਗਈ।

ਕਾਸਮੀ ਦੇ ਭਾਣਜੇ ਨੇ ਆਪਣੀ ਮਾਂ ਨੂੰ ਪੁਛਿਆ, “ਮਾਮੂ ਨੂੰ ਜੇਲ੍ਹ ਕਿਉਂ ਹੋ ਗਈ?”

ਭੈਣ ਬੋਲੀ, “ਤੇਰੇ ਮਾਮੂ ਨੇ ਯਹੀਆਂ ਖਾਂ ਵਿਰੁੱਧ ਕਵਿਤਾ ਜੋ ਲਿਖ ਦਿੱਤੀ, ਤਾਂ ਕਰਕੇ।”

ਬੱਚਾ ਹੈਰਾਨ ਹੋ ਕੇ ਬੋਲਿਆ, “ਇਹ ਕੀ ਗੱਲ ਹੋਈ, ਯਹੀਆਂ ਖਾਂ ਵੀ ਮਾਮੂ ਖਿਲਾਫ ਕਵਿਤਾ ਲਿਖ ਦੇਵੇਂ।”

“ਇਹੀ ਤਾਂ ਦਿੱਕਤ ਹੈ।” ਮਾਂ ਨੇ ਗੱਲ ਜਾਰੀ ਰੱਖੀ, “ਯਹੀਆਂ ਖਾਂ ਕੋਲ ਕਵਿਤਾ (ਕੋਮਲ ਭਾਵ) ਨਹੀਂ, ਜੇਲ੍ਹ ਹੈ। ਉਹ ਕਵਿਤਾ ਲਿਖ ਹੀ ਨਹੀਂ ਸਕਦਾ।”

ਪਰ ਕੀ, “ਸਾਡੇ ਹੁਣ” ਵਾਲੇ ‘ਕਵਿਤਾ’ ਲਿਖ ਸਕਦੇ ਹਨ? ਨਹੀਂ, ਬਿੱਲਕੁਲ ਨਹੀਂ।

ਹਾਂ! ‘ਉਹ’, ਕਿਤਾਬਾਂ ਤਾਂ ਬਦਲ ਸਕਦੇ ਹਨ, ਪਰ ਇਤਿਹਾਸ ਨਹੀਂ।

ਦਰ-ਹਕੀਕਤ ਕੁੱਝ ਲੋਕਾਂ ਦੀ ਖਰੂਦੀ, ਬਰੂਦੀ, ਮਹਿਦੂਦੀ (ਕੱਟੜਪੰਥੀ) ਕਾਰਨ ਹੀ ਸਮੁੱਚੇ ਸਮਾਜ ਵਿੱਚ ਅਸਹਿਜਤਾ ਹੈ। ਇਹੀ ਨਹੀਂ, ਬਹੁ-ਗਿਣਤੀ ਲੋਕਾਂ ਦੀ ਮੀਸਣੀ ਚੁੱਪ ਨੇ ਵੀ ਫਿਰਕੂ ਲੋਕਾਂ ਦੀ ਹਜ਼ੂਮੀ ਹਿੰਸਾ ਦਾ ਹੌਸਲਾ ਵਧਾਇਆ ਹੈ, ਕਿਸੇ ਦਾ ਥੋੜ੍ਹਾ ਅਤੇ ਕਿਸੇ ਦਾ ਬਹੁਤਾ।

ਇਸੇ ਵਰਗੇ ਖਰੂਦ ਦੀ ਬਦੌਲਤ ਹੀ ਅੱਜ ਭਾਈ ਲਾਲੋ, ਭਾਈ ਘਨ੍ਹਈਆ ਵਰਗੇ ਸਿੱਖ ਅਗਵਾਈ ਕਰਦੀ ਕਤਾਰ, ਸੰਸਥਾਗਤ ਪ੍ਰਬੰਧ ਅਤੇ ਮੋਹਰੀ ਅਹੁਦਿਆਂ ਵਿੱਚੋਂ ਗੈਰਹਾਜ਼ਰ ਹਨ। ਇਹੀ ਹਾਲ ਬਾਕੀਆਂ ਧਿਰਾਂ ਦਾ ਹੈ।

ਅੱਜ ‘ਗੰਗੂ’ ਦੀ ਆੜ ਵਿੱਚ ਭਾਈ ਮਤੀ ਦਾਸ-ਸਤੀ ਦਾਸ ਅਤੇ ਭਾਈ ਦਿਆਲਾ ਤੇ ਭਾਈ ਪਰਾਗਾ ਜੀ ਵਿਸਾਰ ਦਿੱਤੇ ਜਾਂਦੇ ਹਨ। ਅਸੀਂ ਸੂਬਾ ਸਰਹੰਦ ਅਤੇ ਔਰੰਗਾ-ਔਰੰਗਾ ਐਨਾ ਕੂਕਦੇ ਹਾਂ ਕਿ ਇਸ ਕਾਂਵਾਂ-ਰੌਲੀ ਵਿੱਚ ਨਬੀ ਖਾਂ-ਗਨੀ ਖਾਂ ਅਤੇ ਪੀਰ ਬੁੱਧੂਸ਼ਾਹ ਵਰਗੇ ਮਨਫ਼ੀ ਹੋ ਜਾਂਦੇ ਹਨ।

ਅਸੀਂ ਭੁੱਲ ਜਾਂਦੇ ਹਾਂ ਕਿ ਪੰਜੇ ਉਂਗਲਾਂ ਬਰੋ-ਬਰਾਬਰ ਨਹੀਂ ਹੁੰਦੀਆਂ- ਨਾ ਖੱਬੇ ਦੀਆਂ, ਨਾ ਸੱਜੇ ਦੀਆਂ। ਖਰੇ-ਖੋਟੇ ਸਭ ਫਿਰਕਿਆਂ-ਕੌਮਾਂ ਵਿੱਚ ਹੁੰਦੇ ਸਨ/ਹਨ। ਤੁਸੀਂ ਮੈਨੂੰ ਸ਼ਾਹ ਮੁਹੰਮਦ ਦੇ ਜੰਗਨਾਮੇ ਵਿੱਚੋਂ ਇੱਕ ਕਵਿਤ ਸੁਨਾਉਣ ਦੀ ਆਗਿਆ ਦਿਓ:

“…ਪਹਾੜਾ ਸਿੰਘ ਸੀ ਯਾਰ ਫਰੰਗੀਆਂ ਦਾ,

ਸਿੰਘਾਂ ਨਾਲ ਸੀ ਓਸ ਦੀ ਗ਼ੈਰ ਸਾਲੀ।

ਉਹ ਤਾਂ ਭੱਜ ਅੰਗਰੇਜ਼ ਨਾਲ ਜਾਇ ਮਿਲਿਆ,

ਗੱਲ ਜਾਇ ਦੱਸੀਂ ਸਾਰੀ ਭੇਤ ਵਾਲੀ।…”

ਪਰ ਕੀ ਕੁੱਝ-ਇੱਕ ਦੇ ਮਾੜੇ ਕਰਮ ਨਾਲ ਉਸ ਨਾਲ ਸਬੰਧਿਤ ਸਾਰੀ ਧਿਰ, ਫਿਰਕਾ ਜਾਂ ਕੌਮ ਮਾੜੀ ਹੋ ਗਈ? “ਹਰਗਿਜ਼ ਨਹੀਂ।”

ਇਹ ਵੀ ਉਹ ਗੱਲ ਹੈ, ਜਿਹੜੀ ਸੰਕੀਰਣਵਾਦੀਆਂ ਖਾਸ ਕਰਕੇ ਫਿਰਕੂ ਹਾਕਮ-ਜਮਾਤਾਂ ਦੇ ਖੋਪੜ ‘ਚ ਨਹੀਂ ਵੜਦੀ।

ਪਹਿਲਾਂ ਹੀ ਬਹੁਤਿਆਂ, ਅਚੇਤ-ਸੁਚੇਤ, ਸਿਰਫ ਆਪਣਿਆਂ ਨੂੰ ਹੀ ਵਡਿਆਇਆ ਹੈ, ਵਡਿਆਉਣਾ ਵੀ ਚਾਹੀਦਾ, ਪਰ ਜੇ ਬਣਦਾ ਜ਼ਿਕਰ ਅਤੇ ਬੱਲੇ-ਬੱਲੇ ਦੂਜੀਆਂ ਧਿਰਾਂ ਦੀ ਵੀ ਕਰ ਲਈਏ ਤਾਂ ਸਿੱਟੇ ਬੜੇ ਹਾਂਦਰੂ ਅਤੇ ਦੁਰ-ਰਸ ਨਿਕਲਣਗੇ। ਇਸੇ ਗੱਲ ਵਿੱਚ ਹੀ ਸਾਡਾ ਸਭ ਦਾ ਭਲਾ ਲੁਕਿਆ ਹੋਇਆ ਹੈ।

ਮੁੱਕਦੀ ਗੱਲ, ਇਤਿਹਾਸ ਨਿਰੰਤਰ ਵਹਿੰਦਾ ਦਰਿਆ ਹੈ। ਇਸ ਦਾ ਅਤੀਤ, ਵਰਤਮਾਨ ਅਤੇ ਭਵਿੱਖ ਆਪਣੇ ਆਪ ‘ਚ ਆਜ਼ਾਦ ਨਹੀਂ, ਸਗੋਂ ਅੰਤਰ-ਸਬੰਧਿਤ ਵਰਤਾਰੇ ਹਨ। ਇਤਿਹਾਸ ਮੇਸਿਆ ਨਹੀਂ ਜਾ ਸਕਦਾ, ਨਾ ਹੀ ਇਸਨੂੰ ਖਿੱਚ ਕੇ ਆਪਣੇ ਮੇਚ ਦਾ ਕੀਤਾ ਜਾ ਸਕਦਾ ਹੈ। ਸੱਚ ਅਤੇ ਇਤਿਹਾਸ ਸੌ ਪਰਦੇ ਪਾੜ ਕੇ ਸਾਹਵੇਂ ਆ ਖੜ੍ਹੋਂਦਾ ਹੈ। ਇਤਿਹਾਸ ‘ਤੇ ਪੋਚਾ ਮਾਰਨਾ ਫਾਸ਼ੀਵਾਦ ਦਾ ਹੀ ਇਜ਼ਹਾਰ ਹੈ।

ਅੰਤ ਵਿੱਚ ਮੈਂ ਚਿੰਤਕ ਪ੍ਰਸ਼ੋਤਮ ਅਗਰਵਾਲ ਦੇ ਇੱਕ ਕਥਨ ਨਾਲ ਆਪਣੀ ਗੱਲ ਮੁਕਾਵਾਂਗਾ, “ਸੱਤਾ ਦੇ ਨਸ਼ੇ ਵਿੱਚ ਡੁੱਬੇ ਲੋਕ ਕਿਤਾਬਾਂ ਬਦਲ ਸਕਦੇ ਹਨ, ਇਤਿਹਾਸ ਨਹੀਂ।” ਇਹੀ ਉਹ ਗੱਲ ਹੈ, ਜਿਹੜੀ ਕਈਆਂ ਦੇ ਪੱਲੇ ਨਹੀਂ ਪੈਂਦੀ।

Leave a Reply

Your email address will not be published. Required fields are marked *