ਡਾ. ਮਦਨ ਲਾਲ ਹਸੀਜਾ
ਸ਼੍ਰੋਮਣੀ ਗਿਆਨ ਸਾਹਿਤ ਲੇਖਕ
“ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਬਲਖ਼ ਨਾ ਬੁਖ਼ਾਰੇ” ਆਓ ਇਸ ਮਸ਼ਹੂਰ ਕਹਾਵਤ ਦੇ ਪਿਛੋਕੜ ਉਤੇ ਝਾਤ ਮਾਰਦੇ ਹਾਂ। ਲਾਹੌਰ ਦੇ ਅਨਾਰਕਲੀ ਬਾਜ਼ਾਰ ਦੀ ਇੱਕ ਤੰਗ ਜਿਹੀ ਗਲੀ ਵਿੱਚ ਇੱਕ ਤਿੰਨ ਮੰਜ਼ਿਲਾ ਮਕਾਨ, ਜਿਸ ਵਿੱਚ ਬਿਲਕੁਲ ਸਾਦਗੀ ਤੇ ਖੁਸ਼ਹਾਲ ਜ਼ਿੰਦਗੀ ਜਿਉਣ ਵਾਲਾ ਹੀਰੇ ਅਤੇ ਸੋਨੇ ਦੇ ਗਹਿਣਿਆਂ ਦਾ ਵਪਾਰੀ ਰਹਿੰਦਾ ਸੀ। ਉਸ ਦੀ ਇਮਾਨਦਾਰੀ ਦੀ ਚਰਚਾ ਹਰ ਪਾਸੇ ਹੁੰਦੀ ਰਹਿੰਦੀ ਸੀ ਕਿ ਉਹ ਕਿਸੇ ਕਿਸਮ ਦੀ ਮਿਲਾਵਟ ਆਦਿ ਨਹੀਂ ਸੀ ਕਰਦਾ ਅਤੇ ਲੋਕੀਂ ਅੱਖਾਂ ਬੰਦ ਕਰ ਕੇ ਉਸ ‘ਤੇ ਵਿਸ਼ਵਾਸ ਕਰਦੇ ਸਨ।
ਹੇਠਲੀ ਮੰਜ਼ਿਲ ‘ਤੇ ਉਸ ਦੀ ਦੁਕਾਨ ਸੀ, ਦੂਜੀ ਮੰਜ਼ਿਲ ‘ਤੇ ਉਸ ਦਾ ਪਰਿਵਾਰ ਰਹਿੰਦਾ ਸੀ, ਜਦੋਂ ਕਿ ਤੀਜੀ ਮੰਜ਼ਿਲ ‘ਤੇ ਇੱਕ ਖੁੱਲ੍ਹਾ ਜਿਹਾ ਵੱਡਾ ਚੁਬਾਰਾ ਬਣਾਇਆ ਹੋਇਆ ਸੀ।
ਸਿਰਾਇਕੀ/ਬਹਾਵਲਪੁਰ ਨਾਲ ਸਬੰਧਤ ਇਸ ਮਹਾਨ ਸ਼ਖਸੀਅਤ ਦਾ ਨਾਂ ਛੱਜੂ ਮੱਲ ਭਾਟੀਆ ਸੀ। ਸਫਲ ਵਪਾਰੀ ਹੋਣ ਦੇ ਨਾਲ ਨਾਲ ਉਸ ਦਾ ਸੁਭਾਅ ਬੜਾ ਅਧਿਆਤਮਕ ਰੁਚੀ ਵਾਲਾ ਸੀ। ਦਿਨ ਵੇਲੇ ਕੰਮਕਾਰ ਤੋਂ ਵਿਹਲਾ ਹੋ ਕੇ ਸ਼ਾਮ ਨੂੰ ਆਪਣੇ ਚੁਬਾਰੇ ਵਿੱਚ ਆਸਨ ਲਾ ਲੈਂਦਾ ਅਤੇ ਪਾਠ-ਪੂਜਾ ਵਿੱਚ ਮਗਨ ਹੋ ਜਾਂਦਾ।
ਸੰਤਾਂ, ਫਕੀਰਾਂ ਅਤੇ ਧਾਰਮਕ ਰੁਚੀ ਰੱਖਣ ਵਾਲਿਆਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ। ਜਿਸ ਕਿਸੇ ਨੂੰ ਵੀ ਹੋਰ ਕਿੱਥੇ ਥਾਂ ਨਾ ਮਿਲਦੀ, ਉਹ ‘ਛੱਜੂ ਮੱਲ ਭਾਟੀਆ’ ਦੇ ਇਸ ਚੁਬਾਰੇ ਵਿੱਚ ਆ ਕੇ ਠਹਿਰਦਾ। ਉਨ੍ਹਾਂ ਦੇ ਖਾਣ-ਪੀਣ, ਠਹਿਰਣ ਦਾ ਬਹੁਤ ਹੀ ਸ਼ਾਨਦਾਰ ਇੰਤਜ਼ਾਮ ਕੀਤਾ ਜਾਂਦਾ। ਫਕੀਰਾਂ, ਸੂਫੀ ਸੰਤਾਂ, ਸਾਧੂ ਮਹਾਤਮਾ ਨਾਲ ਅਧਿਆਤਮਕ ਚਰਚਾ ਹੁੰਦੀ। ਵਾਪਸ ਜਾਂਦੇ ਹੋਏ ਫਕੀਰਾਂ ਨੂੰ ਖਾਣ-ਪੀਣ ਲਈ ਰਸਦ ਅਤੇ ਇੱਕ ਸਿੱਕਾ ਰਾਹਦਾਰੀ ਲਈ ਭੇਟ ਕੀਤਾ ਜਾਂਦਾ ਸੀ।
ਚੁਬਾਰੇ ਵਿੱਚ ਮਾਹੌਲ ਅਜਿਹਾ ਬਣ ਜਾਂਦਾ ਸੀ ਕਿ ਸਾਰੇ ਫਕੀਰ ਭਜਨ ਕੀਰਤਨ ਵਿੱਚ ਇੰਨੇ ਮਸਤ ਹੋ ਜਾਂਦੇ ਕਿ ਉਹ ਆਪ ਮੁਹਾਰੇ ਹੀ ਨੱਚਣ, ਗਾਉਣ ਲੱਗ ਪੈਂਦੇ। ਮਸਤੀ ਦੀ ਲੋਰ ਵਿੱਚ ਉੱਚਾ ਉੱਚਾ ਗਾਉਂਦੇ,
ਜੋ ਸੁੱਖ ਛੱਜੂ ਦੇ ਚੁਬਾਰੇ
ਨਾ ਬਲਖ਼ ਨਾ ਬੁਖਾਰੇ।
ਛੱਜੂ ਮੱਲ, ਜਿਹੜਾ ਹੁਣ ‘ਛੱਜੂ ਭਗਤ’ ਦੇ ਨਾਂ ਤੋਂ ਜਾਣਿਆ ਜਾਣ ਲੱਗਾ, ਦੇ ਚੁਬਾਰੇ ਵਿੱਚ ਆ ਕੇ ਜੋ ਸਕੂਲ ਮਿਲਦਾ, ਉਨ੍ਹਾਂ ਦੀ ਹਰ ਜ਼ਰੂਰਤ ਦਾ ਖਿਆਲ ਰੱਖਿਆ ਜਾਂਦਾ, ਇਸ ਅਧਿਆਤਮਕ ਮੌਜ ਮਸਤੀ ਨੂੰ ਬਲਖ਼ ਅਤੇ ਬੁਖ਼ਾਰੇ ਵਰਗੇ ਦੁਨੀਆਂ ਦੇ ਅਤਿ ਖੂਬਸੂਰਤ ਸ਼ਹਿਰਾਂ ਦੀ ਦੁਨਿਆਵੀ ਚਕਾਚੌਂਧ ਨਾਲੋਂ ਕਿਤੇ ਵੱਧ ਸਮਝਿਆ ਜਾਣ ਲੱਗਿਆ।
‘ਛੱਜੂ ਭਗਤ’ ਦੀ ਲੋਕਪ੍ਰਿਅਤਾ ਇੰਨੀ ਵਧ ਗਈ ਸੀ ਕਿ ਉਸ ਨੇ ਆਪਣੇ ਇਸ ਅਧਿਆਤਮ ਦੇ ਕੇਂਦਰ ਚੁਬਾਰੇ ਦੇ ਇੱਕ ਕੋਨੇ ਵਿਚ ਛੋਟਾ ਜਿਹਾ ਕਮਰਾ ਬਣਾ ਲਿਆ, ਜਿੱਥੇ ਉਹ ਆਪਣੇ ਦੁਨਿਆਵੀ ਕੰਮਕਾਰ ਤੋਂ ਬਾਅਦ ਜਪ-ਤਪ ਕਰਨ ਲੱਗਾ। ਉਸ ਦੀ ਪ੍ਰਸਿੱਧੀ ਇੰਨੀ ਵਧ ਗਈ ਕਿ ਹਰ ਮੰਗਲਵਾਰ ਅਤੇ ਸਨਿਚਰਵਾਰ ਨੂੰ ਕਾਫੀ ਗਿਣਤੀ ਵਿੱਚ ਲੋਕੀਂ ਆਉਣ ਲੱਗੇ। ਉਨ੍ਹਾਂ ਦੀਆਂ ਮੰਨਤਾਂ ਪੂਰੀਆਂ ਹੋਣ ਲੱਗੀਆਂ।
ਹੁਣ ਉਹ ਕਾਫੀ ਬਜ਼ੁਰਗ ਹੋ ਗਿਆ ਸੀ, ਚੱਲਣ ਫਿਰਨ ਵਿੱਚ ਲਾਚਾਰ ਹੋ ਗਿਆ ਸੀ। ਕਿਸੇ ਤਰ੍ਹਾਂ ਘਿਸਰਦਾ ਘਿਸਰਦਾ ਆਪਣੇ ਤਪ ਵਾਲੇ ਕਮਰੇ ਅੰਦਰ ਪੁੱਜ ਗਿਆ। ਉਥੇ ਹੀ ਉਸ ਨੇ ਆਪਣੇ ਪ੍ਰਾਣ ਤਿਆਗ ਦਿੱਤੇ। ਇਸੇ ਚੁਬਾਰੇ ਵਿੱਚ ਹੀ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ।
ਮਹਾਰਾਜਾ ਰਣਜੀਤ ਸਿੰਘ ਨੇ ‘ਲਾਹੌਰ ਦੀ ਸ਼ਾਨ’ ਇਸ ਇਮਾਰਤ ਨੂੰ ‘ਵਿਰਾਸਤੀ ਭਵਨ’ ਘੋਸ਼ਿਤ ਕੀਤਾ ਅਤੇ ਸਰਕਾਰੀ ਖਜ਼ਾਨੇ ਵਿੱਚ ਇਸ ਵਿਰਾਸਤ ਦੀ ਸਾਂਭ ਸੰਭਾਲ ਲਈ ਹਰ ਮਹੀਨੇ ਇੱਕ ਨਿਸ਼ਚਿਤ ਰਾਸ਼ੀ ਦੇਣ ਦਾ ਹੁਕਮ ਦਿੱਤਾ।
ਅਫਸੋਸ ਦੀ ਗੱਲ ਹੈ ਕਿ ਅਧਿਆਤਮਕਤਾ ਦਾ ਕੇਂਦਰ ਇੱਕ ਖੰਡਰ ਦਾ ਰੂਪ ਧਾਰਨ ਕਰ ਗਿਆ ਹੈ। ਲਾਹੌਰ ਦੇ ਮਯੋ ਹਸਪਤਾਲ ਦੇ ਨੇੜੇ ਹੋਣ ਕਾਰਨ ਇਸ ਵਿਰਾਸਤੀ ਇਮਾਰਤ ਨੂੰ ਤੋੜ ਕੇ ਆਪਣੇ ਕੰਪਲੈਕਸ ਵਿੱਚ ਮਿਲਾਉਣ ਦੀ ਤਜਵੀਜ਼ ਬਣਾਈ, ਜਿਸ ਦਾ ਵਿਰੋਧ ‘ਛੱਜੂ ਭਗਤ’ ਦੇ ਪੈਰੋਕਾਰਾਂ ਨੇ ਡੱਟ ਕੇ ਕੀਤਾ। ਮਾਮਲਾ ਅਦਾਲਤਾਂ ਦੇ ਫੈਸਲੇ ਦੀ ਉਡੀਕ ਕਰ ਰਿਹਾ ਹੈ, ਪਰ ‘ਚੁਬਾਰੇ’ ਵਾਲੀ ਬਿਲਡਿੰਗ ਹਸਪਤਾਲ ਨੇ ਆਪਣੇ ਕੰਪਲੈਕਸ ਵਿੱਚ ਲੈ ਲਈ ਹੈ, ਜਿਹੜੀ ਜਨਾਨਾ ਵਾਰਡ ਦੇ ਨਾਲ ਲੱਗਦੀ ਹੈ, ਪਰੰਤੂ ਹੁਣ ਉਡੀਕ ਹੈ ਕਿ ਇੱਕ ਇਮਾਨਦਾਰ ਵਪਾਰੀ, ਸਾਧੂ, ਸੰਤਾਂ, ਮਸਤ ਫਕੀਰਾਂ ਦੀ ਸੇਵਾ ਕਰਨ ਵਾਲੇ ਉਸ ਅਧਿਆਤਮਕ ਵਿਅਕਤੀ ਦੇ ‘ਚੁਬਾਰੇ’ ਦੀ ਮੌਜ ਮਸਤੀ ਦੇ ਪ੍ਰਤੀਕ ਮੁਹਾਵਰੇ ‘ਜੋ ਸੁੱਖ ਛੱਜੂ ਦੇ ਚੁਬਾਰੇ, ਨਾ ਬਲਖ਼ ਨਾ ਬੁਖ਼ਾਰੇ’ ਨੂੰ ਇਤਿਹਾਸ ਦੇ ਪੰਨਿਆਂ ਤੋਂ ਲੁਪਤ ਨਹੀਂ ਹੋਣ ਦਿੱਤਾ ਜਾਵੇਗਾ।