ਗੋਲਡ ਮੈਡਲ ਫੁੰਡਣ ਵਾਲਾ ਜੈਵਲਿਨ ਥਰੋਅਰ ਨੀਰਜ ਚੋਪੜਾ

ਗੂੰਜਦਾ ਮੈਦਾਨ

ਹਰਨੂਰ ਸਿੰਘ ਮਨੌਲੀ (ਐਡਵੋਕੇਟ)

ਫੋਨ: 91-94171-82993

ਹਰਿਆਣਾ ਦੇ ਜ਼ਿਲ੍ਹਾ ਪਾਣੀਪਤ ਦੇ ਪਿੰਡ ਖਾਂਦਰਾ ਦੇ ਜੈਵਲਿਨ ਥਰੋਅਰ ਨੀਰਜ ਚੋਪੜਾ ਨੇ ਟੋਕੀਓ-2020 ਓਲੰਪਿਕ ਖੇਡਾਂ ’ਚ ਟਰੈਕ ਐਂਡ ਫੀਲਡ ਅਥਲੈਟਿਕਸ ਮੁਕਾਬਲੇ ’ਚ ਗੋਲਡ ਮੈਡਲ ਜਿੱਤ ਕੇ ਨਵਾਂ ਇਤਿਹਾਸ ਸਿਰਜਣ ਤੋਂ ਬਾਅਦ ਆਪਣੇ ਖੇਡ ਕਰੀਅਰ ’ਚ ਇੱਕ ਹੋਰ ਨਵਾਂ ਕੋਕਾ ਜੜ ਦਿੱਤਾ ਹੈ। ਦੋਹਾ ’ਚ ਖੇਡੀ ਗਈ ਡਾਇਮੰਡ ਲੀਗ ’ਚ ਨੀਰਜ ਚੋਪੜਾ ਨੇ 4 ਮਈ ਨੂੰ ਜੈਵਲਿਨ ਨਾਲ 88.44 ਮੀਟਰ ਦੀ ਦੂਰੀ ਨਾਪ ਕੇ ਗੋਲਡ ਮੈਡਲ ’ਤੇ ਆਪਣਾ ਕਬਜ਼ਾ ਜਮਾਇਆ ਹੈ। ਡਾਇਮੰਡ ਲੀਗ ਟੂਰਨਾਮੈਂਟ ’ਚ ਓਲੰਪੀਅਨ ਨੀਰਜ ਚੋਪੜਾ ਦਾ ਦੂਜਾ ਗੋਲਡ ਮੈਡਲ ਹੈ। ਦੋਹਾ ਤੋਂ ਪਹਿਲਾਂ ਡਿਫੈਂਡਿੰਗ ਚੈਂਪੀਅਨ ਨੀਰਜ ਚੋਪੜਾ ਨੇ ਡਾਇਮੰਡ ਲੀਗ ਸਟਾਕਹੋਮ-2022 (ਸਵੀਡਨ) ’ਚ 89.94 ਮੀਟਰ ਦੀ ਥਰੋਅ ਨਾਲ ਪਹਿਲਾ ਗੋਲਡ ਮੈਡਲ ਆਪਣੇ ਨਾਮ ਕੀਤਾ ਸੀ। ਸਟਾਕਹੋਮ ’ਚ 89.94 ਮੀਟਰ ਦੀ ਥਰੋਅ ਨੀਰਜ ਦੇ ਖੇਡ ਕਰੀਅਰ ਦੀ ਬੈਸਟ ਥਰੋਅ ਹੈ। ਹਾਲਾਂਕਿ ਨੀਰਜ ਚੋਪੜਾ ਕਰੀਅਰ ’ਚ 90 ਮੀਟਰ ਦੀ ਦੂਰੀ ’ਤੇ ਜੈਵਲਿਨ ਸੁੱਟਣ ਦਾ ਸੁਪਨਾ ਸਾਕਾਰ ਨਹੀਂ ਸੀ ਕਰ ਸਕਿਆ। ਦੋਹਾ ਡਾਇਮੰਡ ਲੀਗ ਮੁਕਾਬਲੇ ’ਚ ਚੈੱਕ ਗਣਰਾਜ ਦੇ ਥਰੋਅਰ ਜੈਕਬ ਵੇਦਲੇਜਚ ਨੇ 86.94 ਮੀਟਰ ਦੀ ਥਰੋਅ ਨਾਲ ਦੂਜਾ ਅਤੇ ਜਰਮਨੀ ਦੇ ਥਰੋਅਰ ਜੂਲੀਅਨ ਵੇਬਰ ਨੂੰ 83.73 ਮੀਟਰ ਦੀ ਦੂਰੀ ’ਤੇ ਜੈਵਲਿਨ ਸੁੱਟਣ ਸਦਕਾ ਤੀਜਾ ਰੈਂਕ ਹਾਸਲ ਹੋਇਆ ਹੈ।

ਦੋਹਾ ਡਾਇਮੰਡ ਲੀਗ ’ਚ ਸੋਨ ਤਗਮਾ ਜੇਤੂ ਓਲੰਪੀਅਨ ਅਥਲੀਟ ਨੀਰਜ ਚੋਪੜਾ ਨੇ ਟੋਕੀਓ ਓਲੰਪਿਕ ’ਚ ਚੈਂਪੀਅਨ ਨਾਮਜ਼ਦ ਹੋਣ ਤੋਂ ਪਹਿਲਾਂ ਜਕਾਰਤਾ-2018 ਏਸ਼ੀਅਨ ਖੇਡਾਂ, ਕਾਮਨਵੈਲਥ ਖੇਡਾਂ ਗੋਲਡ ਕੋਸਟ-2018 ’ਚ ਗੋਲਡ ਮੈਡਲ ਜਿੱਤਣ ਵਾਲਾ ਨੀਰਜ ਚੋਪੜਾ ਪਹਿਲਾ ਥਰੋਅਰ ਨਾਮਜ਼ਦ ਹੋਇਆ ਸੀ। ਇਹੀ ਨਹੀਂ, ਜਕਾਰਤਾ ’ਚ ਏਸ਼ੀਅਨ ਖੇਡਾਂ ’ਚ ਨੀਰਜ ਚੋਪੜਾ ਨੇ ਜੈਵਲਿਨ ’ਚ ਨਵੀਂ ਦੂਰੀ ਨਾਪ ਸਦਕਾ ਨਵਾਂ ਏਸ਼ੀਅਨ ਰਿਕਾਰਡ ਵੀ ਸਿਰਜਿਆ ਸੀ। ਨੇਜੇ ਦਾ ਸੁਟਾਵਾ ਨੀਰਜ ਚੋਪੜਾ 60 ਸਾਲ ਬਾਅਦ ਏਸ਼ੀਅਨ ਖੇਡਾਂ ਅਤੇ ਕਾਮਨਵੈਲਥ ਖੇਡਾਂ ’ਚ ਲਗਾਤਾਰ ਦੋ ਸੋਨ ਤਗਮੇ ਜਿੱਤਣ ਵਾਲਾ ਦੇਸ਼ ਦਾ ਦੂਜਾ ਖਿਡਾਰੀ ਨਾਮਜ਼ਦ ਹੋਇਆ। ਨੀਰਜ ਤੋਂ ਪਹਿਲਾਂ ਉੱਡਣੇ ਸਿੱਖ ਮਿਲਖਾ ਸਿੰਘ ਨੇ ਇੱਕੋ ਸਾਲ ’ਚ ਏਸ਼ਿਆਈ ਖੇਡਾਂ ਟੋਕੀਓ-1958 ਅਤੇ ਰਾਸ਼ਟਰਮੰਡਲ ਖੇਡਾਂ ਬ੍ਰਿਟੇਨ-1958 ’ਚ ਦੋ ਗੋਲਡ ਮੈਡਲ ਜਿੱਤਣ ਸਦਕਾ ਆਪਣੀ ਬੱਲੇ-ਬੱਲੇ ਕਰਵਾਈ ਸੀ।

ਓਲੰਪੀਅਨ ਅਥਲੀਟ ਨੀਰਜ ਚੋਪੜਾ ਦੇਸ਼ ਦਾ ਪਹਿਲਾ ਟਰੈਕ ਐਂਡ ਫੀਲਡ ਅਥਲੀਟ ਹੈ, ਜਿਸ ਨੇ ਜੂਨੀਅਰ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ-2016 ’ਚ ਗੋਲਡ ਮੈਡਲ ’ਤੇ ਜੈਵਲਿਨ ਸੁੱਟਣ ਦਾ ਕ੍ਰਿਸ਼ਮਾ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਨੀਰਜ ਚੋਪੜਾ ਨੇ ਯੂਜੀਨ-2022 ’ਚ ਸੰਪੰਨ ਹੋਈ ਸੀਨੀਅਰ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ’ਚ ਸਿਲਵਰ ਮੈਡਲ ਜਿੱਤਣ ਤੋਂ ਇਲਾਵਾ ਏਸ਼ੀਅਨ ਚੈਂਪੀਅਨਸ਼ਿਪ ਭੁਬਨੇਸ਼ਵਰ-2017 ’ਚ ਸੋਨ ਤਗਮਾ ਤੇ ਸਾਊਥ ਏਸ਼ੀਅਨ ਗੇਮਜ਼ ਗੁਹਾਟੀ-2016 ’ਚ ਗੋਲਡ ਮੈਡਲ ’ਤੇ ਆਪਣੇ ਨਾਮ ਦੀ ਸਟੈਂਪ ਲਾਈ ਹੋਈ ਹੈ।

ਨੀਰਜ ਚੋਪੜਾ ਇੰਡੀਆ ਦਾ ਨਿਵੇਕਲਾ ਅਥਲੀਟ ਹੈ, ਜਿਸ ਨੇ ਟੋਕੀਓ ਓਲੰਪਿਕ ’ਚ ਪਹਿਲੇ ਗੇੜ ਦੇ ਗਰੁੱਪ-ਏ ’ਚ ਪਹਿਲੇ ਸਥਾਨ ਨਾਲ ਫਾਈਨਲ ਖੇਡਣ ਦਾ ਟਿਕਟ ਕਟਾਇਆ ਸੀ। ਉਂਜ ਨੀਰਜ ਨੂੰ ਗਰੁੱਪ-ਏ ਅਤੇ ਗਰੁੱਪ-ਬੀ ’ਚ ਫਾਈਨਲ ’ਚ ਪਹੁੰਚੇ ਥਰੋਅਰਾਂ ’ਚ ਦੂਜਾ ਰੈਂਕ ਹਾਸਲ ਹੋਇਆ ਸੀ, ਪਰ ਫਾਈਨਲ ’ਚ ਨੀਰਜ ਚੋਪੜਾ ਨੇ ਪਹਿਲੀ ਹੀ 87.03 ਮੀਟਰ ਦੀ ਥਰੋਅ ਨਾਲ ਆਪਣੇ ਇਰਾਦੇ ਸਪਸ਼ਟ ਕਰ ਦਿੱਤੇ ਸਨ। ਇਸ ਤੋਂ ਬਾਅਦ ਨੀਰਜ ਚੋਪੜਾ ਨੇ ਦੂਜੀ ਥਰੋਅ 87.58 ਮੀਟਰ ’ਤੇ ਲਗਾ ਕੇ ਸੋਨ ਤਗਮੇ ’ਤੇ ਆਪਣਾ ਦਾਅਵਾ ਠੋਕਣ ’ਚ ਕੋਈ ਕਸਰ ਨਹੀਂ ਰਹਿਣ ਦਿੱਤੀ। ਫਾਈਨਲ ’ਚ ਪਹੁੰਚੇ 12 ਥਰੋਅਰਾਂ ’ਚ ਨੀਰਜ ਚੋਪੜਾ ਤੋਂ ਬਾਅਦ ਚੈੱਕ ਗਣਰਾਜ ਦਾ ਥਰੋਅਰ 86.67 ਮੀਟਰ ’ਤੇ ਹੀ ਭਾਲਾ ਸੁੱਟਣ ’ਚ ਸਫਲ ਹੋਇਆ, ਜਿਸ ਨੂੰ ਸਿਲਵਰ ਮੈਡਲ ਹਾਸਲ ਹੋਇਆ, ਜਦਕਿ ਚੈੱਕ ਗਣਰਾਜ ਦੇ ਦੂਜੇ ਥਰੋਅਰ ਵੀ. ਵੈਸਲੀ ਨੂੰ 85.44 ਮੀਟਰ ਦੂਰੀ ਨਾਪਣ ਸਦਕਾ ਤਾਂਬੇ ਦਾ ਤਗਮਾ ਹਾਸਲ ਹੋਇਆ ਹੈ।

ਇਹ ਪਹਿਲੀ ਵਾਰ ਹੋਇਆ ਹੈ ਕਿ ਭਾਰਤ ਦੇ ਕਿਸੇ ਅਥਲੀਟ ਨੇ ਜੈਵਲਿਨ ਥਰੋਅਰ ਕਰਨ ਲਈ ਓਲੰਪਿਕ ਖੇਡਣ ਦੀ ਉਡਾਉਣ ਭਰੀ ਸੀ। ਓਲੰਪਿਕ ਖੇਡਾਂ ਦੇ ਇਤਿਹਾਸ ’ਚ ਇਹ ਵੀ ਪਹਿਲੀ ਵਾਰ ਹੋਇਆ ਹੈ ਕਿ ਨੀਰਜ ਚੋਪੜਾ ਤੋਂ ਬਾਅਦ ਏਸ਼ੀਆ ਦੇ ਦੂਜੇ ਅਥਲੀਟ ਪਾਕਿਸਤਾਨ ਦੇ ਥਰੋਅਰ ਨਦੀਮ ਅਹਿਮਦ ਨੇ ਓਲੰਪਿਕ ਖੇਡਣ ਲਈ ਕੁਆਲੀਫਾਈ ਕਰਕੇ ਜੈਵਲਿਨ ਸੁੱਟਣ ਦੇ ਫਾਈਨਲ ’ਚ 84.62 ਮੀਟਰ ਦੀ ਬੈਸਟ ਥਰੋਅ ਨਾਲ 5ਵਾਂ ਰੈਂਕ ਹਾਸਲ ਕੀਤਾ ਸੀ। ਨੀਰਜ ਚੋਪੜਾ ਨੇ ਓਲੰਪਿਕ ਖੇਡਾਂ ਦੇ 100 ਸਾਲਾ ਇਤਿਹਾਸ ’ਚ ਦੇਸ਼ ਲਈ ਟਰੈਕ ਐਂਡ ਫੀਲਡ ਅਥਲੈਟਿਕਸ ’ਚ ਜਿੱਥੇ ਪਹਿਲਾ ਗੋਲਡ ਮੈਡਲ ਹਾਸਲ ਕੀਤਾ ਹੈ, ਉੱਥੇ ਉਸ ਨੇ ਓਲੰਪਿਕ ਖੇਡਾਂ ’ਚ ਦੇਸ਼ ਦੀ ਝੋਲੀ ’ਚ 10ਵਾਂ ਸੋਨ ਤਗਮਾ ਪਾਇਆ ਹੈ। ਨੀਰਜ ਚੋਪੜਾ ਤੋਂ ਪਹਿਲਾਂ ਓਲੰਪਿਕ ਖੇਡਾਂ ’ਚ ਇੰਡੀਅਨ ਹਾਕੀ ਟੀਮ ਵਲੋਂ 8 ਸੋਨ ਤਗਮੇ ਅਤੇ 9ਵਾਂ ਗੋਲਡ ਮੈਡਲ ਬੀਜਿੰਗ-2008 ਓਲੰਪਿਕ ਗੇਮਜ਼ ’ਚ ਪੰਜਾਬ ਨਾਲ ਸਬੰਧਤ ਨਿਸ਼ਾਨੇਬਾਜ਼ ਅਭਿਨਵ ਬਿੰਦਰਾ ਵਲੋਂ ਸ਼ੂਟਿੰਗ ’ਚ ਜਿੱਤਿਆ ਗਿਆ ਸੀ।

ਹਰਿਆਣਾ ਰਾਜ ਦੇ ਥਰੋਅਰ ਨੀਰਜ ਚੋਪੜਾ ਨੇ ਦੱਖਣੀ ਅਫਰੀਕਾ ’ਚ ਖੇਡੇ ਗਏ ਡੋਮੈਸਟਿਕ ਟੂਰਨਾਮੈਂਟ ’ਚ ਓਲੰਪਿਕ ਕੁਆਲੀਫਾਈ ਲਈ 87.86 ਮੀਟਰ ਥਰੋਅ ਕਰਕੇ ਜਿੱਥੇ ਟੋਕੀਓ ਓਲੰਪਿਕ ਖੇਡਣ ਦਾ ਟਿਕਟ ਕਟਾਇਆ ਸੀ, ਜਦਕਿ ਉਥੇ ਓਲੰਪਿਕ ਕੁਆਲੀਫਾਈ ਮਾਰਕ 85 ਮੀਟਰ ਹੈ। ਟੋਕੀਓ ਓਲੰਪਿਕ ਤੋਂ ਪਹਿਲਾਂ ਨੀਰਜ ਚੋਪੜਾ ਨੇ ਜਕਾਰਤਾ ਏਸ਼ੀਅਨ ਗੇਮਜ਼-2018 ’ਚ 88.06 ਮੀਟਰ ਦੀ ਦੂਰੀ ’ਤੇ ਨੇਜ਼ਾ ਸੁੱਟ ਕੇ ਦੇਸ਼ ਦੀ ਝੋਲੀ ’ਚ ਪਹਿਲਾ ਗੋਲਡ ਮੈਡਲ ਪਾਇਆ ਸੀ। ਦੇਸ਼ ਲਈ 67 ਸਾਲ ਦੇ ਅਰਸੇ ਬਾਅਦ ਜੈਵਲਿਨ ਥਰੋਅ ’ਚ ਪਲੇਠਾ ਸੋਨ ਤਗਮਾ ਜਿੱਤਣ ਵਾਲੇ ਨੀਰਜ ਚੋਪੜਾ ਨੇ ਏਸ਼ਿਆਈ ਖਿੱਤੇ ’ਚ ਇਤਿਹਾਸਕ ਪ੍ਰਾਪਤੀ ਦਰਜ ਕਰਨ ਤੋਂ ਇਲਾਵਾ ਜਕਾਰਤਾ ਦੇ ਮੈਦਾਨ ’ਚ 88.06 ਮੀਟਰ ਦੀ ਦੂਰੀ ਨਾਪਣ ਸਦਕਾ ਨੈਸ਼ਨਲ ਰਿਕਾਰਡ ਵੀ ਆਪਣੇ ਨਾਮ ਕੀਤਾ। ਸੀਨੀਅਰ ਪੱਧਰ ’ਤੇ ਜੈਵਲਿਨ ’ਚ ਨੈਸ਼ਨਲ ਰਿਕਾਰਡ ’ਚ ਹੋਲਡ ਹੋਈ ਨੀਰਜ ਚੋਪੜਾ ਵੱਲੋਂ ਜਕਾਰਤਾ ’ਚ 88.06 ਮੀਟਰ ’ਤੇ ਲਾਈ ਥਰੋਅ ਹੁਣ ਤੱਕ ਦੀ ‘ਬੈਸਟ ਥਰੋਅ’ ਆਂਕੀ ਗਈ ਹੈ, ਜਦਕਿ ਟੋਕੀਓ ’ਚ ਨੀਰਜ ਵਲੋਂ 87.58 ਮੀਟਰ ਦੀ ਥਰੋਅ ਨਾਲ ਸੋਨ ਤਗਮੇ ’ਤੇ ਕਬਜ਼ਾ ਕੀਤਾ ਗਿਆ ਹੈ। ਜਕਾਰਤਾ ’ਚ ਚੀਨ ਦੇ ਸੁਟਾਵੇ ਕਿਝੋਨ ਲਿਊ ਨੇ 82.22 ਮੀਟਰ ਦੀ ਥਰੋਅ ਨਾਲ ਚਾਂਦੀ ਦਾ ਤਗਮਾ, ਜਦੋਂਕਿ ਪਾਕਿਸਤਾਨ ਦੇ ਥਰੋਅਰ ਨਦੀਮ ਅਰਸ਼ਦ ਨੇ 80.75 ਮੀਟਰ ਜੈਵਲਿਨ ਸੁੱਟ ਕੇ ਤਾਂਬੇ ਦਾ ਮੈਡਲ ਹਾਸਲ ਕੀਤਾ। ਜਕਾਰਤਾ ਖੇਡਾਂ ’ਚ ਨੀਰਜ ਦੀ ਥਰੋਅ ਦੀ ਖਾਸੀਅਤ ਇਹ ਰਹੀ ਕਿ ਉਸ ਨੇ ਸਿਲਵਰ ਮੈਡਲ ਜਿੱਤਣ ਵਾਲੇ ਚੀਨੀ ਸੁਟਾਵੇ ਤੋਂ 5.84 ਮੀਟਰ ਵੱਧ ਜੈਵਲਿਨ ਸੁੱਟਣ ਸਦਕਾ ਏਸ਼ੀਅਨ ਚੈਂਪੀਅਨ ਬਣਨ ਦਾ ਮਾਣ ਖੱਟਿਆ ਸੀ।

ਨੀਰਜ ਚੋਪੜਾ ਤੋਂ ਪਹਿਲਾਂ ਨਵੀਂ ਦਿੱਲੀ-1951 ’ਚ ਜੈਵਲਿਨ ਥਰੋਅਰ ਪਾਰਸਾ ਸਿੰਘ ਨੇ ਘਰੇਲੂ ਮੈਦਾਨ ’ਤੇ ਸਿਲਵਰ ਮੈਡਲ ਅਤੇ ਨਵੀਂ ਦਿੱਲੀ-1982 ਦੀਆਂ ਏਸ਼ਿਆਈ ਖੇਡਾਂ ’ਚ ਘਰੇਲੂ ਦਰਸ਼ਕਾਂ ਸਾਹਵੇਂ ਗੁਰਤੇਜ ਸਿੰਘ ਨੇ ਤਾਂਬੇ ਦਾ ਤਗਮਾ ਹਾਸਲ ਕੀਤਾ ਸੀ। ਥਰੋਆਂ ਦੇ ਇਸ ਈਵੈਂਟ ’ਚ ਨੀਰਜ ਚੋਪੜਾ ਨੇ 36 ਸਾਲ ਬਾਅਦ ਏਸ਼ਿਆਈ ਖੇਡਾਂ ’ਚ ਤਗਮਾ ਜਿੱਤਣ ’ਚ ਸਫਲਤਾ ਹਾਸਲ ਕੀਤੀ ਹੈ। ਜਕਾਰਤਾ-2018 ਏਸ਼ੀਅਨ ਖੇਡਾਂ ’ਚ ਕੇਵਲ ਪੰਜ ਮਹੀਨਿਆਂ ’ਚ ਨੀਰਜ ਚੋਪੜਾ ਵੱਲੋਂ ਜਿੱਤਿਆ ਗਿਆ ਇਹ ਚੌਥਾ ਗੋਲਡ ਮੈਡਲ ਸੀ। ਜਕਾਰਤਾ ਏਸ਼ੀਆਡ ਤੋਂ ਪਹਿਲਾਂ ਨੀਰਜ ਚੋਪੜਾ ਵਲੋਂ ਫਿਨਲੈਂਡ ਦੀਆਂ ਸਾਵੋ ਗੇਮਜ਼, ਫਰਾਂਸ ਦੀ ਅਥਲੈਟਿਕਸ ਮੀਟ ਅਤੇ ਕਾਮਲਵੈਲਥ ਖੇਡਾਂ ’ਚ ਕ੍ਰਮਵਾਰ ਸੋਨ ਤਗਮੇ ਜਿੱਤਣ ਸਦਕਾ ਆਪਣੀ ਤਾਕਤ ਦਾ ਬਾਖੂਬੀ ਪ੍ਰਗਟਾਵਾ ਕੀਤਾ ਗਿਆ। ਜੂਨੀਅਰ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਬਾਯਗੋਸ਼ਜ਼-2016 ’ਚ 86.48 ਮੀਟਰ ਦੀ ਥਰੋਅ ਨਾਲ ਜੂਨੀਅਰ ਵਿਸ਼ਵ ਰਿਕਾਰਡ ਆਪਣੇ ਨਾਮ ਕਰਨ ਵਾਲੇ ਨੀਰਜ ਚੋਪੜਾ ਨੇ ਜਕਾਰਤਾ ਏਸ਼ੀਅਨ ਖੇਡਾਂ ’ਚ ਸੋਨ ਤਗਮਾ ਜਿੱਤਣ ਤੋਂ ਪਹਿਲਾਂ ਇਸੇ ਸਾਲ ਆਸਟਰੇਲੀਆ ਦੇ ਸ਼ਹਿਰ ਗੋਲਡਕੋਸਟ ’ਚ ਖੇਡੀਆਂ ਗਈਆਂ ਕਾਮਨਵੈਲਥ ਖੇਡਾਂ ’ਚ ਜੈਵਲਿਨ ਥਰੋਅ ’ਚ ਗੋਲਡ ਮੈਡਲ ਜਿੱਤ ਦਾ ਕ੍ਰਿਸ਼ਮਾ ਵੀ ਕੀਤਾ ਹੋਇਆ ਹੈ।

ਨੀਰਜ ਚੋਪੜਾ ਦਾ ਜਨਮ 24 ਦਸੰਬਰ 1997 ’ਚ ਪਾਣੀਪਤ ਜ਼ਿਲ੍ਹੇ ਦੇ ਪਿੰਡ ਖਾਂਦਰਾ ’ਚ ਮਾਤਾ ਸਰੋਜ ਦੇਵੀ ਦੀ ਕੁੱਖੋਂ ਸ੍ਰੀ ਸਤੀਸ਼ ਕੁਮਾਰ ਦੇ ਗ੍ਰਹਿ ਵਿਖੇ ਹੋਇਆ। ਜੈਵਲਿਨ ਥਰੋਅਰ ਨੀਰਜ ਚੋਪੜਾ ਦੀਆਂ ਖੇਡ ਪ੍ਰਾਪਤੀਆਂ ਨੂੰ ਵੇਖਦਿਆਂ ਸਾਲ-2016 ’ਚ ਇੰਡੀਅਨ ਆਰਮੀ ’ਚ ਜੂਨੀਅਰ ਕਮਿਸ਼ਨਡ ਆਫਿਸਰ ਭਰਤੀ ਕਰਕੇ ਨਾਇਬ ਸੂਬੇਦਾਰ ਦਾ ਅਹੁਦਾ ਦਿੱਤਾ ਗਿਆ। ਡੀ. ਏ. ਵੀ. ਕਾਲਜ ਚੰਡੀਗੜ੍ਹ ’ਚ ਉਚੇਰੀ ਸਿੱਖਿਆ ਹਾਸਲ ਕਰਨ ਵਾਲੇ ਨੀਰਜ ਚੋਪੜਾ ਨੂੰ ਟਰੈਕ ਐਂਡ ਫੀਲਡ ਕੋਚ ਦੇ ਮਾਹਿਰ ਵਿਦੇਸ਼ੀ ਕੋਚ ਉਵੇ ਹਾਓਨ ਵਲੋਂ ਥਰੋਆਂ ਲਈ ਲਗਾਤਾਰ ਟਰੇਂਡ ਕੀਤਾ ਜਾ ਰਿਹਾ ਹੈ।

Leave a Reply

Your email address will not be published. Required fields are marked *