ਗੁਰੂ ਨਾਨਕ ਦੇਵ ਜੀ ਦੇ ਮੁਸਲਮਾਨ ਸ਼ਰਧਾਲੂ

Uncategorized

“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਵਲੋਂ ਖੋਜ ਕਰ ਕੇ ਤਿਆਰ ਕੀਤੀ ਗਈ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਲੇਖਕ ਅਨੁਸਾਰ ਇਸ ਵਿਸ਼ੇ ਸਬੰਧੀ ਪਹਿਲਾਂ ਪ੍ਰਕਾਸ਼ਿਤ ਪੁਸਤਕਾਂ ਵਿਚੋਂ ਹਵਾਲੇ ਦੇਣ ਦੀ ਥਾਂ ਉਸ ਨੇ ਸਬੰਧਤ ਸਮੁੱਚੀਆਂ ਥਾਂਵਾਂ ਉਤੇ ਜਾ ਕੇ ਵੇਰਵੇ ਇਕੱਤਰ ਕੀਤੇ ਹਨ। ਉਸ ਦੀਆਂ ਚਰਚਿਤ ਪੁਸਤਕਾਂ ਵਿੱਚ ‘ਕਰਮੋ’, ‘ਕਲਪਦੀਆਂ ਰੂਹਾਂ’, ‘ਲੋਕ ਕਥਾਵਾਂ ਦਾ ਬਾਦਸ਼ਾਹ ਕੁਲਦੀਪ ਮਾਣਕ’, ‘ਕਵੀਸ਼ਰੀ ਦਾ ਥੰਮ੍ਹ ਰਣਜੀਤ ਸਿੰਘ ਸਿੱਧਵਾਂ’, ‘ਕਵੀਸ਼ਰ ਜੋਗਾ ਸਿੰਘ ਜੋਗੀ: ਜੀਵਨ ਤੇ ਰਚਨਾ’, ‘ਪੰਜਾਬੀ ਗਾਇਕੀ ਦੇ ਸੱਤ ਸਮੁੰਦਰ’, ‘ਪੰਜਾਬੀ ਭਾਸ਼ਾ ਦਾ ਭਵਿੱਖ’, ‘ਗਦਰ ਇਤਿਹਾਸ 1914’, ‘ਵੱਡਾ ਘੱਲੂਘਾਰਾ: 1762 ਦਾ ਸ਼ਹੀਦੀ ਸਾਕਾ’, ‘ਕਿੱਸਾਕਾਰੀ ਦਾ ਕਿੱਸਾ ਕਰਨੈਲ ਸਿੰਘ ਰਾਮੂਵਾਲੀਆ’ ਸ਼ਾਮਲ ਹਨ। ਉਹ ਹੁਣ ਤੱਕ 19 ਪੁਸਤਕਾਂ ਲਿਖ ਚੁੱਕਾ ਹੈ। ਅਸੀਂ ਸੁਹਿਰਦ ਪਾਠਕਾਂ ਲਈ “ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੂੰ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਾਪਣ ਦੀ ਖੁਸ਼ੀ ਲੈ ਰਹੇ ਹਾਂ…

 

ਅਲੀ ਰਾਜਪੁਰਾ

 

ਸਧਨਾ ਜੀ

ਸਧਨਾ ਜੀ ਕਸਾਈ ਮੁਸਲਮਾਨ ਸੀ ਤੇ ਭਗਤ ਨਾਮਦੇਵ ਦੇ ਸਮਕਾਲੀ, ਜਿਨ੍ਹਾਂ ਦਾ ਜਨਮ 1180 ਈ. ਨੂੰ ਸੇਵਾਨ (ਸਿੰਧ) ਪਾਕਿਸਤਾਨ ਵਿਚ ਹੋਇਆ। ਕਿੱਤੇ ਵਜੋਂ ਕਸਾਈ ਸਨ, ਪਰ ਭਗਤ ਬਿਰਤੀ ਦੇ ਹੋਣ ਕਰਕੇ ਸਾਧੂ-ਸੰਤਾਂ, ਫ਼ਕੀਰਾਂ ਦੇ ਅਨਮੋਲ ਬਚਨ ਸੁਣ ਕੇ ਆਪਣਾ ਜੀਵਨ ਸਫ਼ਲ ਕਰਨ ਦਾ ਯਤਨ ਕਰਦੇ ਸਨ।

ਇਕ ਵਾਰ ਮਾਸ ਵੇਚਦਿਆਂ ਇਕ ਅਜਿਹੀ ਘਟਨਾ ਵਾਪਰੀ ਤੇ ਉਨ੍ਹਾਂ ਨੇ ਮਾਸ ਦਾ ਧੰਦਾ ਛੱਡ ਦਿੱਤਾ। ਸਧਨਾ ਜੀ ਦੇ ਅੰਦਰ ਦੇ ਚਿਤ ਨੇ ਇਸਲਾਮੀ ਸ਼ਰਾ ਦੇ ਵਿਰੁੱਧ ਬੋਲਣ ਲਈ ਮਜਬੂਰ ਕਰ ਦਿੱਤਾ। ਸਮੇਂ ਦੇ ਬਾਦਸ਼ਾਹ ਨੇ ਸਧਨਾ ਜੀ ਨੂੰ ਕੰਧ ’ਚ ਚਿਣਾਉਣ ਦੀ ਸਜ਼ਾ ਸੁਣਾਈ। ਇਸ ਬੇਵਸੀ ਦੀ ਹਾਲਤ ਵਿਚ ਉਨ੍ਹਾਂ ਅਜਿਹਾ ਦਰਦ ਭਰਿਆ ਸ਼ਬਦ ਉਚਾਰਿਆ ਕਿ ਬਾਦਸ਼ਾਹ ਨੂੰ ਉਨ੍ਹਾਂ ਉਪਰ ਤਰਸ ਆ ਗਿਆ ਤੇ ਰਿਹਾਈ ਦਾ ਹੁਕਮ ਦੇ ਦਿੱਤਾ। ਉਹ ਸਿੰਧਾ ਦਾ ਇਲਾਕਾ ਛੱਡ ਕੇ ਨੀਲਗਿਰੀ (ਜਗਨ ਨਾਥ, ਉੜੀਸਾ) ਜਾ ਪਹੁੰਚੇ। ਇੱਥੇ ਉਨ੍ਹਾਂ ਨਾਲ ਇੱਕ ਅਜੀਬ ਘਟਨਾ ਘਟੀ ਦੱਸੀ ਜਾਂਦੀ ਹੈ ਕਿ ਇੱਕ ਔਰਤ ਉਨ੍ਹਾਂ `ਤੇ ਮੋਹਿਤ ਹੋ ਗਈ। ਜਦੋਂ ਉਨ੍ਹਾਂ ਕੋਈ ਹੁੰਗਾਰਾ ਨਾ ਦਿੱਤਾ ਤਾਂ ਔਰਤ ਨੇ ਆਪਣੀ ਨਾਕਾਮੀ ਦਾ ਬਦਲਾ ਲੈਣਾ ਚਾਹਿਆ, ਪਰ ਬਾਦਸ਼ਾਹ ਨੇ ਔਰਤ ਨੂੰ ਜ਼ਮੀਨ ਵਿੱਚ ਗੱਡ ਦੇ ਮਰਵਾ ਦਿੱਤਾ। ਇੱਥੋਂ ਚੱਲ ਕੇ ਸਧਨਾ ਜੀ ਪੰਜਾਬ ਆ ਵਸੇ ਤੇ ਇਥੇ ਹੀ ਆਖ਼ਰੀ ਸਾਹ ਲਿਆ। ਉਨ੍ਹਾਂ ਦੀ ਯਾਦ ਵਿੱਚ ਸਰਹਿੰਦ ਵਿੱਚ ਫ਼ਤਿਹਗੜ੍ਹ ਸਾਹਿਬ ਖਾਲਸਾ ਕਾਲਜ ਦੇ ਪਿੱਛੇ ਖਸਤਾ ਹਾਲਤ ਵਿਚ ਮਕਬਰਾ ਮਜੂਦ ਹੈ। ਸਧਨਾ ਜੀ ਦੀ ਰਚੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਗ 858 ਉਤੇ ਰਾਗ ਬਿਲਾਵਲ ਵਿਚ ਦਰਜ ਮਿਲਦੀ ਹੈ,

ੴ ਸਤਿਗੁਰ ਪ੍ਰਸਾਦਿ॥

ਨ੍ਰਿਪ ਕੰਨਿਆ ਕੇ ਕਾਰਨੈ ਇਕੁ ਭਇਆ ਭੇਖਧਾਰੀ॥

ਕਾਮਾਰਥੀ ਸੁਆਰਥੀ ਵਾ ਕੀ ਪੈਜ ਸਵਾਰੀ॥1॥

ਤਵ ਗੁਨ ਕਹਾ ਜਗਤ ਗੁਰਾ ਜਉ ਕਰਮੁ ਨ ਨਾਸੈ॥

ਸਿੰਘ ਸਰਨ ਕਤ ਜਾਈਐ ਜਉ ਜੰਬੁਕੁ ਗ੍ਰਾਸੈ॥1॥ ਰਹਾਉ॥

ਏਕ ਬੂੰਦ ਜਲ ਕਾਰਨੇ ਚਾਤ੍ਰਿਕ ਦੁਖੁ ਪਾਵੈ॥

ਪ੍ਰਾਨ ਗਏ ਸਾਗਰੁ ਮਿਲੈ ਫੁਨਿ ਕਾਮਿ ਨ ਆਵੈ॥2॥

ਪ੍ਰਾਨ ਜੁ ਥਾਕੇ ਥਿਰੁ ਨਹੀਂ ਕੈਸੇ ਬਿਰਮਾਵਉ॥

ਬੂਡਿ ਮੂਏ ਨਉਕਾ ਮਿਲੈ ਕਹੁ ਕਾਹਿ ਚਢਾਵਉ॥3॥

ਮੈਂ ਨਾਹੀ ਕਛੁ ਹਉ ਨਹੀਂ ਕਿਛੁ ਆਹਿ ਨ ਮੋਰਾ॥

ਅਉਸਰ ਲਜਾ ਗਖਿ ਲੇਹੁ ਸਧਨਾ ਜਨੁ ਤੋਰਾ॥4॥1॥

ਗੁਰੂ ਗ੍ਰੰਥ ਸਾਹਿਬ ਵਿਚ ਇਹ ਜ਼ਿਕਰ ਵੀ ਮਿਲਦਾ ਹੈ ਕਿ ਭਗਤ ਰਵੀਦਾਸ ਜੀ ਉਨ੍ਹਾਂ ਨੂੰ ਯਾਦ ਕਰਦੇ ਹਨ,

ਨਾਮਦੇਵ ਕਬੀਰੁ ਤਿਲੋਚਨੁ ਸਧਨਾ ਸੈਨੂ ਤਰੈ॥

ਕਹਿ ਰਵਿਦਾਸੁ ਸੁਨਹੁ ਰੇ ਸੰਤਹੁ ਹਰਿ ਜੀਉ ਤੇ ਸਭੈ ਸਰੈ॥ (ਅੰਗ 1106)

 

ਮਾਈ ਦੌਲਤਾਂ

ਮਾਈ ਦੌਲਤਾਂ ਦਾਈਪੁਣਾ ਕਰਦੀ ਸੀ। ਰਾਇ ਭੋਇੰ ਦੀ ਤਲਵੰਡੀ (ਨਨਕਾਣਾ ਸਾਹਿਬ) ਦੀ ਰਹਿਣ ਵਾਲ਼ੀ ਸੀ। ਸੁਭਾਅ ਵਿਚ ਅੰਤਾਂ ਦੀ ਮਿਠਾਸ ਤੇ ਧਾਰਮਿਕ ਬਿਰਤੀ ’ਚ ਪੂਰੀ ਤਰ੍ਹਾਂ ਰੰਗੀ ਹੋਈ ਸੀ। ਇਹੋ ਹੀ ਦਾਈ ਗੁਰੂ ਨਾਨਕ ਦੇਵ ਜੀ ਦੀ ਦਾਈ ਸੀ। ਰਿਸ਼ਤੇ ਵਿਚ ਇਹ ਭਾਈ ਮਰਦਾਨਾ ਜੀ ਦੇ ਤਾਏ ਦੀ ਲੜਕੀ ਸੀ। ਗੁਰੂ ਸਾਹਿਬ ਨੇ ਜਨਮ ਸਮੇਂ ਚਿਹਰੇ ਦੀ ਮੁਸਕਰਾਹਟ ਦੇਖ ਕੇ ਮਾਈ ਦੌਲਤਾਂ ਨੇ ਭਵਿੱਖਬਾਣੀ ਕੀਤੀ ਸੀ, “ਇਹ ਬਾਲਕ ਜੱਗ ਦਾ ਨੂਰ ਐ।”

ਗੁਰੂ ਨਾਨਕ ਦੇਵ ਜੀ ਦਾ ਮਾਈ ਨਾਲ ਕਾਫ਼ੀ ਸਨੇਹ ਸੀ। ਇਕ ਵਾਰ ਗੁਰੂ ਜੀ ਈਦ ਵਾਲੇ ਦਿਨ ਮਾਈ ਦੌਲਤਾਂ ਕੋਲ਼ ਜਾ ਪਹੁੰਚੇ ਤੇ ਮਿੱਠੀਆਂ ਸੇਵੀਆਂ ਖਾਣ ਦੀ ਇੱਛਾ ਜ਼ਾਹਰ ਕੀਤੀ ਤਾਂ ਮਾਈ ਕਹਿਣ ਲੱਗੀ, “ਤੁਸੀਂ ਉੱਚ ਜਾਤੀ ਦੇ ਹਿੰਦੂ ਹੋ ਤੇ ਮੈਂ ਗ਼ਰੀਬ ਮੀਰ ਆਲਮ, ਇਸ ਲਈ ਇਹ ਖਾਣਾ ਤੁਹਾਡੇ ਲਈ ਨਹੀਂ ਹੈ…।” ਗੁਰੂ ਜੀ ਨੇ ਇੱਕ ਨਾ ਮੰਨੀ। ਮਾਈ ਦੌਲਤਾਂ ਦੇ ਸਵਾਲਾਂ ਨੂੰ ਤਰਕਵਾਦੀ ਜਵਾਬਾਂ ਨਾਲ ਮਨਾ ਲਿਆ ਤੇ ਮਾਈ ਦੌਲਤਾਂ ਤੋਂ ਸੇਵੀਆਂ ਲੈ ਕੇ ਖਾਣ ਲੱਗੇ। ਉਦੋਂ ਗੁਰੂ ਨਾਨਕ ਦੇਵ ਜੀ ਦੀ ਉਮਰ ਲਗਭਗ 6 ਸਾਲ ਦੱਸੀ ਜਾਂਦੀ ਹੈ।

 

ਰਾਇ ਬੁਲਾਰ ਖ਼ਾਨ

ਤਲਵੰਡੀ (ਨਨਕਾਣਾ ਸਾਹਿਬ) ਦਾ ਜਗੀਰਦਾਰ ਸੀ ਰਾਇ ਬੁਲਾਰ ਖ਼ਾਨ। ਉਂਝ ਇਨ੍ਹਾਂ ਦਾ ਖ਼ਾਨਦਾਰ ਭੱਟੀ ਰਾਜਪੂਤ ਸੀ ਤੇ ਬਾਅਦ ਵਿਚ ਇਸਲਾਮ ਕਬੂਲ ਕਰ ਲਿਆ ਸੀ। ਗੁਰੂ  ਨਾਨਕ ਸਾਹਿਬ ਦੇ ਪਿਤਾ ਮਹਿਤਾ ਕਾਲੂ ਜੀ ਰਾਇ ਬੁਲਾਰ ਖ਼ਾਨ ਦੇ ਮਾਲ ਮਹਿਕਮੇ ਵਿਚ ਅਹਿਲਕਾਰ ਸਨ। ਗੁਰੂ ਜੀ ਦੇ ਰੱਬੀ ਨੂਰ ਦੀ ਤਸਦੀਕ ਕਰਨ ਵਾਲ਼ੇ ਚਾਰ ਇਨਸਾਨ ਦੱਸੇ ਜਾਂਦੇ ਹਨ, ਜਿਨ੍ਹਾਂ ’ਚ ਗੁਰੂ ਜੀ ਦੀ ਭੈਣ ਬੀਬੀ ਨਾਨਕੀ, ਜੋ ਗੁਰੂ ਜੀ ਤੋਂ ਚਾਰ ਸਾਲ ਵੱਡੇ ਸਨ; ਭਾਈ ਮਰਦਾਨਾ ਜੀ, ਜੋ ਗੁਰੂ ਜੀ ਤੋਂ ਦਸ ਸਾਲ ਵੱਡੇ ਸਨ; ਰਾਇ ਬੁਲਾਰ, ਜੋ ਗੁਰੂ ਜੀ ਤੋਂ ਕਰੀਬ ਪੱਚੀ ਸਾਲ ਵੱਡੇ ਸਨ ਅਤੇ ਮਾਈ ਦੌਲਤਾਂ, ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੀ ਦਾਈ ਹੋਣ ਦਾ ਮਾਣ ਹਾਸਲ ਹੋਇਆ।

ਰਾਇ ਬੁਲਾਰ ਨੇ ਬਾਲ ਉਮਰ ’ਚ ਗੁਰੂ ਜੀ ਦੇ ਰੱਬੀ ਨੂਰ ਹੋਣ ਦਾ ਤਸਦੀਕ ਕੀਤਾ ਸੀ, ਜਿਸ ਬਾਰੇ ਪਿਤਾ ਮਹਿਤਾ ਕਾਲੂ ਅਸਲੋਂ ਬੇ-ਖ਼ਬਰ ਸਨ। ਜਦੋਂ ਗੁਰੂ ਨਾਨਕ ਦੇਵ ਜੀ ਦਾ ਪੜ੍ਹਾਈ ਵਿਚ ਮਨ ਨਾ ਲੱਗਦਾ ਦੇਖਿਆ ਤਾਂ ਮਾਪਿਆਂ ਨੇ ਗੁਰੂ ਜੀ ਨੂੰ ਪਸ਼ੂ ਚਾਰਨ ਭੇਜ ਦਿੱਤਾ। ਗੁਰੂ ਜੀ ਸੌਂ ਗਏ ਤਾਂ ਪਸ਼ੂਆਂ ਨੇ ਫ਼ਸਲਾਂ ਉਜਾੜ ਦਿੱਤੀਆਂ।

ਇਕ ਵਾਰ ਗੁਰੂ ਨਾਨਕ ਦੇਵ ਜੀ ਮੱਝਾਂ ਚਰਾ ਰਹੇ ਸਨ ਤੇ ਰਾਇ ਬੁਲਾਰ ਨੇੜਿਓਂ ਗੁਜ਼ਰ ਰਹੇ ਸਨ। ਉਨ੍ਹਾਂ ਨੇ ਬਾਬੇ ਨਾਨਕ ਕੋਲ਼ ਜਾ ਕੇ ਹੱਥ ਜੋੜ ਫ਼ਤਿਹ ਬੁਲਾਈ ਤੇ ਕਿਹਾ, “ਤੁਸੀਂ ਮੇਰੀ ਮੁਰਾਦ ਪੂਰੀ ਕਰੋ, ਮੈਂ ਜਾਣਦਾ ਹਾਂ ਕਿ ਖ਼ੁਦਾ ਨੇ ਵਡਿਆਈ ਤੁਹਾਨੂੰ ਬਖ਼ਸ਼ੀ ਐ। ਤੁਸੀਂ ਦੀਨ-ਦੁਨੀਆਂ ਤੋਂ ਜਾਣੀ ਜਾਣ, ਮੇਰੀ ਦਿਲੀ ਮੁਰਾਦ ਪੂਰੀ ਕਰੋ।” ਗੁਰੂ ਜੀ ਨੇ ਅਸੀਸ ਦਿੱਤੀ। ਸਾਲ ਮਗਰੋਂ ਰਾਇ ਬੁਲਾਰ ਦੇ ਘਰ ਪੁੱਤਰ ਨੇ ਜਨਮ ਲਿਆ। ਰਾਇ ਬੁਲਾਰ ਖੁਸ਼ੀ ’ਚ ਫੁੱਲਿਆ ਨਾ ਸਮਾਇਆ। ਭਾਰੀ ਇਕੱਠ ਜੁੜਿਆ ਸੀ। ਦੌਲਤ ਖ਼ਾਨ ਸਾਹਿਬ ਨਵਾਬ ਵੀ ਪਹੁੰਚੇ। ਰਾਇ ਬੁਲਾਰ ਨੇ ਆਪਣੀ ਅੱਧੀ ਜ਼ਮੀਨ ਗੁਰੂ ਨਾਨਕ ਦੇਵ ਜੀ ਦੇ ਨਾਂ ਕਰ ਦੇਣ ਦਾ ਐਲਾਨ ਕਰ ਦਿੱਤਾ, ਜੋ ਉਸ ਸਮੇਂ ਲਗਭਗ ਸਾਢੇ ਸੱਤ ਸੌ ਮੁਰੱਬੇ ਬਣਦੀ ਸੀ। ਮਾਲ ਰਿਕਾਰਡ ਅਨੁਸਾਰ ਇਨ੍ਹਾਂ ਮੁਰੱਬਿਆਂ ਵਿਚ ਗੁਰੂ ਬਾਬਾ ਨਾਨਕ ਖੇਤੀ ਕਰਦਾ ਹੈ।

ਬਾਬਾ ਜੀ ਦਾ ਧਿਆਨ ਪੜ੍ਹਾਈ ਵਿਚ ਨਾ ਹੋਣ ਕਰਕੇ ਮਹਿਤਾ ਕਾਲੂ (ਕਲਿਆਣ ਦਾਸ) ਜੀ ਨੂੰ ਉਦਾਸੀ ਨੇ ਘੇਰ ਲਿਆ। ਉਨ੍ਹਾਂ ਵਿਚਾਰ ਕੀਤਾ ਕਿ ਹੱਟੀ ਕਰਾ ਦਿੰਦੇ ਹਾਂ। ਮਹਿਤਾ ਕਾਲੂ ਜੀ ਨੇ 20 ਰੁਪਏ ਦੇ ਕੇ ਵਪਾਰ ਕਰਨ ਲਈ ਭੇਜਿਆ। ਬਾਬਾ ਜੀ ਨੇ ਭੁੱਖੇ ਸਾਧੂਆਂ ਨੂੰ ਭੋਜਨ ਛਕਾ ਕੇ ਫਰਜ਼ ਨਿਭਾਅ ਦਿੱਤਾ। ਜਦੋਂ ਪਿਤਾ ਕਲਿਆਣ ਚੰਦ ਜੀ ਨੂੰ ਇਸ ਗੱਲ ਦਾ ਪਤਾ ਲੱਗਿਆ ਤਾਂ ਗੁੱਸੇ ’ਚ ਲਾਲ-ਪੀਲ਼ੇ ਹੋਣ ਲੱਗੇ, ਬਾਬਾ ਨਾਨਕ ਜੀ ਪਿੰਡੋਂ ਬਾਹਰ ਵਾਰ ਪੀਲੂ ਦੇ ਦਰਖ਼ਤ ਹੇਠ ਭਗਤੀ ਵਿਚ ਲੀਨ ਸਨ। ਪਿਤਾ ਨੇ ਜਾਂਦਿਆਂ ਹੀ ਗੁਰੂ ਦੇ ਚਪੇੜ ਮਾਰੀ। ਜਦੋਂ ਇਹ ਖ਼ਬਰ ਰਾਇ ਬੁਲਾਰ ਕੋਲ ਪਹੁੰਚੀ ਤਾਂ ਉਹ ਦੁਖੀ ਹੋਏ। ਉਨ੍ਹਾਂ ਨੇ ਸੁਨੇਹਾ ਭੇਜ ਕੇ ਕਲਿਆਣ ਦਾਸ ਜੀ ਤੇ ਗੁਰੂ ਨਾਨਕ ਦੇਵ ਜੀ ਨੂੰ ਆਪਣੇ ਕੋਲ ਸੱਦ ਲਿਆ ਤੇ ਕਿਹਾ, “ਮਹਿਤਾ ਜੀ ਮੈਂ ਤੁਹਾਨੂੰ ਸਖ਼ਤ ਤਾਕੀਦ ਕੀਤੀ ਸੀ ਕਿ ਬਾਲਕ ਨੂੰ ਉੱਚਾ ਨ੍ਹੀ ਬੋਲਣਾ। ਅੱਜ ਤਾਂ ਤੁਸੀਂ ਭਾਰੀ ਗੁਸਤਾਖ਼ੀ ਕੀਤੀ, ਜਿਸ ਨਾਲ ਸਾਡੇ ਹਿਰਦੇ `ਤੇ ਭਾਰੀ ਸੱਟ ਵੱਜੀ ਹੈ।” ਪਿਤਾ ਮਹਿਤਾ ਕਾਲੂ ਨੇ ਦੁਖੀ ਮਨ ਨਾਲ ਕਿਹਾ, “ਜੀ ਇਹ ਕਿਸੇ ਕੰਮ ਦਾ ਨਹੀਂ। ਮੈਂ ਰੋਜ਼ ਕਿਵੇਂ ਨੁਕਸਾਨ ਝੱਲਾਂ, ਇਸਨੇ ਵੀਹ ਰੁਪਏ ਉਜਾੜ ਦਿੱਤੇ।” ਰਾਇ ਬੁਲਾਰ ਨੇ ਉਨ੍ਹਾਂ ਨੂੰ ਪੈਸੇ ਸੌਂਪ ਦਿੱਤੇ। ਪਿਤਾ ਨੇ ਪੈਸੇ ਲੈਣੋਂ ਇਨਕਾਰ ਕਰ ਦਿੱਤਾ ਤਾਂ ਤੇ ਕਿਹਾ, “ਅੱਜ ਇਸ ਨੇ ਆਹ ਨੁਕਸਾਨ ਕੀਤਾ ਹੈ, ਕੱਲ੍ਹ ਹੋਰ ਕਰੇਗਾ।” ਰਾਇ ਬੁਲਾਰ ਨੇ ਗੁਰੂ ਜੀ ਦਾ ਹੱਕ ਪੂਰਦਿਆਂ ਕਿਹਾ, “ਸਾਨੂੰ ਸਾਫ ਦਿੱਸਦਾ ਹੈ, ਕੱਲ੍ਹ ਨੂੰ ਦੁਨੀਆਂ ਦੀ ਦੌਲਤ ਦਾ ਦਰਿਆ ਇਸ ਬਾਲਕ ਦਿਆਂ ਹੱਥਾਂ ਥਾਣੀਂ ਵਗੇਗਾ।”

ਭਾਈਆ ਜੈ ਰਾਮ ਸੁਲਤਾਨਪੁਰ ਦੇ ਨਵਾਬ ਦੌਲਤ ਖ਼ਾਨ ਦਾ ਮਾਲ ਅਫਸਰ ਸੀ। ਉਸਦਾ ਰਾਇ ਬੁਲਾਰ ਕੋਲ ਆਉਣ-ਜਾਣ ਰਹਿੰਦਾ ਸੀ। ਇਕ ਵਾਰ ਰਾਇ ਬੁਲਾਰ ਤੇ ਜੈ ਰਾਮ ਬੈਠੇ ਹਵੇਲੀ ਵਿਚ ਗੱਲਾਂ ਕਰ ਰਹੇ ਸਨ। ਰਾਇ ਬੁਲਾਰ ਦੀ ਹਵੇਲੀ ਸਾਹਮਣੇ ਖੂਹ ਸੀ, ਜਿੱਥੋਂ ਸਾਰੇ ਪਾਣੀ ਭਰਦੇ ਸਨ। ਉਥੋਂ ਜਦੋਂ ਬੇਬੇ ਨਾਨਕੀ ਪਾਣੀ ਭਰਨ ਆਈ ਤਾਂ ਜੈ ਰਾਮ ਨੇ ਰਾਇ ਬੁਲਾਰ ਨੂੰ ਪੁੱਛਿਆ ਕਿ ਇਹ ਕਿਸ ਦੀ ਲੜਕੀ ਹੈ। ਰਾਇ ਬੁਲਾਰ ਨੇ ਕਿਹਾ ਕਿ ਬੇਦੀ ਪਟਵਾਰੀ ਕਲਿਆਣ ਜੀ ਦੀ ਸੁਘੜ-ਨੇਕ ਧੀ ਹੈ। ਮੈਨੂੰ ਲੱਗਦਾ ਹੈ ਕਿ ਇਹ ਵਰ ਤੁਹਾਡੇ ਲਾਇਕ ਹੈ। ਤੁਸੀਂ ਆਪਣੇ ਪ੍ਰੋਹਿਤ ਨੂੰ ਸਾਡੇ ਪਾਸ ਭੇਜਣਾ, ਇਧਰੋਂ ਸਾਡੇ ਬੇਦੀਆਂ ਦੇ ਪ੍ਰੋਹਿਤ ਨੂੰ ਅਸੀਂ ਸੱਦ ਲਵਾਂਗੇ। ਇਕਬਾਲ ਸਿੰਘ ਆਪਣੀ ਪੁਸਤਕ, “ਮੁਸਲਮਾਣੁ ਕਹਾਵਣੁ ਮੁਸਕਲੁ” ’ਚ ਲਿਖਦੇ ਹਨ ਕਿ ਬੇਬੇ ਨਾਨਕੀ ਦੀ ਮੰਗਣੀ ਦਾ ਫੈਸਲਾ ਰਾਇ ਬੁਲਾਰ ਦੀ ਹਵੇਲੀ ਵਿਚ ਹੋਇਆ।

ਵਿਆਹ ਮਗਰੋਂ ਜੈਰਾਮ ਬੀਬੀ ਨਾਨਕੀ ਨੂੰ ਲੈ ਕੇ ਆਪਣੇ ਸਹੁਰੇ ਘਰ ਆਇਆ ਤਾਂ ਰਾਇ ਬੁਲਾਰ ਨੂੰ ਮਿਲਣ ਜਾ ਪਹੁੰਚਿਆ। ਜੈ ਰਾਮ ਨੇ ਖੁਸ਼ੀ ’ਚ ਕਿਹਾ, “ਬੁਲਾਰ ਸਾਹਿਬ ਜੇ ਮੈਂ ਤੁਹਾਡੀ ਕੋਈ ਖ਼ਿਦਮਤ ਕਰ ਸਕਦਾ ਹੋਵਾਂ ਤਾਂ ਦੱਸਣਾ।” ਰਾਇ ਬੁਲਾਰ ਨੇ ਜੈ ਰਾਮ ਨੂੰ ਕਿਹਾ, “ਤੁਹਾਡਾ ਸਹੁਰਾ ਸਾਹਿਬ ਬਹੁਤ ਹੀ ਸਖ਼ਤ ਸੁਭਾਅ ਦਾ ਹੈ, ਤੇ ਨਾਨਕ ਵਿਚਾਰਾ ਪੂਰਨ ਫ਼ਕੀਰ। ਜੇ ਤੁਸੀਂ ਉਸ ਨੂੰ ਆਪਣੇ ਪਾਸ ਰੱਖੋ ਤਾਂ ਭਲਾ ਹੋਊ।” ਜੈ ਰਾਮ ਕਹਿਣ ਲੱਗੇ, “ਹੁਣੇ ਹੀ ਆਪਣੇ ਨਾਲ ਲੈ ਜਾਂਦਾ ਹਾਂ।” ਰਾਇ ਬੁਲਾਰ ਬੋਲੇ ਕਿ “ਦੋ-ਤਿੰਨ ਮਹੀਨੇ ਤੱਕ ਭੇਜਾਂਗਾ, ਤੁਸੀਂ ਨਾਨਕ ਦੀ ਕੁੜਮਾਈ ਵੀ ਆਪਣੇ ਵੱਲ ਹੀ ਕਰਨੀ।”

ਵਕਤ ਬੀਤਦਾ ਗਿਆ। ਇਕ ਦਿਨ ਬਾਬਾ ਨਾਨਕ ਖੇਤੋਂ ਘਰ ਨੂੰ ਪਰਤ ਰਿਹਾ ਸੀ। ਰਾਹ ’ਚ ਉਨ੍ਹਾਂ ਦਾ ਮੇਲ ਇਕ ਸੰਨਿਆਸੀ ਨਾਲ ਹੋਇਆ। ਉਸ ਨੇ ਨਾਨਕ ਦੇ ਹੱਥ ਗੜਵਾ ਤੇ ਮੁੰਦੀ ਦੇਖ ਕੇ ਕਿਹਾ, “ਤੂੰ ਕੌਣ ਐਂ?” ਬਾਬੇ ਨਾਨਕ ਦਾ ਜਵਾਬ ਸੀ, “ਨਾਨਕ ਹਾਂ ਮੈਂ, ਨਿਰੰਕਾਰ ਦਾ ਮੁਰੀਦ।” ਸੰਨਿਆਸੀ ਇੰਨਾ ਸੁਣ ਕੇ ਬੋਲਿਆ, “ਮੈਂ ਵੀ ਨਿਰੰਕਾਰੀ ਹਾਂ, ਤੇ ਸਾਡੇ ਵਿਚ ਕੋਈ ਭੇਦ ਨ੍ਹੀਂ।” ਆਪਣੀ ਮੁੰਦਰੀ ਤੇ ਗੜਵਾ ਬਾਬੇ ਨੇ ਉਸ ਸੰਨਿਆਸੀ ਮੁਹਰੇ ਰੱਖ ਦਿੱਤਾ। ਸੰਨਿਆਸੀ ਬੋਲਿਆ, “ਮੈਂ ਤਾਂ ਨਕਲੀ ਸੰਨਿਆਸੀ ਹਾਂ, ਤੂੰ ਅਸਲੀ ਸੰਨਿਆਸੀ ਐਂ। ਮੈਂ ਇਨ੍ਹਾਂ ਦਾ ਹੱਕਦਾਰ ਨਹੀਂ।” ਬਾਬੇ ਨਾਨਕ ਦਾ ਜਵਾਬ ਸੀ, ਸੁੱਟੀ ਹੋਈ ਵਸਤੂ ਦੇਵਤਾ ਮੁੜ ਨਹੀਂ ਚੁੱਕਦਾ। ਬਾਬਾ ਨਾਨਕ ਖ਼ਾਲੀ ਹੱਥ ਘਰ ਪਰਤਿਆ ਦੇਖ ਪਿਤਾ ਫਿਰ ਕ੍ਰੋਧਿਤ ਹੋਏ। ਰਾਇ ਸਾਹਿਬ ਨੇ ਮੌਕਾ ਸਾਂਭਿਆ ਤੇ ਕਹਿਣ ਲੱਗੇ, ਆਪਾਂ ਨਾਨਕ ਨੂੰ ਭਾਈਆ ਜੈ ਰਾਮ ਕੋਲ ਘੱਲ ਦਿੰਦੇ ਹਾਂ। ਰਾਇ ਬੁਲਾਰ ਨੇ ਆਪਣੇ ਵੱਲੋਂ ਨਵਾਬ ਦੌਲਤ ਖ਼ਾਨ ਨੂੰ ਖ਼ਤ ਲਿਖਿਆ ਕਿ ਜਿਸ ਜੁਆਨ ਨੂੰ ਜੈ ਰਾਮ ਤੁਹਾਡੇ ਪਾਸ ਲੈ ਕੇ ਆ ਰਹੇ ਨੇ, ਉਸ ਨੂੰ ਆਦਰ ਸਹਿਤ ਚੰਗੀ ਨੌਕਰੀ ਦੇਣੀ। ਨਵਾਬ ਦੌਲਤ ਖ਼ਾਨ ਨੇ ਬਾਬਾ ਨਾਨਕ ਨੂੰ ਮੋਦੀਖਾਨੇ ਦੀ ਸਾਰੀ ਜ਼ਿੰਮੇਵਾਰੀ ਸੰਭਾਲ ਦਿੱਤੀ।

ਇਸ ਪਿੱਛੋਂ ਗੁਰੂ ਜੀ ਦੀਆਂ ਯਾਤਰਾਵਾਂ ਆਰੰਭ ਹੋਈਆਂ। ਬਾਬੇ ਨਾਨਕ ਦੇ ਸੰਗੀ ਸਨ ਭਾਈ ਮਰਦਾਨਾ ਜੀ। ਵਰ੍ਹੇ ਬੀਤ ਚੁੱਕੇ ਸਨ ਤਲਵੰਡੀ ਪਰਤਿਆਂ ਨੂੰ। ਇਕ ਦਿਨ ਭਾਈ ਲਾਲੋ ਦੇ ਘਰ ਠਹਿਰ ਕੀਤੀ “ਐਮਨਾਬਾਦ” ਤੇ ਭਾਈ ਮਰਦਾਨਾ ਨੂੰ ਕਿਹਾ ਕਿ ਉਹ ਤਲਵੰਡੀ ਜਾ ਕੇ ਪਰਿਵਾਰ ਦਾ ਹਾਲ ਪੁੱਛ ਆਉਣ। ਜਦੋਂ ਭਾਈ ਮਰਦਾਨਾ ਨੇ ਮਹਿਤਾ ਕਾਲੂ ਨੂੰ ਫਤਿਹ ਬੁਲਾਈ ਤਾਂ ਕਹਿਣ ਲੱਗੇ, “ਮਰਦਾਨਿਆ, ਦੇ ਨਾਨਕ ਦੀਆਂ ਖ਼ਬਰਾਂ।” ਮਰਦਾਨਾ ਜੀ ਬੋਲੇ, “ਕੀ ਦੱਸਾਂ ਜੀ, ਗਿਣਤੀ ਹੀ ਨ੍ਹੀਂ ਕੋਈ, ਤੁਹਾਡੇ ਘਰ ਸੂਰਜ, ਚੰਦ ਨੇ ਜਨਮ ਲਿਆ ਹੈ।” ਮਹਿਤਾ ਕਾਲੂ ਕਹਿੰਦੇ, “ਸੁਣ ਲੌ ਸਿਫਤਾਂ, ਮੇਰਾ ਨਾਮ ਡੋਬ`ਤਾ…।”

ਰਾਇ ਬੁਲਾਰ ਨੇ ਭਾਈ ਮਰਦਾਨਾ ਜੀ ਰਾਹੀਂ ਸੁਨੇਹਾ ਘੱਲ ਬਾਬਾ ਨਾਨਕ ਨੂੰ ਕੋਲ਼ ਸੱਦਿਆ। ਗੁਰੂ ਜੀ ਆਪਣੇ ਘਰ ਨਾ ਗਏ, ਸਿੱਧੇ ਰਾਇ ਬੁਲਾਰ ਕੋਲ਼ ਪਹੁੰਚੇ ਸਨ। ਉਹ ਗੱਲੀਂ-ਬਾਤੀਂ ਆਖ ਦਿੰਦੇ ਸਨ, “ਹੈ ਕੋਈ ਸਾਡੇ ਵਰਗਾ ਖ਼ੁਸ਼ਕਿਸਮਤ। ਅਸੀਂ ਉਹ ਕੁਝ ਦੇਖ ਲਿਆ, ਜਿਸ ਦੇ ਦਰਸ਼ਨਾਂ ਲਈ ਦੁਨੀਆਂ ਜੰਗਲਾਂ, ਭੌਰਿਆਂ ’ਚ ਤਪ ਕਰਦੀ ਫਿਰਦੀ ਐ।”

ਰਾਇ ਬੁਲਾਰ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਸੀ ਕਿ ਮੈਨੂੰ ਅੰਤਿਮ ਸਮੇਂ ਦਰਸ਼ਨਾਂ ਦੀ ਭੁੱਖ ਐ ਤੇ ਮੇਰਾ ਦੁਨੀਆਵੀ ਚੱਕਰ ਖ਼ਤਮ ਕਰੋ। ਗੁਰੂ ਨਾਨਕ ਦੇਵ ਜੀ ਨੇ ਬਚਨ ਕੀਤੇ, “ਅਕਾਲ ਪੁਰਖ ਤੁਹਾਡੇ ਅੰਗ-ਸੰਗ ਰਹੇਗਾ।” ਲਗਭਗ 1515 ਈ. ਵਿਚ ਰਾਇ ਬੁਲਾਰ ਸਾਹਿਬ ਅੱਲ੍ਹਾ ਨੂੰ ਪਿਆਰੇ ਹੋ ਗਏ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਦੀਆਂ ਪੀੜ੍ਹੀਆਂ ਅੱਜ ਵੀ ਲਹਿੰਦੇ ਪੰਜਾਬ ਵਿਚ ਰਹਿ ਰਹੀਆਂ ਹਨ।

Leave a Reply

Your email address will not be published. Required fields are marked *