“ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੌਜਵਾਨ ਲੇਖਕ ਅਲੀ ਰਾਜਪੁਰਾ ਵਲੋਂ ਖੋਜ ਕਰ ਕੇ ਤਿਆਰ ਕੀਤੀ ਗਈ ਭਾਈਚਾਰਕ ਸਾਂਝ ਸਬੰਧੀ ਇੱਕ ਪੜ੍ਹਨਯੋਗ ਪੁਸਤਕ ਹੈ। ਲੇਖਕ ਅਨੁਸਾਰ ਇਸ ਵਿਸ਼ੇ ਸਬੰਧੀ ਪਹਿਲਾਂ ਪ੍ਰਕਾਸ਼ਿਤ ਪੁਸਤਕਾਂ ਵਿਚੋਂ ਹਵਾਲੇ ਦੇਣ ਦੀ ਥਾਂ ਉਸ ਨੇ ਸਬੰਧਤ ਸਮੁੱਚੀਆਂ ਥਾਂਵਾਂ ਉਤੇ ਜਾ ਕੇ ਵੇਰਵੇ ਇਕੱਤਰ ਕੀਤੇ ਹਨ। ਕੁਝ ਵਰ੍ਹੇ ਪਹਿਲਾਂ ਲਿਖੀ ਉਸ ਦੀ ਧਾਰਮਿਕ ਪੁਸਤਕ “ਵੱਡਾ ਘੱਲੂਘਾਰਾ: 1762 ਦਾ ਸ਼ਹੀਦੀ ਸਾਕਾ” ਦੇ ਦੋ ਐਡੀਸ਼ਨਾਂ ਦੀਆਂ ਕਰੀਬ ਪੰਦਰਾਂ ਹਜ਼ਾਰ ਕਾਪੀਆਂ ਮੁਫਤ ਵੰਡੀਆਂ ਜਾ ਚੁੱਕੀਆਂ ਹਨ। ਉਸ ਦੀ ਇੱਕ ਪੁਸਤਕ “ਹਿਜਰ ਤੈਂਡੜਾ” ਉਤੇ ਐੱਮ. ਫਿਲ ਹੋ ਚੁੱਕੀ ਹੈ ਅਤੇ ਉਸ ਦੀਆਂ ਕੁਝ ਪੁਸਤਕਾਂ ਦਾ ਹਿੰਦੀ, ਉਰਦੂ ਅਤੇ ਅੰਗਰੇਜ਼ੀ ਵਿੱਚ ਅਨੁਵਾਦ ਹੋ ਚੁੱਕਾ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸਮੇਂ 15 ਅਗਸਤ 2017 ਦੇ ਦਿਨ ਸੁਤੰਤਰਤਾ ਦਿਵਸ ਨੂੰ ਸਮਰਪਿਤ ਗੁਰਦਾਸਪੁਰ ਵਿੱਚ ਹੋਏ ਸੂਬਾ ਪੱਧਰੀ ਸਮਾਗਮ ਵਿੱਚ ਅਲੀ ਰਾਜਪੁਰਾ ਨੂੰ “ਸਟੇਟ ਐਵਾਰਡ” ਨਾਲ ਨਿਵਾਜਿਆ ਗਿਆ ਸੀ। ਉਹ ਜ਼ਿਲ੍ਹਾ ਪਟਿਆਲਾ ਦੇ ਪਿੰਡ ਗੁਰਦਿੱਤਪੁਰਾ (ਨੱਤਿਆਂ) ਦਾ ਜੰਮਪਲ ਹੈ, ਪਰ ਰਹਿੰਦਾ ਰਾਜਪੁਰਾ ਹੈ; ਤੇ ਅਸਲ ਨਾਂ ਅਲੀ ਮੁਹੰਮਦ ਹੈ। ਉਸ ਦੀਆਂ ਚਰਚਿਤ ਪੁਸਤਕਾਂ ਵਿੱਚ ‘ਕਰਮੋ’, ‘ਕਲਪਦੀਆਂ ਰੂਹਾਂ’, ‘ਲੋਕ ਕਥਾਵਾਂ ਦਾ ਬਾਦਸ਼ਾਹ ਕੁਲਦੀਪ ਮਾਣਕ’, ‘ਕਵੀਸ਼ਰੀ ਦਾ ਥੰਮ੍ਹ ਰਣਜੀਤ ਸਿੰਘ ਸਿੱਧਵਾਂ’, ‘ਕਵੀਸ਼ਰ ਜੋਗਾ ਸਿੰਘ ਜੋਗੀ: ਜੀਵਨ ਤੇ ਰਚਨਾ’, ‘ਪੰਜਾਬੀ ਗਾਇਕੀ ਦੇ ਸੱਤ ਸਮੁੰਦਰ’, ‘ਪੰਜਾਬੀ ਭਾਸ਼ਾ ਦਾ ਭਵਿੱਖ’, ‘ਗਦਰ ਇਤਿਹਾਸ 1914’, ‘ਵੱਡਾ ਘੱਲੂਘਾਰਾ: 1762 ਦਾ ਸ਼ਹੀਦੀ ਸਾਕਾ’, ‘ਕਿੱਸਾਕਾਰੀ ਦਾ ਕਿੱਸਾ ਕਰਨੈਲ ਸਿੰਘ ਰਾਮੂਵਾਲੀਆ’ ਸ਼ਾਮਲ ਹਨ। ਉਹ ਹੁਣ ਤੱਕ 19 ਪੁਸਤਕਾਂ ਲਿਖ ਚੁੱਕਾ ਹੈ। ਅਸੀਂ ਸੁਹਿਰਦ ਪਾਠਕਾਂ ਲਈ “ਸਿੱਖਾਂ ਤੇ ਮੁਸਲਮਾਨਾਂ ਦੀ ਇਤਿਹਾਸਕ ਸਾਂਝ” ਪੁਸਤਕ ਨੂੰ ‘ਪੰਜਾਬੀ ਪਰਵਾਜ਼’ ਵਿੱਚ ਲੜੀਵਾਰ ਛਾਪਣ ਦੀ ਖੁਸ਼ੀ ਲੈ ਰਹੇ ਹਾਂ…
ਅਲੀ ਰਾਜਪੁਰਾ
ਫੋਨ: +91-94176-79302
ਸੁਲਤਾਨ ਹਮੀਦ
ਸੁਲਤਾਨ ਹਮੀਦ ਹੰਕਾਰੀ ਰਾਜਾ ਸੀ, ਜਿਸ ਦੇ ਦਿਲ ਵਿਚ ਫ਼ਕੀਰਾਂ-ਪੀਰਾਂ ਲਈ ਕੋਈ ਜਗ੍ਹਾ ਨਹੀਂ ਸੀ। ਉਹ ਕੱਟੜ ਖ਼ਿਆਲਾਂ ਦਾ ਧਾਰਨੀ ਸੀ। ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਦੀਨੇ ਤੋਂ ਵਾਪਸੀ ਵੇਲੇ ਕਾਹਿਰਾ ਗਏ ਤਾਂ ਉਨ੍ਹਾਂ ਦਾ ਮੇਲ ਸੁਲਤਾਨ ਹਮੀਦ ਨਾਲ ਹੋਇਆ ਸੀ। ਗੁਰੂ ਜੀ ਨਾਲ ਉਸ ਦੀ ਲੰਬੀ ਵਿਚਾਰ-ਚਰਚਾ ਹੋਈ। ਗੁਰੂ ਜੀ ਨੇ ਵਿਚਾਰ-ਚਰਚਾ ਦੌਰਾਨ ਦੱਸਿਆ, “ਰੱਬ ਬੰਦਿਆ ਤੋਂ ਵੱਖਰਾ ਹੋ ਕੇ ਅਸਮਾਨ ਵਿੱਚ ਕਿਤੇ ਲੁਕ ਕੇ ਨਹੀਂ ਬੈਠਾ, ਉਹ ਤਾਂ ਕੁਦਰਤ ਦੇ ਕਣ-ਕਣ ਵਿੱਚ ਸਮਾਇਆ ਹੋਇਆ ਹੈ। ਉਹ ਕੁਦਰਤ ਦਾ ਖੁਦ ਰਚਨਹਾਰ ਹੈ। ਮੁਸਲਮਾਨਾਂ ਨੂੰ ਸਿਰਫ ਸ਼ਰ੍ਹਾ ਅਤੇ ਸ਼ਰੀਅਤ ਨੂੰ ਪੜ੍ਹਨਾ ਤੇ ਪੜ੍ਹਾਉਣਾ ਹੀ ਕਾਫ਼ੀ ਨਹੀਂ ਹੈ, ਹਰ ਮੁਸਲਮਾਨ ਨੂੰ ਸ਼ਰੀਅਤ `ਤੇ ਅਮਲ ਵੀ ਕਰਨਾ ਚਾਹੀਦਾ ਹੈ। ਸੱਚ ਦੇ ਰਾਹ `ਤੇ ਤੁਰਨਾ ਸਜਦੇ ਦੇ ਬਰਾਬਰ ਹੈ।” ਗੁਰੂ ਜੀ ਹਮੀਦ ਦੀ ਵਿਚਾਰਧਾਰਾ ਤੋਂ ਜਲਦੀ ਜਾਣੂੰ ਹੋ ਗਏ ਅਤੇ ਉਨ੍ਹਾਂ ਨੇ ਉਸ ਨੂੰ ਹੰਕਾਰ, ਕੱਟੜਤਾ, ਲੋਭ-ਲਾਲਸਾ ਤੇ ਜ਼ੁਲਮ ਤਿਆਗ ਕੇ ਸਦਾ ਨਿਵ ਦੇ ਚੱਲਣ ਦੀ ਸਲਾਹ ਦਿੱਤੀ। ਉਹ ਗੁਰੂ ਜੀ ਦੇ ਵਿਚਾਰਾਂ ਤੋਂ ਪ੍ਰਭਾਵਿਤ ਹੋ ਗੁਰੂ ਜੀ ਦੇ ਲੜ ਲੱਗ ਗਿਆ।
ਬਾਬਰ
ਮੱਕਾ ਮਦੀਨਾ ਦੀ ਉਦਾਸੀ, ਜਿਸ ਨੂੰ ਮੁਸਲਮਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਹੱਜ ਯਾਤਰਾ ਵੀ ਕਹਿੰਦੇ ਹਨ, ਤੋਂ ਵਾਪਸੀ ਵੇਲ਼ੇ ਗੁਰੂ ਜੀ ਨੇ ਭਾਈ ਲਾਲੋ ਕੋਲ ਠਹਿਰ ਕੀਤੀ ਸੀ। ਗੁਰੂ ਜੀ ਨੇ ਕਾਬਲ ਕੰਧਾਰ ਦੇ ਹਾਲਾਤਾਂ ਨੂੰ ਦੇਖ ਕੇ ਭਵਿੱਖਵਾਣੀ ਕਰ ਦਿੱਤੀ ਸੀ ਕਿ ਬਾਬਰ “ਜ਼ੁਲਮ ਦੀ ਜੰਝ ਲੈ ਕੇ ਹਿੰਦੋਸਤਾਨ ਦਾ ਅਮਨ ਆਮਾਨ ਵਿਆਹੁਣ ਆ ਰਿਹਾ ਹੈ,” ਜਿਸ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂ ਸਾਹਿਬ ਦਾ ਸ਼ਬਦ ਹੈ:
ਜੈਸੀ ਮੈ ਆਵੈ ਖਸਮ ਕੀ ਬਾਣੀ
ਤੈਸੜਾ ਕਰੀ ਗਿਆਨੁ ਵੇ ਲਾਲੋ॥
ਪਾਪਾ ਕੀ ਜੰਞ ਲੈ ਕਾਬਲਹੁ ਧਾਇਆ
ਜੋਰੀ ਮੰਗੈ ਦਾਨ ਵੇ ਲਾਲੋ॥
ਸਰਮੁ ਧਰਮੁ ਦੁਇ ਛਪਿ ਖਲੋਏ
ਕੂੜੁ ਫਿਰੈ ਪਰਧਾਨੁ ਵੇ ਲਾਲੋ॥ (ਅੰਗ 722)
ਕਿਉਂਕਿ ਉਸ ਸਮੇਂ ਹਾਕਮ ਆਪਣੀ ਪ੍ਰਜਾ ਪ੍ਰਤੀ ਫ਼ਰਜ਼ਾਂ ਨੂੰ ਭੁੱਲ ਕੇ ਆਪੋਧਾਪੀ, ਐਸ਼-ਪ੍ਰਸਤੀ ਵਿਚ ਪੈ ਚੁੱਕੇ ਸਨ। ਕੁਝ ਸਾਖੀਆਂ ਅਨੁਸਾਰ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਐਮਨਾਬਾਦ ਸਨ ਤਾਂ ਬਾਬਰ ਨੇ ਉੱਥੋਂ ਦੇ ਵਸਨੀਕਾਂ ਤੇ ਗੁਰੂ ਜੀ ਨੂੰ ਬੰਦੀ ਬਣਾ ਲਿਆ। ਲੋਕ ਰੋ ਰਹੇ ਸਨ। ਗੁਰੂ ਜੀ, ਭਾਈ ਮਰਦਾਨਾ ਤੇ ਭਾਈ ਲਾਲੋ ਸ਼ੁਕਰ ਦੇ ਗੀਤ ਗਾ ਰਹੇ ਸਨ, ਕਿਉਂਕਿ ਇਸ ਬਾਰੇ ਗੁਰੂ ਜੀ ਪਹਿਲਾਂ ਹੀ ਜਾਣੂੰ ਸਨ। ਗੁਰੂ ਜੀ ਦਾ ਕਹਿਣਾ ਸੀ ਕਿ ਦੇਸ਼ ਆਪਣੀ ਅਣਗਹਿਲੀ ਦੀ ਸਜ਼ਾ ਭੁਗਤ ਰਿਹਾ ਹੈ। ਜਦੋਂ ਬਾਬਰ ਨੇ ਇਨ੍ਹਾਂ ਨੂੰ ਸ਼ੁਕਰ ਦੇ ਗੀਤ ਗਾਉਂਦਿਆਂ ਸੁਣਿਆ ਤਾਂ ਗੁਰੂ ਜੀ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ। ਗੁਰੂ ਜੀ ਨੇ ਆਪਣੀ ਇਕੱਲਿਆਂ ਦੀ ਰਿਹਾਈ ਤੋਂ ਜਵਾਬ ਦੇ ਦਿੱਤਾ। ਬਾਬਰ ਨੇ ਗੁਰੂ ਜੀ ਦੇ ਕਹਿਣ ‘ਤੇ ਸਭ ਨੂੰ ਰਿਹਾਅ ਕਰ ਦਿੱਤਾ ਤੇ ਕਿਹਾ ਕਿ ਮੈਨੂੰ ਆਪ ਜੀ ਦੀ ਰੂਹ ‘ਚੋਂ ਖ਼ੁਦਾ ਦੇ ਦੀਦਾਰ ਹੋਏ ਹਨ। ਬਾਬਰ ਰਿਹਾਈ ਪਿੱਛੋਂ ਕਹਿਣ ਲੱਗਿਆ, “ਮੈਨੂੰ ਕੋਈ ਉਪਦੇਸ਼ ਦਿਓ।” ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, “ਸਹੀ ਫ਼ੈਸਲਿਆਂ ਨਾਲ ਨਿਆਂ ਕਰੋ, ਭਲੇ-ਬੰਦਗੀ ਵਾਲੇ ਇਨਸਾਨਾਂ ਦਾ ਸਤਿਕਾਰ ਕਰੋ, ਤੈਨੂੰ ਸ਼ਰਾਬ ਦਾ ਸੇਵਨ ਬਿਲਕੁਲ ਛੱਡ ਦੇਣਾ ਚਾਹੀਦਾ ਏ, ਜੂਆ ਸੱਚੇ ਮੁਸਲਮਾਨ ਲਈ ਹਰਾਮ ਹੈ।” ਬਾਬਰ ਗੁਰੂ ਜੀ ਦੇ ਉਪਦੇਸ਼ਾਂ ‘ਤੇ ਅਮਲ ਕਰਦਾ ਹੋਇਆ ਸਾਰੇ ਐਬ ਤਿਆਗ ਕੇ ਗੁਰੂ ਜੀ ਦੇ ਲੜ ਲੱਗ ਗਿਆ।
ਖ਼ਲੀਫਾ ਬੱਕਰ
ਗੁਰੂ ਨਾਨਕ ਦੇਵ ਜੀ ਉਦਾਸੀਆਂ ਦੌਰਾਨ ਜਦੋਂ ਬਗਦਾਦ ਪਹੁੰਚੇ ਤਾਂ ਪੂਰਬ ਵੱਲ ਪਹਾੜੀ ਹੇਠਾਂ ਬਿਰਾਜਮਾਨ ਹੋਏ। ਗੁਰੂ ਜੀ ਨੇ ਇਸ ਅਸਥਾਨ ਉੱਤੇ ਬੈਠ ਕੇ ਬੰਦਗੀ ਕਰਨੀ ਸ਼ੁਰੂ ਕਰ ਦਿੱਤੀ। ਸ੍ਰੀ ਗੁਰੂ ਨਾਨਕ ਦੇਵ ਜੀ ਬਾਰੇ ਜਦੋਂ ਖ਼ਲੀਫਾ ਬੱਕਰ ਨੂੰ ਪਤਾ ਲੱਗਿਆ ਤਾਂ ਉਹ ਵੀ ਗੁਰੂ ਜੀ ਦੇ ਦਰਸ਼ਨਾਂ ਲਈ ਆਇਆ। ਖ਼ਲੀਫਾ ਬੱਕਰ ਇੱਕ ਮੁਸਲਮਾਨ ਬਾਦਸ਼ਾਹ ਸੀ, ਜੋ ਕਰਾਮਤਾਂ ਵਿਚ ਯਕੀਨ ਰੱਖਦਾ ਸੀ। ਖ਼ਲੀਫਾ ਦੇ ਦਾਦਾ ਜੀ ਦਾ ਨਾਂ ਖ਼ਲੀਫਾ ਵਲੀਦ ਸੀ। ਇਹ ਆਪ ਅਬਦੁੱਲ ਰਹਿਮਾਨ ਦਾ ਉਸਤਾਦ ਸੀ। ਇਸ ਦਾ ਸੁਭਾਅ ਕਠੋਰ ਸੀ ਤੇ ਇਹ ਬਗਦਾਦ ਫੇਰੀ ਪਾਉਣ ਆਏ ਫਕੀਰਾਂ-ਸਾਧੂਆਂ ਨੂੰ ਕੈਦ ਕਰ ਲੈਂਦਾ ਸੀ। ਜਦੋਂ ਇਹ ਗੁਰੂ ਜੀ ਦੇ ਕੋਲ ਦਰਸ਼ਨਾਂ ਲਈ ਆਇਆ ਤਾਂ ਗੁਰੂ ਜੀ ਨੂੰ ਕਰਾਮਾਤ ਦਿਖਾਉਣ ਲਈ ਕਹਿਣ ਲੱਗਿਆ। ਗੁਰੂ ਜੀ ਬੋਲੇ ਕਿ ਸਾਧੂ-ਸੰਤ ਨੂੰ ਕਰਾਮਾਤਾਂ ਨਹੀਂ ਦਿਖਾਉਣੀਆਂ ਚਾਹੀਦੀਆਂ, ਤੂੰ ਰੱਬ ਤੋਂ ਡਰ, ਕੈਦ ਕੀਤੇ ਸਾਧੂ-ਸੰਤ ਰੱਬ ਦੇ ਬੰਦੇ ਹਨ, ਤੂੰ ਇਨ੍ਹਾਂ ਨੂੰ ਰਿਹਾਅ ਕਰ ਦੇ। ਰੱਬ ਤੈਨੂੰ ਪੁੱਤਰ ਦੀ ਦਾਤ ਬਖ਼ਸ਼ੇਗਾ। ਖ਼ਲੀਫਾ ਗੁਰੂ ਜੀ ਦੇ ਬੋਲ ਸੁਣ ਕੇ ਹੈਰਾਨ ਹੋ ਗਿਆ। ਉਸ ਦੇ ਕੈਦ ਕੀਤੇ ਸਾਧੂ-ਫ਼ਕੀਰ ਰਿਹਾਅ ਕਰ ਦਿੱਤੇ। ਉਹ ਪੱਕੇ ਤੌਰ ‘ਤੇ ਗੁਰੂ ਜੀ ਦਾ ਸ਼ਰਧਾਲੂ ਬਣ ਗਿਆ।
ਸਾਈਂ ਬੁੱਢਣ ਸ਼ਾਹ
ਕੀਰਤਪੁਰ ਸਾਹਿਬ, ਸਤਲੁਜ ਦਰਿਆ ਦੇ ਨੇੜੇ ਇਕ ਪਹਾੜੀ ‘ਤੇ ਸਾਈਂ ਬੁੱਢਣ ਸ਼ਾਹ ਨਾਂ ਦਾ ਫ਼ਕੀਰ ਰਹਿੰਦਾ ਸੀ। ਜਿਸ ਨੇ ਬੱਕਰੀਆਂ ਤੇ ਸ਼ੇਰ ਇਕੱਠੇ ਰੱਖੇ ਹੋਏ ਦੱਸੇ ਜਾਂਦੇ ਹਨ। ਉਦਾਸੀਆਂ ਕਰਨ ਵੇਲ਼ੇ ਇਨ੍ਹਾਂ ਦਾ ਮੇਲ ਗੁਰੂ ਨਾਨਕ ਦੇਵ ਜੀ ਨਾਲ ਹੋਇਆ। ਸਾਈਂ ਬੁੱਢਣ ਸ਼ਾਹ ਨੇ ਗੁਰੂ ਜੀ ਨੂੰ ਕਿਹਾ ਕਿ ਇਸ ਤਰ੍ਹਾਂ ਰੱਬ ਦੀ ਬੰਦਗੀ ਕਰਨੀ ਔਖੀ ਹੈ। ਬੰਦਗੀ ਲਈ ਇਕਾਂਤ-ਇਕਾਗਰਤਾ ਦਾ ਹੋਣਾ ਬਹੁਤ ਜ਼ਰੂਰੀ ਹੈ। ਇੰਨਾ ਸੁਣ ਕੇ ਗੁਰੂ ਜੀ ਨੇ ਕਿਹਾ ਕਿ ਸਭ ਤੋਂ ਵੱਡੀ ਇਕਾਂਤ-ਇਕਾਗਰਤਾ ਮਨੁੱਖ ਨੂੰ ਹਰ ਘੜੀ ਆਪਣੇ ਸਾਹਾਂ ਦੇ ਨੇੜੇ ਮਹਿਸੂਸ ਕਰਨਾ ਚਾਹੀਦਾ ਹੈ, ਜਿਸ ਨਾਲ ਉਸ ਦੀ ਸੁਰਤੀ ਭੰਗ ਨਾ ਹੋਵੇ। ਸਤਿਸੰਗਤ ਕਰਨ ਨਾਲ ਜੀਵਨ ਰੂਪੀ ਫੁੱਲ ਪੱਕਦਾ ਹੈ। ਸਾਈਂ ਜੀ ਗੁਰੂ ਜੀ ਦੇ ਬਚਨਾਂ ਤੋਂ ਪ੍ਰਭਾਵਿਤ ਹੋਏ ਤੇ ਕਹਿਣ ਲੱਗੇ ਕਿ ਆਪ ਜੀ ਹਮੇਸ਼ਾ ਮੇਰੇ ਕੋਲ਼ ਰਹੋ ਤੇ ਮੈਂ ਆਪ ਜੀ ਦੀ ਸੰਗਤ ਕਰਨੀ ਲੋਚਦਾ ਹਾਂ।
ਜਦੋਂ ਸਾਈਂ ਜੀ ਨੇ ਗੁਰੂ ਜੀ ਨੂੰ ਪੀਣ ਲਈ ਦੁੱਧ ਭੇਟ ਕੀਤਾ ਤਾਂ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ, “ਇਹ ਸਾਡੀ ਅਮਾਨਤ ਹੈ, ਅਸੀਂ ਫੇਰ ਛਕਾਂਗੇ…।” ਸਮਾਂ ਪਾ ਕੇ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਕੀਰਤਪੁਰ ਪਹੁੰਚੇ ਤਾਂ ਬੁੱਢਣ ਸ਼ਾਹ ਬੰਦਗੀ ਵਿਚ ਲੀਨ ਸਨ। ਗੁਰੂ ਹਰਿਗੋਬਿੰਦ ਜੀ ਨੇ ਕਿਹਾ, “ਸਾਈਂ ਜੀ ਨੇਤਰ ਖੋਲ੍ਹੋ…।” ਸਾਈਂ ਜੀ ਗੁਰੂ ਜੀ ਨੂੰ ਸਾਹਮਣੇ ਖੜ੍ਹਾ ਦੇਖ ਬਹੁਤ ਖ਼ੁਸ਼ ਹੋਏ। ਸਾਈਂ ਜੀ ਨੇ ਗੁਰੂ ਜੀ ਦੁਆਰਾ ਸੰਭਾਲੀ ਅਮਾਨਤ ਦੁੱਧ ਗੁਰੂ ਹਰਿਗੋਬਿੰਦ ਸਾਹਿਬ ਨੂੰ ਛਕਾਇਆ। ਸਾਈਂ ਜੀ ਦੀ ਉਸ ਜਗ੍ਹਾ ਕਬਰ ਅੱਜ ਵੀ ਮੌਜੂਦ ਹੈ।
ਸ਼ਾਹ ਸ਼ਰਫ
ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜਦੋਂ ਪਾਣੀਪਤ ਵਿਖੇ ਸ਼ੇਖ਼ ਤਤੀਹਾਰ ਕੋਲ਼ ਪਹੁੰਚੇ ਤਾਂ ਉਸ ਨੇ ਗੁਰੂ ਜੀ ਤੇ ਭਾਈ ਮਰਦਾਨਾ ਜੀ ਦੀ ਦਿਲ ਖੋਲ੍ਹ ਕੇ ਆਓ ਭਗਤ ਕੀਤੀ। ਪਾਣੀਪਤ ਵਿਚ ਹੀ ਸ਼ਾਹ ਸ਼ਰਫ ਨਾਂ ਦਾ ਇਕ ਸੂਫ਼ੀ ਫ਼ਕੀਰ ਰਹਿੰਦਾ ਸੀ, ਜਿਸ ਦੀ ਮਾਨਤਾ ਕਾਫ਼ੀ ਸੀ। ਸ਼ਾਹ ਸ਼ਰਫ ਬਾਰੇ ਜਦੋਂ ਗੁਰੂ ਜੀ ਨੂੰ ਪਤਾ ਲੱਗਿਆ ਤਾਂ ਗੁਰੂ ਜੀ ਸ਼ੇਖ਼ ਤਤੀਹਾਰ ਦਰਵੇਸ਼ ਨੂੰ ਨਾਲ ਲੈ ਕੇ ਸ਼ਾਹ ਸ਼ਰਫ ਦੇ ਡੇਰੇ ‘ਤੇ ਪਹੁੰਚ ਗਏ। ਸ਼ਾਹ ਸ਼ਰਫ ਉਂਝ ਸੂਫ਼ੀ ਸੰਤ ਸੀ, ਪਰ ਉਸ ਨੂੰ ਆਪਣੀ ਕਲਾ ‘ਤੇ ਬਹੁਤ ਮਾਣ ਸੀ। ਡੇਰੇ ਪਹੁੰਚਣ ‘ਤੇ ਉਸ ਨੇ ਗੁਰੂ ਜੀ ਨੂੰ ਸਵਾਲ ਕੀਤਾ ਕਿ ਤੁਸੀਂ ਗ੍ਰਹਿਸਥੀਆਂ ਵਾਲਾ ਪਹਿਰਾਵਾ ਕਿਉਂ ਪਹਿਨਿਆ ਹੋਇਆ ਹੈ। ਜਦੋਂ ਤੁਸੀਂ ਸੰਸਾਰ ਤਿਆਗ ਹੀ ਦਿੱਤਾ ਹੈ ਤਾਂ ਫਿਰ ਆਹ ਦਾੜ੍ਹੀ-ਕੇਸ ਕਿਉਂ ਰੱਖੇ ਹੋਏ ਹਨ? ਗੁਰੂ ਸਾਹਿਬ ਜੀ ਨੇ ਉਸ ਦੇ ਸਵਾਲਾਂ ਦਾ ਜਵਾਬ ਦਿੰਦਿਆ ਕਿਹਾ, “ਅਸਲੀ ਸਾਧੂ-ਸੰਤ ਬਣਨ ਲਈ ਸਿਰ ਨਹੀਂ, ਰੂਹ ਨੂੰ ਮੁੰਨਣਾ ਜ਼ਰੂਰੀ ਹੈ। ਪਹਿਰਾਵਾ ਪਹਿਨ ‘ਤੇ ਬੰਦਾ ਸੰਤ-ਮਹਾਤਮਾ ਨਹੀਂ ਬਣ ਜਾਂਦਾ, ਨੇਕ ਕਿਰਤ-ਕਮਾਈ ਬੰਦੇ ਨੂੰ ਉੱਚਾ ਚੁੱਕਦੀ ਹੈ, ਨਾ ਕਿ ਗਰਦਨ ਅਕੜਾਉਣ ਨਾਲ ਬੰਦਾ ਉੱਚਾ ਹੁੰਦਾ ਹੈ…।” ਇਸ ਤਰ੍ਹਾਂ ਗੁਰੂ ਜੀ ਦੀਆਂ ਦਲੀਲਾਂ ਅੱਗੇ ਉਸ ਦੀ ਪੇਸ਼ ਨਾ ਗਈ। ਉਸ ਦਾ ਹੰਕਾਰੀ ਮਨ ਨੀਵਾਂ ਹੋਇਆ ਤੇ ਉਸ ਨੇ ਆਪਣਾ ਆਸਣ ਛੱਡ ਕੇ ਗੁਰੂ ਜੀ ਨੂੰ ਉੱਥੇ ਬੈਠਣ ਲਈ ਬੇਨਤੀ ਕੀਤੀ। ਉਸ ਦਿਨ ਤੋਂ ਮਗਰੋਂ ਸ਼ਾਹ ਸ਼ਰਫ ਗੁਰੂ ਜੀ ਦਾ ਪੱਕਾ ਸ਼ਰਧਾਲੂ ਹੋ ਗਿਆ ਸੀ।
ਰੌਸ਼ਨ ਜ਼ਮੀਰ
ਰੋਸ਼ਨ ਜ਼ਮੀਰ ਖੁਰਮਾ ਦਾ ਰਹਿਣ ਵਾਲ਼ਾ ਪੀਰ ਸੀ, ਜਿਸ ਨੂੰ ਆਪਣੇ-ਆਪ ‘ਤੇ ਬੇਅੰਤ ਭਰਮ ਸੀ ਅਤੇ ਸੁਭਾਅ ਦਾ ਗਰਮ ਸੀ। ਜਦੋਂ ਗੁਰੂ ਨਾਨਕ ਦੇਵ ਜੀ ਬਗਦਾਦ ਤੋਂ ਹੁੰਦੇ ਹੋਏ ਰੌਸ਼ਨ ਜ਼ਮੀਰ ਕੋਲ ਪਹੁੰਚੇ ਤਾਂ ਇਸ ਨੂੰ ਕੁਦਰਤ ਦੀ ਹੋਣੀ ਦੇ ਭੇਦ ਦੱਸੇ। ਆਪਸੀ ਵਿਚਾਰ-ਚਰਚਾ ਵਿਚ ਗੁਰੂ ਜੀ ਨੇ ਮੁਸਲਮਾਨਾਂ ਦੇ ਕਲਮਾ, ਨਮਾਜ਼, ਰੋਜ਼ਾ, ਜ਼ਕਾਤ, ਸਦਕਾ ਸੁੰਨਤ ਤੇ ਫ਼ਰਜ਼ਾਂ ਦਾ ਜ਼ਿਕਰ ਕਰਦਿਆਂ ਕਿਹਾ, “ਇਨ੍ਹਾਂ ਸਾਰੀਆਂ ਰਸਮਾਂ ਤੋਂ ਉਪਰ ਉਠ ਕੇ ਹਰ ਮੁਸਲਮਾਨ ਨੂੰ ਇਸ ਵਿਚਲੇ ਰੂਹਾਨੀ ਸੱਚ ਨੂੰ ਸਮਝਣਾ ਤੇ ਨਿੱਜੀ ਜ਼ਿੰਦਗੀ ਵਿੱਚ ਢਾਲਣ ਦਾ ਯਤਨ ਕਰਨਾ ਚਾਹੀਦਾ ਹੈ।” ਤਾਂ ਰੌਸ਼ਨ ਜ਼ਮੀਰ ਦੁਆਰਾ ਕਈ ਤਰ੍ਹਾਂ ਦੇ ਪਾਏ ਹੋਏ ਭੁਲੇਖੇ ਦੂਰ ਕੀਤੇ ਅਤੇ ਉਸ ਨੇ ਗੁਰੂ ਜੀ ਦੀ ਗੱਲ ਮੰਨ ਕੇ ਨਿਮਰਤਾ ਗ੍ਰਹਿਣ ਕੀਤੀ ਤੇ ਗੁਰੂ ਜੀ ਨੂੰ ਚਾਹੁਣ ਵਾiਲ਼ਆਂ ਦੀ ਮਾਲ਼ਾ ‘ਚ ਸ਼ਾਮਲ ਹੋ ਗਿਆ।
(ਬਾਕੀ ਅਗਲੇ ਅੰਕ ਵਿੱਚ)