ਪਰਮਜੀਤ ਢੀਂਗਰਾ
ਫੋਨ: +91-94173-58120
ਰਾਜਨੀਤੀ ਵਿੱਚ ਕੁਰਸੀ ਸ਼ਬਦ ਬੜਾ ਮਹੱਤਵਪੂਰਨ ਹੈ। ਕਿਹਾ ਜਾਂਦਾ ਹੈ ਕਿ ਅੱਜ ਕੱਲ੍ਹ ਸਾਰੀ ਲੜਾਈ ਕੁਰਸੀ ਦੀ ਹੈ। ਕੁਰਸੀ ਪਿਛੇ ਨੇਤਾ ਇਮਾਨ ਵੇਚ ਦਿੰਦੇ ਹਨ। ਧਨ, ਦੌਲਤ, ਐਸ਼ੋ ਇਸ਼ਰਤ ਦਾ ਇਹ ਪਰਿਆਏਵਾਦੀ ਬਣ ਗਈ ਹੈ। ਜਿਹੜਾ ਇਹਦੇ ’ਤੇ ਬਿਰਾਜਮਾਨ ਹੋ ਜਾਂਦਾ ਹੈ, ਉਹ ਫਿਰ ਇਸਨੂੰ ਤਿਆਗਣਾ ਨਹੀਂ ਚਾਹੁੰਦਾ। ਇਸ ਲਈ ਹਰ ਤਰ੍ਹਾਂ ਦੇ ਜੁਗਾੜ ਵਰਤੇ ਜਾਂਦੇ ਹਨ, ਹਿੰਸਾ ਕੀਤੀ ਜਾਂਦੀ ਹੈ। ਅਦਾਲਤਾਂ ਦੇ ਦਰਵਾਜ਼ੇ ਤੱਕ ਖੜਕਾਏ ਜਾਂਦੇ ਹਨ ਕਿ ਕੁਰਸੀ ਹੇਠੋਂ ਨਿਕਲ ਨਾ ਜਾਵੇ।
ਖ਼ੈਰ! ਇਕ ਸ਼ਬਦ ਵਜੋਂ ਕੁਰਸੀ ਦੀ ਯਾਤਰਾ ਬੜੀ ਦਿਲਚਸਪ ਹੈ। ਨਿਰੁਕਤ ਕੋਸ਼ ਅਨੁਸਾਰ– ਲੱਕੜ ਦਾ ਬਣਿਆ ਬੈਠਣ ਦਾ ਆਸਣ, ਮਕਾਨ ਦੀ ਨੀਂਹ ਦੀ ਜ਼ਮੀਨ ਤੋਂ ਉਚਿਆਈ, ਪੀੜ੍ਹੀ, ਖਾਨਦਾਨ, ਕੁਰਸੀਨਾਮਾ, ਬੰਸਾਵਲੀ– ਅਰਬੀ ਕੁਰਸੀ, ਚੌਂਕੀ, ਅਸਮਾਨ ਆਦਿ। ਫਾਰਸੀ ਕੋਸ਼ ਵਿੱਚ ਵੀ ਅਜਿਹੇ ਅਰਥ ਮਿਲਦੇ ਹਨ, ਨਾਲ ਹੀ ਕੁਰਸੀਦਾਰ– ਤਖ਼ਤ ਜਾਂ ਗੱਦੀ ’ਤੇ ਬੈਠਾ ਹੋਇਆ; ਕੁਰਸੀ-ਏ-ਜ਼ਰ= ਸੂਰਜ, ਕੁਰਸੀ-ਏ-ਸ਼ਸ਼ ਗੂਨਾ=ਸੰਸਾਰ, ਜ਼ਮਾਨਾ; ਕੁਰਸੀਨਾਮਾ-ਸ਼ਜਰਾ- ਨਸਬ, ਬੰਸਾਵਲੀ; ਕੁਰਸੀ-ਨਿਸ਼ੀਨ= ਕੁਰਸੀ ਦਾ ਹੱਕਦਾਰ। ਅਰਬੀ-ਪੰਜਾਬੀ ਕੋਸ਼ ਅਨੁਸਾਰ-ਕੁਰਸੀ=ਚੌਕੀ, ਸੁਖਾਸਣ, ਅਠਵਾਂ ਅਕਾਸ਼, ਤਖ਼ਤ, ਸਿੰਘਾਸਣ, ਗੱਦੀ, ਚੇਅਰ, ਮਕਾਨ ਦੀ ਕੁਰਸੀ, ਕੁਰਸੀਨਾਮਾ= ਅਰਬੀ-ਕੁਰਸੀ+ਫਾਰਸੀ-ਨਿਸ਼ੀਨ (ਬੈਠਣ ਵਾਲਾ), ਨਿਸ਼ੀਨ ਦਾ ਮੂਲ ਹੈ ਫ਼ਾਰਸੀ ਕਿਰਿਆ- ਨਿਸ਼ਸਤਨ=ਬੈਠਣਾ। ਨਿਸ਼ਸਤਨ-ਨਿਸ਼ੀਨ ਜਿਵੇਂ ਪਰਦਾ ਨਿਸ਼ੀਨ, ਹਮ ਨਿਸ਼ੀਨ, ਸਹਰਾ ਨਿਸ਼ੀਨ, ਮਸਨਦ= ਗੱਦੀ ਨਿਸ਼ੀਨ, ਗੋਸ਼ਾ ਨਿਸ਼ੀਨ ਪਾਲਕੀ ਨਿਸ਼ੀਨ, ਖ਼ੁਸ਼ ਨਿਸ਼ੀਨ, ਬਾਲਾ ਨਿਸ਼ੀਨ ਆਦਿ। ਕੁਰਸੀਨਾਮਾ= ਅਰਬੀ-ਕੁਰਸੀ+ਫਾਰਸੀ-ਨਾਮਾ, ਖਾਨਦਾਨੀ ਸ਼ਜਰਾ, ਸਿਲਸਿਲਾ ਇਵੇਂ ਹੀ ਤਲਾਕਨਾਮਾ, ਸ਼ਰਤਨਾਮਾ, ਸ਼ਾਹਨਾਮਾ, ਰਾਜ਼ੀਨਾਮਾ ਆਦਿ।
ਮਹਾਨ ਕੋਸ਼ ਅਨੁਸਾਰ- ਕੁਰਸੀ=ਚੌਕੀ, ਮਕਾਨ ਦੀ ਨੀਂਹ, ਚੌਂਤਰਾ, ਫਲਨਿਟਹ- ‘ਹਰਿਮੰਦਰ ਕੀ ਕੁਰਸੀ ਪਈ’ (ਗੁਪ੍ਰਸੂ), ਪੀੜ੍ਹੀ, ਵੰਸ਼, ਨਸਲ। ‘ਕੁਰਸੀ ਅਪਰ ਬਕੁਰਸੀ ਤਾਂਈ। ਭੋਗਹਿਂ ਪਤਸਾਹੀ ਸੁਖ ਪਾਈ (ਨਾ ਪ੍ਰ) ਪੰਜਾਬੀ ਕੋਸ਼ਾਂ ਵਿੱਚ ਇਹਦੀ ਬਣਤਰ ’ਤੇ ਜ਼ੋਰ ਦਿੰਂਦਿਆਂ ਲਿਖਿਆ ਹੈ- ਲੱਕੜੀ, ਲੋਹੇ ਆਦਿ ਦੀ ਇਕ ਚੌਕੀ ਜਿਸ ’ਤੇ ਬੈਠੀਦਾ ਹੈ। ਇਸਦੇ ਚਾਰ ਪਾਏ, ਦੋ ਬਾਹਾਂ ਤੇ ਪਿੱਠ ਹੁੰਦੀ ਹੈ। ਕਈ ਵਾਰ ਬਾਹਾਂ ਨਹੀਂ ਵੀ ਹੁੰਦੀਆਂ। ਬੈਠਣ ਦੀ ਥਾਂ ਬੈਂਤ ਨਾਲ ਉਣੀ ਹੁੰਦੀ ਹੈ। ਵਧੀਆ ਕੁਰਸੀਆਂ ਨੂੰ ਸੀਟ ਤੇ ਗੱਦੇ ਲੱਗੇ ਹੁੰਦੇ ਹਨ। ਛੋਟਾ ਤਖਤ ਜਿਸ ’ਤੇ ਬੈਠੀਦਾ ਹੈ। ਰੱਬ ਦੇ ਰਹਿਣ ਦੀ ਜਗ੍ਹਾ, ਅੱਠਵਾਂ ਅਸਮਾਨ, ਮਕਾਨ ਜਾਂ ਇਮਾਰਤ ਦੀ ਤਹਿ ਦੀ ਜ਼ਮੀਨ ਤੋਂ ਉਚਾਈ, ਅੱਖਰਾਂ ਦੀਆਂ ਗੋਲਾਈਆਂ ਦੀ ਸਡੌਲਤਾ ਤੇ ਉਨ੍ਹਾਂ ਦਾ ਇੱਕ ਦੂਜੇ ਦੇ ਬਰਾਬਰ ਹੋਣਾ; ਪੀੜ੍ਹੀ, ਪੁਸ਼ਤ, ਖ਼ਾਨਦਾਨ; ਜਹਾਜ਼ ਦੇ ਖੰਭੇ ਉਪਰਲੀਆਂ ਉਹ ਤਿਰਛੀਆਂ/ਟੇਡੀਆਂ ਲੱਕੜੀਆਂ ਜਿਨ੍ਹਾਂ ’ਤੇ ਖੜੇ ਹੋ ਕੇ ਮਲਾਹ ਪਾਲ ਦੀਆਂ ਰੱਸੀਆਂ ਖਿਚਦੇ ਹਨ। ਕੁਰਸੀਨਾਮਾ, ਅਰਾਮ ਕੁਰਸੀ ਇਹਦੇ ਸਜਾਤੀ ਹਨ। ਇਸ ਤੋਂ ਬਣੇ ਕਈ ਮੁਹਾਵਰੇ ਵੀ ਮਿਲਦੇ ਹਨ, ਜਿਵੇਂ– ਕੁਰਸੀ ਦਾ ਰੋਹਬ-ਅਹੁਦੇ ਦਾ ਰੋਹਬ, ਦਬਦਬਾ; ਕੁਰਸੀ ਦੇਣਾ- ਇੱਜ਼ਤ ਕਰਨੀ, ਬੈਠਣ ਲਈ ਕੁਰਸੀ ਦੇਣੀ; ਕੁਰਸੀ ਨਸ਼ੀਨ ਹੋਣਾ- ਸਰਕਾਰੇ ਦਰਬਾਰੇ ਕੁਰਸੀ ਪ੍ਰਾਪਤ ਹੋਣੀ, ਕੁਰਸੀ ਨੂੰ ਸਲਾਮ- ਅਹੁਦੇ ਨੂੰ ਨਮਸਕਾਰ, ਕੁਰਸੀ ਮਿਲਣਾ- ਸਰਕਾਰੇ ਦਰਬਾਰੇ ਇੱਜ਼ਤ ਹੋਣੀ। ਅੱਜ ਕੱਲ੍ਹ ਕੁਰਸੀ ਸਿਰਫ਼ ਇੱਕ ਆਸਣ ਹੀ ਨਹੀਂ ਸਗੋਂ ਪ੍ਰਭਾਵ, ਰੁਤਬੇ ਤੇ ਰੋਹਬ ਦੀ ਪ੍ਰਤੀਕ ਹੈ।
ਕੁਰਸੀ ਮੂਲ ਰੂਪ ਵਿੱਚ ਸੈਮਟਿਕ ਭਾਸ਼ਾ ਪਰਿਵਾਰ ਦਾ ਸ਼ਬਦ ਹੈ। ਭਾਸ਼ਾ ਵਿਗਿਆਨੀ ਇਸ ਸ਼ਬਦ ਦਾ ਰਿਸ਼ਤਾ ਇਸਾਈ ਧਾਰਮਿਕ ਗ੍ਰੰਥ ਬਾਈਬਾਲ, ਇਸਲਾਮੀ ਗ੍ਰੰਥ ਕੁਰਾਨ ਵਿਚੋਂ ਲੱਭਦੇ ਹਨ। ਉਨ੍ਹਾਂ ਅਨੁਸਾਰ ਕੁਰਸੀ ਦਾ ਮੂਲ ਰੂਪ ਆਰਮੇਈਕ ਭਾਸ਼ਾ ਦੇ ਵਿਭਿੰਨ ਰੂਪਾਂ ਵਿੱਚ ਮਿਲਦਾ ਹੈ, ਜਿਨ੍ਹਾਂ ਵਿੱਚ ਬਿਬਲੀਕਲ ਆਰਮੇਈਕ ਵੀ ਸ਼ਾਮਲ ਹੈ। ਇਸ ਵਿੱਚ ‘ਖਸਿਸੲ’ ਸ਼ਬਦ ਦਾ ਵਰਣਨ ਰਾਜਸਿੰਘਾਸਣ, ਆਸਣ, ਪੀੜੇ ਦੇ ਅਰਥਾਂ ਵਿੱਚ ਮਿਲਦਾ ਹੈ। ਇਹਦੀ ਮੂਲ ਧਾਤੂ ਅਕੱਦ ਤੇ ਆਰਮੇਈਕ ਵਿੱਚ ‘ਖਸ’ ਮੰਨੀ ਗਈ ਹੈ, ਅਕੱਦ ਭਾਸ਼ਾ ਵਿੱਚ ਇਹਦਾ ਰੂਪ ‘ਖੁਸਸੁ’ ਮਿਲਦਾ ਹੈ। ਅਰਬੀ ਵਿੱਚ ਜਾ ਕੇ ਇਸ ਧਾਤੂ ਨਾਲ ‘ਰ’ ਅੱਖਰ ਜੁੜਦਾ ਹੈ ਤੇ ਮੂਲ ਧਾਤੂ ‘ਕ-ਰ-ਸ’ ਬਣ ਜਾਂਦੀ ਹੈ। ਕੁਰਸੀ ਏਸੇ ਤੋਂ ਜਨਮੀ ਹੈ। ਇਸ ਧਾਤੂ ਵਿੱਚ ਰੱਬੀ ਆਸਣ, ਬਾਦਸ਼ਾਹ ਦੇ ਸਿੰਘਾਸਣ ਵਰਗੇ ਭਾਵ ਪਏ ਹਨ- ਸੀਰੀਆਈ ਭਾਸ਼ਾ ਵਿੱਚ ਇਹ ‘ਕੁਰਸੀਆ’ ਹੈ, ਜਿਸਦਾ ਅਰਥ ਹੈ- ਆਸਣ ਜਾਂ ਧਰਮ ਪ੍ਰਮੁਖ, ਪੰਥ ਪ੍ਰਮੁਖ। ਸੁਡਾਨੀ ਵਿੱਚ ਇਹਦਾ ਅਰਥ ਖਟੋਲਾ ਹੈ। ਭਾਰਤੀ ਭਾਸ਼ਾਵਾਂ ਵਿੱਚ ਚਬੂਤਰੇ ਲਈ ਵੀ ਕੁਰਸੀ ਸ਼ਬਦ ਵਰਤਿਆ ਜਾਂਦਾ ਹੈ। ਇਹਦੇ ਲਈ ਅੰਗਰੇਜ਼ੀ ਸ਼ਬਦ ‘ਸੲਅਟ’ ਹੈ। ਇਹ ਪ੍ਰਾਚੀਨ ਭਰੋਪੀ ਭਾਸ਼ਾ ਪਰਿਵਾਰ ਦਾ ਸ਼ਬਦ ਹੈ, ਜਿਸਦੇ ਮੂਲ ਵਿੱਚ ‘ਸੲਦ’ ਧਾਤੂ ਮੰਨੀ ਗਈ ਹੈ, ਜਿਸਦਾ ਅਰਥ ਹੈ- ਆਸਣ ਜਾਂ ਸਥਿਰ ਹੋਣਾ। ਸੰਸਕ੍ਰਿਤ ਵਿੱਚ ਵੀ ‘ਸਦੑ’ ਦਾ ਅਰਥ ਹੈ– ਬੈਠਣਾ, ਆਸੀਨ ਹੋਣਾ, ਵਾਸ ਕਰਨਾ ਆਦਿ।
ਪਾਰਲੀਮੈਂਟ ਲਈ ਸੰਸਦ ਸ਼ਬਦ ਹੈ। ਇਹ ਬਣਿਆ ਹੈ, ਸਮ+ਸਦੑ=ਸੰਸਦ ਭਾਵ ਉਹ ਥਾਂ ਜਿਥੇ ਸਾਰੇ ਚੁਣੇ ਪ੍ਰਤੀਨਿਧ ਨਾਲ ਨਾਲ ਬਿਰਾਜਮਾਨ ਹੁੰਦੇ ਹਨ। ਇਸੇ ਤਰ੍ਹਾਂ ਸੰਸਕ੍ਰਿਤ ਦੀ ‘ਆਸੑ’ ਧਾਤੂ ਵਿੱਚ ਬੈਠਣ, ਲੇਟਣ, ਅਰਾਮ ਕਰਨ ਦੇ ਭਾਵ ਹਨ। ਇਸ ਤੋਂ ਬਣੇ ‘ਅਸਨਮੑ’ ਸ਼ਬਦ ਦਾ ਅਰਥ ਹੈ- ਮੂੜਾ, ਪੀੜ੍ਹਾ, ਆਸਣ ਆਦਿ। ਯੋਗ ਦੀਆਂ ਮੁਦਰਾਵਾਂ ਨੂੰ ਵੀ ਆਸਣ ਕਿਹਾ ਜਾਂਦਾ ਹੈ। ਆਸਣ ਦਾ ਅਰਥ ਹੈ- ਬੈਠਣਾ। ਆਸਣ ਵਿੱਚ ਅਹੁਦੇ ਦੀ ਮਹੱਤਤਾ ਦਾ ਭਾਵ ਵੀ ਹੈ। ਵਿਧਾਨ ਸਭਾਵਾਂ ਵਿੱਚ ਸਪੀਕਰ ਲਈ ਆਸਣ ਸ਼ਬਦ ਵਰਤਿਆ ਜਾਂਦਾ ਹੈ। ਸਿੰਘਾਸਣ ਸ਼ਬਦ ਏਸੇ ਮੂਲ ਦਾ ਹੈ। ਪ੍ਰਾਚੀਨ ਕਾਲ ਵਿੱਚ ਬਾਦਸ਼ਾਹ ਸਿੰਘਾਸਣਾਂ ’ਤੇ ਬੈਠਦੇ ਸਨ। ਸਿੰਘ ਅਥਵਾ ਸ਼ੇਰ ਸ਼ੁਰੂ ਤੋਂ ਹੀ ਵੀਰਤਾ, ਰੁਤਬੇ, ਹੌਂਸਲੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਆਸਣ ਜਮਾਉਣਾ, ਆਸਣ ਲਾਉਣਾ, ਆਸਣ/ਸਿੰਘਾਸਣ ਡੋਲਣਾ ਮੁਹਾਵਰੇ ਇਸ ਨਾਲ ਜੁੜੇ ਹੋਏ ਹਨ। ਇੰਜ ਸਪਸ਼ਟ ਹੈ ਕਿ ਕੁਰਸੀ ਦਾ ਲੰਮਾ ਚੌੜਾ ਕੁਨਬਾ ਹੈ, ਜੋ ਵਿਕਾਸ ਕਰ ਰਿਹਾ ਹੈ। ਅੱਜ ਕੱਲ੍ਹ ਵਿਧਾਨ ਸਭਾਵਾਂ ਵਿੱਚ ਕੁਰਸੀਆਂ ਚਲਾਉਣ ਦਾ ਰਿਵਾਜ ਵੀ ਵਧਦਾ ਜਾ ਰਿਹਾ ਹੈ।