‘ਕਟੜਾ’ ਦਾ ਵਿਕਾਸ-ਵਿਗਾਸ

Uncategorized

ਪਰਮਜੀਤ ਢੀਂਗਰਾ

+91-94173-58120

ਲੰਮੇ ਸਮੇਂ ਤੋਂ ਮਨੁੱਖ ਨੇ ਰਹਿਣ ਲਈ ਵਿਭਿੰਨ ਵਸੇਬਿਆਂ ਦਾ ਨਿਰਮਾਣ ਕੀਤਾ ਅਤੇ ਲੋੜ ਅਨੁਸਾਰ ਇਨ੍ਹਾਂ ਦੀ ਵਰਤੋਂ ਵਿਭਿੰਨ ਕਾਰਜਾਂ ਤੇ ਤਿਜਾਰਤੀ ਕੇਂਦਰਾਂ ਵਜੋਂ ਕੀਤੀ। ਇਨ੍ਹਾਂ ਵਿੱਚ ਇਕ ਸ਼ਬਦ ਹੈ– ਕੱਟੜਾ। ਪੰਜਾਬੀ ਕੋਸ਼ਾਂ ਅਨੁਸਾਰ  ਕਟੜਾ– ਕਟਹਿਰਾ, ਮੁਹੱਲਾ। ਮਹਾਨ ਕੋਸ਼ ਅਨੁਸਾਰ ਕਟਰਾ, ਸੰ.– ਕ੍ਰੀਤਾਲਯ, ਵਪਾਰ ਦਾ ਕੂਚਾ, ਸੌਦੇ ਦਾ ਬਜ਼ਾਰ, ਕਟੜਾ, ਕਟਹਿਰਾ, ਜੰਗਲਾ। ਨਵੇਂ ਮਹਾਨ ਕੋਸ਼ ਵਿੱਚ ਇਨ੍ਹਾਂ ਅਰਥਾਂ ਦੇ ਨਾਲ-ਨਾਲ ਮੱਝਾਂ ਦਾ ਵਾੜਾ ਅਰਥ ਵੀ ਕੀਤਾ ਗਿਆ ਹੈ। ਕ੍ਰੀਤਾਲਯ– ਕ੍ਰੀ=ਖਰੀਦਣਾ, ਮੁੱਲ ਲੈਣਾ+ਤਾਲਯ= ਮਾਰਗ, ਸੜਕ। ਵਸੇਬਿਆਂ ਦੀ ਲੜੀ ਵਿੱਚ ਕਟੜੇ ਦਾ ਸਥਾਨ ਮਹੱਤਵਪੂਰਨ ਹੈ। ਏਸੇ ਤੋਂ ਜੰਮੂ ਕਸ਼ਮੀਰ ਦੀ ਰਿਆਸਤ ਦੇ ਪ੍ਰਸਿੱਧ ਸ਼ਹਿਰ ਦਾ ਨਾਂ ਕਟੜਾ ਪਿਆ ਹੈ। ਭਾਰਤੀ ਭਾਸ਼ਾਵਾਂ ਵਿੱਚ ਇਹਦੇ ਲਈ ਕਟਰਾ ਸ਼ਬਦ ਵੀ ਪ੍ਰਚਲਿਤ ਹੈ।

ਬਹੁਤ ਸਾਰੇ ਸ਼ਹਿਰਾਂ ਵਿੱਚ ਇਸ ਤਰ੍ਹਾਂ ਦੀਆਂ ਅਬਾਦੀਆਂ ਮਿਲ ਜਾਂਦੀਆਂ ਹਨ, ਜਿਨ੍ਹਾਂ ਨਾਲ ਕਟੜਾ ਲਗਦਾ ਹੈ, ਜਿਵੇਂ ਅੰਮ੍ਰਿਤਸਰ ਵਿੱਚ ਅਨੇਕਾਂ ਕਟੜੇ ਹਨ– ਕਟੜਾ ਆਹਲੂਵਾਲੀਆ, ਕਟੜਾ ਸਫੈਦ, ਕਟੜਾ ਜੈਮਲ ਸਿੰਘ, ਕਟੜਾ ਭੰਗੀਆਂ, ਕਟੜਾ ਕਨੱਹੀਆ, ਕਟੜਾ ਪਰਜਾਪਤ, ਕਟੜਾ ਸ਼ੇਰ ਸਿੰਘ। ਇਹ ਕਟੜੇ ਸਿੱਖ ਰਾਜਿਆਂ ਨੇ ਬਣਵਾਏ ਸਨ। ਏਸੇ ਤਰ੍ਹਾਂ ਪੁਰਾਣੀ ਦਿੱਲੀ ਵਿੱਚ ਕਟੜਾ ਅਸ਼ਰਫੀ, ਕਟੜਾ ਨੀਲ, ਕਟੜਾ ਚਾਂਦਨੀ ਤੇ ਹੋਰ ਕਈ ਕਟੜੇ ਮਸ਼ਹੂਰ ਹਨ।

ਹਿੰਦੀ, ਉਰਦੂ ਦੇ ਪ੍ਰਸਿਧ ਨਾਵਲਕਾਰ ਡਾ. ਰਾਹੀ ਮਸੂਮ ਰਜ਼ਾ ਦਾ ਐਮਰਜੈਂਸੀ ’ਤੇ ਲਿਖਿਆ ਪ੍ਰਸਿਧ ਨਾਵਲ ‘ਕਟਰਾ ਬੀ ਆਰਜ਼ੂ’ ਹੈ, ਜਿਸਨੂੰ ਲੰਮੇ ਸਮੇਂ ਤੱਕ ਜਬਤ ਕੀਤਾ ਗਿਆ ਸੀ। ਕਟੜਾ/ਕਟਰਾ ਸ਼ਬਦ ਬਣਿਆ ਹੈ ਸੰਸਕ੍ਰਿਤ ਦੇ ‘ਕਰਵਟ’ ਤੋਂ, ਜਿਸਦਾ ਅਰਥ ਹੈ– ਖਰੀਦਦਾਰੀ ਕਰਨ ਦੀ ਥਾਂ, ਤਿਜਾਰਤੀ ਕੇਂਦਰ, ਮੰਡੀ ਅਥਵਾ ਛੋਟਾ ਰਿਹਾਇਸ਼ੀ ਇਲਾਕਾ। ਸੰਸਕ੍ਰਿਤ ਵਿੱਚ ‘ਕੁਟੑ’ ਵਰਗੀਆਂ ਧਾਤੂਆਂ, ਜੋ ਆਸਰੇ ਨਾਲ ਜੁੜੀਆਂ ਹੋਈਆਂ ਹਨ, ਤੋਂ ਕਈ ਸ਼ਬਦ ਬਣੇ ਹਨ, ਜਿਵੇਂ– ਕੁਟੀਰ, ਕੁਟੀਆ, ਕੋਟ, ਕੋਟਰਮ, ਕੋਟਰ ਆਦਿ। ਕੁਟੑ (ਕੁਟੀ) ਅਥਵਾ ਕੁਟੀਆ ਦਾ ਨਿਰਮਾਣ ਦਰੱਖਤਾਂ ਦੀਆਂ ਟਹਿਣੀਆਂ ਮੋੜ ਕੇ ਝੁਕੇ ਹੋਏ ਛੱਪਰ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਇਸ ਤਰ੍ਹਾਂ ਕੁਟੑ ਤੋਂ ਬਣੇ ‘ਕੁਟ’ ਸ਼ਬਦ ਵਿੱਚ ਛੱਪਰ, ਪਹਾੜ, ਗੁਫ਼ਾ ਵਰਗੇ ਅਰਥ ਸ਼ਾਮਲ ਹੋ ਗਏ। ਮੂਲ ਅਰਥ ਆਸਰਾ ਹੀ ਰਿਹਾ। ਇਹਦੇ ਨਾਲ ਜੁੜੇ ਸ਼ਬਦ ਕੁਟੀਰ, ਕੁਟੀਆ, ਕੁਟਰਮ ਪ੍ਰਚਲਿਤ ਹੋ ਗਏ। ਇਹਦਾ ਸਜਾਤੀ ਸ਼ਬਦ ਕੋਟਰ: ਕੋਟਰਜ਼ ਹੈ, ਜਿਸਦਾ ਅਰਥ ਹੈ- ਦਰਖਤ ਦੀ ਖੋੜ, ਦਰੱਖਤ ਦਾ ਖੋਖਲਾ ਹਿੱਸਾ, ਖੁੱਡਾ। ਕਿਲ੍ਹੇ ਅਥਵਾ ਦੁਰਗ ਲਈ ਕੋਟ: ਸ਼ਬਦ ਪ੍ਰਚਲਿਤ ਹੈ।

ਸੰਸਕ੍ਰਿਤ ਕੋਟ: ਕੋਟੑਟਹæ ਦਾ ਅਰਥ ਕੋਟ, ਗੜ੍ਹ, ਕਿਲ੍ਹਾ, ਦੁਰਗ ਮਹਿਲ, ਰਾਜ ਭਵਨ ਹੈ। ਏਸੇ ਤੋਂ ਕੋਟਿਪਾਲ ਅਥਵਾ ਦੁਰਗ ਰਖਿਅਕ, ਕੋਤਵਾਲ ਸ਼ਬਦ ਬਣਿਆ ਤੇ ਥਾਣੇ ਲਈ ਕੋਤਵਾਲੀ। ਪੰਜਾਬ ਵਿੱਚ ਕੋਟ ਨਾਲ ਜੁੜੇ ਕਈ ਵਸੇਬੇ ਪ੍ਰਸਿਧ ਹਨ, ਜਿਵੇਂ– ਤਾਮਕੋਟ, ਕੋਟ ਸੁਖੀਆ, ਕੋਟ ਬਾਦਲ ਖਾਨ, ਕੋਟ ਬਾੜਾ, ਕੋਟ ਧਰਮੂ, ਕੋਟ ਭਾਈ, ਕੋਟ ਭਾਰਾ, ਕੋਟ ਖਹਿਰਾ, ਕੋਟ ਸ਼ਮੀਰ, ਧੂੜਕੋਟ, ਕੋਟ ਬਾਲਾ, ਫਰੀਦਕੋਟ, ਕੋਟਕਪੂਰਾ, ਕੋਟ ਖਾਈ, ਕੋਟ ਖਾਲਸਾ, ਕੋਟ ਲੱਖਪਤ, ਕਿਲ੍ਹਾ ਕਵੀ ਸੰਤੋਖ ਸਿੰਘ, ਕਿਲ੍ਹਾ ਰਾਏਪੁਰ, ਕਿਲ੍ਹਾ ਜੀਵਨ ਸਿੰਘ ਆਦਿ। ਕਟੜਾ ਸ਼ਬਦ ਭਾਵੇਂ ਵਸੇਬੇ ਲਈ ਰੂੜ੍ਹ ਹੋ ਚੁੱਕਾ ਹੈ, ਪਰ ਕਿਸੇ ਸਮੇਂ ਇਹ ਪਹਾੜੀ ਬਸਤੀ ਲਈ ਕਰਵਟ ਦੇ ਰੂਪ ਵਿੱਚ ਪ੍ਰਚਲਿਤ ਰਿਹਾ ਹੋਵੇਗਾ।

ਪਹਾੜੀ ਦੱਰਿਆਂ ਰਾਹੀਂ ਹੀ ਦੋ ਦੇਸ਼ਾਂ ਦੀਆਂ ਸਰਹੱਦਾਂ ਤੈਅ ਹੁੰਦੀਆਂ ਸਨ। ਇਨ੍ਹਾਂ ਦੱਰਿਆਂ ਵਿੱਚ ਟੈਕਸ ਇਕੱਠਾ ਕਰਨ ਲਈ ਚੁੰਗੀਆਂ ਵੀ ਹੁੰਦੀਆਂ ਸਨ। ਵਣਜਾਰਿਆਂ ਦੇ ਕਾਫਲੇ ਏਥੇ ਮੁਕਾਮ ਕਰਦੇ ਸਨ। ਅਰਾਮ ਕਰਨ ਲਈ ਛੋਟੀਆਂ ਛੋਟੀਆਂ ਸਰਾਵਾਂ ਵੀ ਹੁੰਦੀਆਂ ਸਨ, ਜੋ ਛੋਟੇ ਛੋਟੇ ਬਾਜ਼ਾਰਾਂ ਦੇ ਰੂਪ ਵਿੱਚ ਵਿਕਸਿਤ ਹੋ ਗਈਆਂ। ਦੱਰਾ ਖ਼ੈਬਰ, ਦੱਰਾ ਪੀਰ ਪੰਜਾਲ ਉਤਰ-ਪੱਛਮ ਦੇ ਪ੍ਰਸਿਧ ਦੱਰੇ ਹਨ। ਰਾਜਸਥਾਨ ਵਿੱਚ ਦੱਰਾ ਨਾਂ ਦਾ ਇਕ ਕਸਬਾ ਵੀ ਹੈ। ਕਵੱਰਟਕ ਦਾ ਅਰਥ ਹੈ– ਪਹਾੜੀ ਢਲਾਨ। ਕਟੜਾ/ਕਟਰਾ ਦਾ ਇਕ ਰੂਪ ਕਟ੍ਹੈੜਾ ਵੀ ਹੈ। ਫਾਜ਼ਿਲਕਾ ਜ਼ਿਲ੍ਹੇ ਵਿੱਚ ਇਸ ਨਾਂ ਦਾ ਇਕ ਪਿੰਡ ਵੀ ਹੈ।

ਕਟੜੇ ਨਾਲ ਅਕਸਰ ਬਾਜ਼ਾਰ ਸ਼ਬਦ ਜੁੜਦਾ ਹੈ। ਏਸੇ ਤਰ੍ਹਾਂ ਬਸਤੀ ਸ਼ਬਦ ਦਾ ਅਰਥ ਛੋਟੀ ਆਬਾਦੀ, ਮੁਹੱਲਾ ਜਾਂ ਰਿਹਾਇਸ਼ ਹੈ। ਯੂ.ਪੀ. ਵਿੱਚ ਬਸਤੀ ਨਾਂ ਦਾ ਇਕ ਸ਼ਹਿਰ ਵੀ ਹੈ। ਅੰਮ੍ਰਿਤਸਰ ਵਿੱਚ ਢਾਬ ਬਸਤੀ ਰਾਮ ਮਸ਼ਹੂਰ ਹੈ, ਜੋ ਨਾਂ ਵਾਚਕ ਹੈ। ਸੰਸਕ੍ਰਿਤ ਵਿੱਚ ‘ਵਸੑ’ ਵਿੱਚ ਰਹਿਣ ਦਾ ਭਾਵ ਹੈ। ਵਾਸ: ਮਕਾਨ ਦੇ ਅਰਥਾਂ ਵਿੱਚ ਨਿਵਾਸ, ਆਵਾਸ, ਪ੍ਰਵਾਸ ਵਰਗੇ ਸ਼ਬਦ ਏਸੇ ਮੂਲ ਦੇ ਹਨ। ਪਹਿਰਾਵੇ ਦੇ ਅਰਥਾਂ ਵਿੱਚ ਕੱਪੜਿਆਂ ਲਈ ਵਸਤਰ ਸ਼ਬਦ ਏਸੇ ਮੂਲ ਦਾ ਹੈ। ਵਸੑ ਭਾਵ ਜਿਸ ਵਿੱਚ ਵਾਸ ਕੀਤਾ ਜਾਵੇ। ਜਿਸ ਖੋਲ ਵਿੱਚ ਕਾਇਆ ਨਿਵਾਸ ਕਰਦੀ ਹੈ, ਉਹਨੂੰ ਵਸਤਰ ਅਥਵਾ ਬਸਤਰ ਕਿਹਾ ਜਾਂਦਾ ਹੈ। ਬਿਸਤਰੇ ਦਾ ਇਕ ਭਾਵ ਵੀ ਨਿਵਾਸ ਕਰਨ ਦੇ ਅਰਥਾਂ ਵਿੱਚ ਹੈ। ਵਸੑ ਧਾਤੂ ਦਾ ਅਰਥ ਹੈ– ਢਕਣਾ, ਰਹਿਣਾ, ਡਟੇ ਰਹਿਣਾ। ਅੱਜ ਵੀ ਕਈ ਥਾਂਈਂ ਵਾਸ ਜਾਂ ਰਾਜਿਸਥਾਨ ਵਿੱਚ ਬਾਸਾ ਸ਼ਬਦ ਇਨ੍ਹਾਂ ਅਰਥਾਂ ਵਿੱਚ ਪ੍ਰਚਲਿਤ ਹੈ। ਵਸੑ ਤੋਂ ਹੀ ਵਸਤੀ ਭਾਵ ਰਹਿਣ ਦੀ ਥਾਂ ਤੇ ਫਿਰ ਬਸਤੀ ਬਣਿਆ।

ਬੰਗਲਾ ਦੇਸ਼ ਦੀ ਰਾਜਧਾਨੀ ਢਾਕਾ ਵਿੱਚ ਮੁਗਲਾਂ ਨੇ ਦੋ ਕਟੜੇ ਬਣਾਏ, ਜਿਨ੍ਹਾਂ ਵਿੱਚ ਬੋਡੋ ਕੱਟੜਾ ਤੇ ਛੋਟੋ ਕਟੜਾ ਮਸ਼ਹੂਰ ਹਨ। ਪੰਜਾਬ ਵਿੱਚ ਵਸੇਬਿਆਂ ਲਈ ਕੋਟਲਾ ਸ਼ਬਦ ਵੀ ਪ੍ਰਚਲਿਤ ਹੈ। ਬਹੁਤ ਸਾਰੇ ਕੋਟਲੇ ਪ੍ਰਸਿਧ ਹਨ– ਕੋਟਲਾ ਨਿਹੰਗ, ਕੋਟਲਾ ਮੇਹਰ ਸਿੰਘ, ਮਲੇਰ ਕੋਟਲਾ। ਏਸੇ ਤਰ੍ਹਾਂ ਕੋਟਲਾ ਡੂਮ, ਕੋਟਲਾ ਸੂਰਜ ਮੱਲ ਮਸ਼ਹੂਰ ਹਨ। ਦਿੱਲੀ ਵਿੱਚ ਫਿਰੋਜ਼ ਸ਼ਾਹ ਕੋਟਲਾ ਮੈਦਾਨ ਹੈ। ਕਈ ਵਸੇਬੇ ਕੋਟਲੀ ਨਾਂ ਨਾਲ ਵੀ ਮਸ਼ਹੂਰ ਹਨ, ਜਿਵੇਂ ਕੋਟਲੀ, ਕੋਟਲੀ ਗਾਜਰਾਂ, ਕੋਟਲੀ ਮੰਕੇਰਾ, ਕੋਟਲੀ ਸੰਘਰ, ਕੋਟਲੀ ਠੱਗਾਂ ਆਦਿ। ਇਸ ਤਰ੍ਹਾਂ ਵਸੇਬਿਆਂ ਦੀ ਇਕ ਲੜੀ ਬਣਦੀ ਹੈ, ਜੋ ਮਨੁੱਖੀ ਵਿਕਾਸ ਦੇ ਨਾਲ ਨਾਲ ਵਿਗਸਦੀ ਨਜ਼ਰ ਆਉਂਦੀ ਹੈ।

Leave a Reply

Your email address will not be published. Required fields are marked *